ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦਿਨ ਮਾਂ ਸਰਸਵਤੀ ਜਾਂ ਸ਼ਰਦ ਦੀ ਪੂਜਾ-ਅਰਚਨਾ ਕਰਨ ਦਾ ਵਿਧਾਨ ਹੈ। ਬਸੰਤ ਪੰਚਮੀ ਦਾ ਦਿਨ ਮਾਂ ਸਰਸਵਤੀ ਦੇ ਪ੍ਰਗਟ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਨ੍ਹਾਂ ਨੂੰ ਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇਹ ਦਿਨ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਲਈ ਬਹੁਤ ਖ਼ਾਸ ਹੈ। ਮਾਂ ਨੂੰ ਪੀਲਾ ਰੰਗ ਖ਼ਾਸ ਤੌਰ ’ਤੇ ਪਿਆਰਾ ਹੈ। ਪੂਜਾ ਤੋਂ ਬਾਅਦ ਮਾਂ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਅਰਪਿਤ ਕੀਤੀਆਂ ਜਾਂਦੀਆਂ ਹਨ। ਮਾਂ ਦੇ ਭਗਤ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਮਾਂ ਨੂੰ ਪੀਲੇ ਰੰਗ ਦੇ ਚੌਲਾਂ ਦਾ ਭੋਗ ਲਗਾਓ। ਪੀਲਾ ਰੰਗ ਸਾਦਗੀ ਅਤੇ ਸਾਤਵਿਕਤਾ ਦਾ ਰੰਗ ਹੈ।
ਇਸ ਮੌਸਮ ’ਚ ਠੰਡ ਘੱਟ ਹੋਣ ਲੱਗਦੀ ਹੈ। ਦਰੱਖ਼ਤਾਂ ’ਤੇ ਨਵੇਂ ਪੱਤਿਆਂ ਜਾ ਬੂਰ ਪੈਣ ਲਗਦਾ ਹੈ ਅਤੇ ਖੇਤਾਂ ’ਚ ਪੀਲੀ ਸਰ੍ਹੋਂ ਦੀ ਫ਼ਸਲ ਲਹਿਰਾਉਣ ਲੱਗਦੀ ਹੈ। ਚਾਰੇ ਪਾਸੇ ਪੀਲਾ-ਪੀਲਾ ਜਿਹਾ ਸੁਹਾਵਣਾ ਵਾਤਾਵਰਣ ਬਣਿਆ ਦਿਖਾਈ ਦਿੰਦਾ ਹੈ।ਉਪਨਿਸ਼ਦ ਦੀ ਕਥਾ ਅਨੁਸਾਰ ਸ੍ਰਿਸ਼ਟੀ ਦੇ ਮੁਢਲੇ ਕਾਲ ’ਚ ਭਗਵਾਨ ਸ਼ਿਵ ਦੀ ਆਗਿਆ ਨਾਲ ਬ੍ਰਹਮਾ ਜੀ ਨੇ ਜੀਵਾਂ ਖ਼ਾਸ ਤੌਰ ’ਤੇ ਮਨੁੱਖ ਦੀ ਰਚਨਾ ਕੀਤੀ ਪਰ ਇਸ ਸਿਰਜਣਾ ਨਾਲ ਉਹ ਸੰਤੁਸ਼ਟ ਨਹੀਂ ਸਨ।
ਉਨ੍ਹਾਂ ਨੂੰ ਲੱਗਦਾ ਸੀ ਕਿ ਕੁਝ ਘਾਟ ਰਹਿ ਗਈ ਹੈ, ਜਿਸ ਕਾਰਨ ਚਾਰੇ ਪਾਸੇ ਮੌਨ ਛਾਇਆ ਰਹਿੰਦਾ ਹੈ। ਉਦੋਂ ਬ੍ਰਹਮਾ ਜੀ ਨੇ ਇਸ ਸਮੱਸਿਆ ਦੇ ਨਿਵਾਰਣ ਲਈ ਆਪਣੇ ਕਮੰਡਲ ’ਚੋਂ ਜਲ ਹਥੇਲੀ ’ਚ ਲੈ ਕੇ ਸੰਕਲਪ ਸਰੂਪ ਉਸ ਨੂੰ ਛਿੜਕ ਕੇ ਭਗਵਾਨ ਵਿਸ਼ਣੂ ਦੀ ਸਤੁਤੀ ਸ਼ੁਰੂ ਕੀਤੀ। ਉਹ ਤਤਕਾਲ ਹੀ ਬ੍ਰਹਮਾ ਜੀ ਦੇ ਸਾਹਮਣੇ ਪ੍ਰਗਟ ਹੋ ਗਏ ਅਤੇ ਉਨ੍ਹਾਂ ਦੀ ਸਮੱਸਿਆ ਜਾਣ ਕੇ ਆਦਿ ਸ਼ਕਤੀ ਮਾਂ ਦੁਰਗਾ ਦਾ ਸੱਦਾ ਦਿੱਤਾ।
ਭਗਵਤੀ ਦੁਰਗਾ ਜੀ ਉਥੇ ਪ੍ਰਗਟ ਹੋ ਗਏ ਅਤੇ ਬ੍ਰਹਮਾ ਜੀ ਅਤੇ ਵਿਸ਼ਣੂ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਸੇ ਪਲ ਆਦਿ ਸ਼ਕਤੀ ਦੁਰਗਾ ਮਾਤਾ ਦੇ ਸਰੀਰ ’ਚੋਂ ਇਕ ਸਫੈਦ ਰੰਗ ਦਾ ਭਾਰੀ ਤੇਜ਼ ਪੈਦਾ ਹੋਇਆ, ਜੋ ਇਕ ਦਿਵਯ ਦੇਵੀ ਦੇ ਰੂਪ ’ਚ ਤਬਦੀਲ ਹੋ ਗਿਆ।
ਇਹ ਸਰੂਪ ਇਕ ਚਤੁਰਭੁਜੀ ਸੁੰਦਰ ਦੇਵੀ ਦਾ ਸੀ, ਜਿਨ੍ਹਾਂ ਦੇ ਇਕ ਹੱਥ ’ਚ ਵੀਣਾ, ਦੂਸਰੇ ਹੱਥ ’ਚ ਵਰ ਮੁਦਰਾ ਅਤੇ ਹੋਰ ਹੱਥਾਂ ’ਚ ਪੁਸਤਕ ਅਤੇ ਮਾਲਾ ਸੀ। ਉਸ ਸਰੂਪ ਨੇ ਵੀਣਾ ਦਾ ਮਧੁਰਨਾਦ ਕੀਤਾ, ਜਿਸ ਨਾਲ ਸੰਸਾਰ ਦੇ ਸਾਰੇ ਜੀਵ-ਜੰਤੂਆਂ ਨੂੰ ਵਾਣੀ ਪ੍ਰਾਪਤ ਹੋਈ ਅਤੇ ਜਲਧਾਰਾ ’ਚ ਹਲਚਲ ਪੈਦਾ ਹੋ ਗਈ। ਹਵਾ ਚੱਲਣ ਨਾਲ ਸਰਸਰਾਹਟ ਹੋਣ ਲੱਗੀ। ਉਦੋਂ ਦੇਵਤਿਆਂ ਨੇ ਸ਼ਬਦ ਅਤੇ ਰਸ ਦਾ ਸੰਚਾਰ ਕਰ ਦੇਣ ਵਾਲੀ ਉਸ ਦੇਵੀ ਨੂੰ ਵਾਣੀ ਦੀ ਪ੍ਰਧਾਨ ਦੇਵੀ ਸਰਸਵਤੀ ਕਿਹਾ। ਰਿਗਵੇਦ ਅਨੁਸਾਰ, ‘‘ਇਹ ਇਕ ਪਰਮ ਚੇਤਨਾ ਹੈ।’’ ਸਰਸਵਤੀ ਦੇ ਰੂਪ ’ਚ ਇਹ ਸਾਡੀ ਬੁੱਧੀ ਅਤੇ ਮਨੋਵਿ੍ਰਤੀਆਂ ਦੀ ਸੁਰੱਖਿਅਕ ਹੈ। ਸਾਡੇ ’ਚ ਜੋ ਆਚਾਰ-ਵਿਹਾਰ ਅਤੇ ਮੇਧਾ ਹੈ ਉਸ ਦਾ ਆਧਾਰ ਭਗਵਤੀ ਸਰਸਵਤੀ ਹੀ ਹੈ। ਉਸ ਦੀ ਖੁਸ਼ਹਾਲੀ ਅਤੇ ਸਰੂਪ ਦਾ ਵੈਭਵ ਅਨੋਖਾ ਹੈ।
ਇਹ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਨ ਵਾਲਾ ਦਿਨ ਵੀ ਹੈ। ਬਸੰਤ ਪੰਚਮੀ ਦੇ ਦਿਨ ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਨੇ ਜਿਸ ਤਰ੍ਹਾਂ ਉਸ ਦਾ ਵਧ ਕੀਤਾ ਉਹ ਵਾਕਿਆ ਹੀ ਬੜਾ ਦਿਲਚਸਪ ਅਤੇ ਹੈਰਤਅੰਗੇਜ ਹੈ। ਅਸਲ ’ਚ ਪ੍ਰਿਥਵੀਰਾਜ ਨੇ ਜੰਗ ’ਚ 16 ਵਾਰ ਮੁਹੰਮਦ ਗੌਰੀ ਨੂੰ ਹਰਾਇਆ ਅਤੇ ਹਰ ਵਾਰ ਉਦਾਰਤ ਦਿਖਾਉਂਦੇ ਹੋਏ ਉਸ ਨੂੰ ਮੁਆਫ਼ ਕਰ ਦਿੱਤਾ ਪਰ 17ਵੀਂ ਵਾਰ ਹੋਏ ਜੰਗ ’ਚ ਗੌਰੀ ਨੇ ਪ੍ਰਿਥਵੀਰਾਜ ਨੂੰ ਬੰਦੀ ਬਣਾ ਲਿਆ ਅਤੇ ਆਪਣੇ ਨਾਲ ਅਫਗਾਨਿਸਤਾਨ ਲੈ ਗਿਆ।
ਉਥੇ ਉਸ ਨੇ ਪ੍ਰਿਥਵੀਰਾਜ ਚੌਹਾਨ ਦੀਆਂ ਅੱਖਾਂ ਕੱਢ ਦਿੱਤੀਆਂ ਪਰ ਉਸ ਨੂੰ ਮਾਰਨ ਤੋਂ ਪਹਿਲਾਂ ਉਹ ਸ਼ਬਦ ਭੇਦੀ ਬਾਣ ਚਲਾਉਣ ਦੀ ਉਸ ਦੀ ਕਲਾ ਦੇ ਕਮਾਲ ਨੂੰ ਦੇਖਣਾ ਚਾਹੁੰਦਾ ਸੀ। ਅਜਿਹੇ ’ਚ ਪ੍ਰਿਥਵੀਰਾਜ ਦੇ ਗੂੜ੍ਹੇ ਮਿੱਤਰ ਅਤੇ ਕਵੀ ਚੰਦਬਰਦਾਈ ਨੇ ਕਵਿਤਾ ਦੇ ਮਾਧਿਅਮ ਨਾਲ ਇਕ ਗੁਪਤ ਸੰਦੇਸ਼ ਦਿੰਦੇ ਹੋਏ ਕਿਹਾ :
ਚਾਰ ਬਾਂਸ 24 ਗਜ, ਅੰਗੁਲ ਅਸ਼ਟ ਪ੍ਰਮਾਣ,
ਤਾ ਉੱਪਰ ਸੁਲਤਾਨ ਹੈ, ਮਤ ਚੂਕੋ ਚੌਹਾਨ।
ਪ੍ਰਿਥਵੀਰਾਜ ਨੇ ਜਦੋਂ ਹਿਸਾਬ ਲਗਾ ਕੇ ਨਿਸ਼ਾਨਾ ਲਗਾਇਆ ਤਾਂ ਤੀਰ ਸਿੱਧਾ ਗੌਰੀ ਦੇ ਸੀਨੇ ’ਚ ਜਾ ਕੇ ਲੱਗਾ। ਇਸ ਤੋਂ ਬਾਅਦ ਪ੍ਰਿਥਵੀਰਾਜ ਅਤੇ ਚੰਦਰਬਾਈ ਦੋਵਾਂ ਨੇ ਇਕ-ਦੂਸਰੇ ਨੂੰ ਛੁਰਾ ਮਾਰ ਕੇ ਆਤਮ ਬਲਿਦਾਨ ਦੇ ਦਿੱਤਾ। ਬਸੰਤ ਪੰਚਮੀ ਵਾਲੇ ਦਿਨ ਭਾਰਤੀ ਆਜ਼ਾਦੀ ਸੰਗ੍ਰਾਮ ਅਲਖ ਸਭ ਤੋਂ ਪਹਿਲਾਂ ਜਗਾਉਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਗਊ ਹੱਤਿਆ ਅਤੇ ਅੰਗਰੇਜ਼ਾਂ ਦੇ ਸ਼ਾਸਨ ਦੇ ਵਿਰੁੱਧ ਆਵਾਜ਼ ਉਠਾਈ ਸੀ। ਇਸੇ ਦਿਨ ਧਰਮ ਦੀ ਵੇਦੀ ’ਤੇ ਕੁਰਬਾਨ ਹੋਣ ਵਾਲੇ ਵੀਰ ਹਕੀਕਤ ਰਾਏ ਦਾ ਬਲੀਦਾਨ ਦਿਵਸ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਵਿਦੇਸ਼ੀ ਹਮਲਾਵਰਾਂ ਦੀ ਮਾਰ ਹੇਠ ਆਈ ਭਾਰਤ ਦੀ ਧਰਤੀ ਹਜ਼ਾਰਾਂ ਸਾਲਾਂ ਤੱਕ ਨਿਰਭਰ ਰਹੀ। ਅਮਰ ਸ਼ਹੀਦ ਵੀਰ ਬਲੀਦਾਨੀ ਬਾਲ ਹਕੀਕਤ ਦਾ ਇਤਿਹਾਸ ਬਸੰਤ ਪੰਚਮੀ ਨਾਲ ਜੁੜਿਆ ਹੈ। ਬਸੰਤ ਪੰਚਮੀ ਦੇ ਦਿਨ ਹੀ 23 ਫਰਵਰੀ 1734 ਨੂੰ ਇਕ ਛੋਟੇ ਜਿਹੇ ਬਾਲਕ ਵੀਰ ਹਕੀਕਤ ਰਾਏ ਨੂੰ ਇਸਲਾਮ ਸਵੀਕਾਰ ਨਾ ਕਰਨ ਦੇ ਕਾਰਨ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ। ਵੈਦਿਕ ਹਿੰਦੂ ਸਨਾਤਨ ਧਰਮ ਦੀ ਰੱਖਿਆ ਲਈ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਵੀਰ ਹਕੀਕਤ ਅਮਰ ਹੋ ਗਏ।
ਕ੍ਰਿਸ਼ਣਪਾਲ ਛਾਬੜਾ, ਗੁਰਾਇਆ
ਖੇਡ ਲੇਖਕ ਨਵਦੀਪ ਗਿੱਲ ਦੀ ਕਿਤਾਬ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼
NEXT STORY