ਇਕ ਦਿਨ ਸਵੇਰੇ ਸਾਜ੍ਹਰੇ ਸਾਡੇ ਘਰ ਮੂਹਰੇ ਬੁਲੇਟ ਮੋਟਰਸਾਈਕਲ ਦੇ ਰੁਕਣ ਦੀ ਆਵਾਜ਼ ਆਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਦਾ ਹਾਂ ਕਿ ਮੇਰਾ ਬਚਪਨ ਦਾ ਮਿੱਤਰ ਸਵਰਨ ਖੜ੍ਹਾ ਸੀ। ਦਸ ਜਮਾਤਾਂ ਪੜ੍ਹਨ ਤੋਂ ਬਾਅਦ ਉਹ ਕਿਸੇ ਬਾਹਰਲੇ ਮੁਲਕ ਚਲਾ ਗਿਆ ਸੀ। ਆਪਣੇ ਮਿੱਤਰ ਨੂੰ ਇੰਨੇ ਚਿਰਾਂ ਬਾਅਦ ਵੀ ਮੈਂ ਝੱਟ ਪਛਾਣ ਲਿਆ ਤੇ ਭੱਜ ਕੇ ਉਸ ਗਲਵੱਕੜੀ ਵਿਚ ਲੈ ਲਿਆ। ਉਸ ਨੂੰ ਅੰਦਰ ਬਿਠਾ ਕੇ ਉਸ ਨਾਲ ਗੱਲਾਂ ਬਾਤਾਂ ਤੇ ਬਚਪਨ ਦੀਆ ਯਾਦਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਇਕ ਦੂਜੇ ਦੇ ਫੋਨ ਨੰਬਰ ਸਾਂਝੇ ਕੀਤੇ। ਜਦ ਨੂੰ ਮੇਰੀ ਪਤਨੀ ਚਾਹ ਬਣਾ ਲਿਆਈ ਤੇ ਖਾਣ ਦੀਆਂ ਵਸਤਾਂ ਮੇਜ਼ ’ਤੇ ਟਿਕਾਉਣ ਲੱਗ ਪਈ। ਮੈਂ ਉਨ੍ਹਾਂ ਦੀ ਆਪਸ ਵਿਚ ਜਾਣ-ਪਛਾਣ ਕਰਵਾਈ। ਸਵਰਨ ਬਚਪਨ ਵਿਚ ਆਪਣੇ ਪਿੰਡੋਂ ਮੇਰੇ ਪਿੰਡ ਦੇ ਸਕੂਲ ਵਿਚ ਪੜ੍ਹਨ ਵਾਸਤੇ ਪੈਦਲ ਤੁਰ ਕੇ ਆਇਆ ਕਰਦਾ ਸੀ। ਅੱਜ ਉਸ ਦੇ ਕੋਲ ਨਵਾਂ-ਨਕੋਰ ਬੁਲੇਟ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ।
ਇਹ ਵੀ ਪੜ੍ਹੋ : ਕਹਾਣੀਨਾਮਾ 30 : ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ
‘ਕਿਵੇਂ ਐਂ ਫਿਰ ਜ਼ਿੰਦਗੀ?’’ ਮੇਰੇ ਪੁੱਛਣ ’ਤੇ ਉਸ ਨੇ ਆਖਿਆ, ‘‘ਬਹੁਤ ਵਧੀਆ! ਹੁਣੇ ਕੋਠੀ ਪਾ ਕੇ ਹਟਿਆਂ ਪਿੰਡ...ਕਨਾਲ਼ ਥਾਂ ’ਚ...ਆਈਂ ਕਦੇ!’’ ਕਹਿੰਦਿਆਂ ਉਸ ਨੇ ਚਾਹ ਦਾ ਘੁੱਟ ਭਰਿਆ ਤੇ ਉਸ ਦੀ ਨਜ਼ਰ ਉਪਰ ਸਾਡੇ ਘਰ ਦੀਆਂ ਛੱਤਾਂ ਵੱਲ ਚਲੀ ਗਈ ਤੇ ਉਹ ਕਹਿਣ ਲੱਗਾ, ‘‘ਅੱਛਾਂ! ਤੁਸੀਂ ਹਾਲੇ ਬਾਲਿਆਂ ਵਾਲੀ ਛੱਤ ਈ ਰੱਖੀ ਆ...ਚਲੋ ਕੋਈ ਗੱਲ ਨੀ!’’ ਉਸ ਨੇ ਇਹ ਗੱਲ ਇਉਂ ਆਖੀ ਜਿਵੇਂ ਅਸੀਂ ਬਹੁਤ ਪੱਛੜੇ ਹੋਏ ਹੋਈਏ ਤੇ ਉਹ ਬਹੁਤ ਤਰੱਕੀ ਕਰ ਗਿਆ ਹੋਵੇ। ਉਸ ਦੀ ਗੱਲ ਸੁਣ ਕੇ ਮੈਂ ਉੱਤਰ ਦਿੱਤਾ, ‘‘ਦੇਖ ਭਰਾ! ਸੁੱਖ ਪਿਆਰ ਚਾਹੀਦਾ ਭਾਵੇਂ ਕੱਖਾਂ ਦੀ ਕੁੱਲੀ ਕਿਉਂ ਨਾ ਹੋਵੇ!’’ ‘‘ਇਹ ਤਾਂ ਤੇਰੀ ਗੱਲ ਠੀਕ ਆ ਮਾਹਟਰ!’’ ਉਸ ਨੇ ਛਿੱਥਾ ਜਿਹਾ ਪੈ ਕੇ ਉੱਤਰ ਦਿੱਤਾ।
‘‘ਕਦੋਂ ਆਇਆਂ ਫਿਰ?’’ ਮੇਰੇ ਪੁੱਛਣ ’ਤੇ ਉਸ ਨੇ ਦੱਸਿਆ, ‘‘ਮਨੂੰ ਤਾਂ ਤਿੰਨ ਚਾਰ ਮਹੀਨੇ ਹੋ ਗਏ ਆਏ ਨੂੰ... ਅੱਜ ਫੇ ਮੈਂ ਸੋਚਿਆ ਭਰਾ ਨੂੰ ਮਿਲ ਕੇ ਆਉਨੇ ਆਂ...ਆ ਉੱਠ ਬਾਹਰ ਜ਼ਰਾ ਕੁ ਮੇਰੀ ਗੱਲ ਸੁਣੀਂ!’’ ਉਹ ਮੈਨੂੰ ਬਾਹਰ ਗਲੀ ਵਿਚ ਲੈ ਗਿਆ, ਜਿਵੇਂ ਕੋਈ ਰਾਜ਼ ਦੀ ਗੱਲ ਕਰਨੀ ਹੋਵੇ। ਬਾਹਰ ਜਾ ਕੇ ਉਹ ਕਹਿਣ ਲੱਗਾ,‘‘ਮੈਂ ਭਰਾ ਤਾਈਂ ਕੰਮ ਆਇਆ ਸੀ...ਪੈਹੇ ਕੋਠੀ ’ਤੇ ਬਹੁਤੇ ਲੱਗ ਗੇ...ਤੇ ਬੁਲੇਟ ਦੀ ਕਿਸ਼ਤ ਟੁੱਟੀ ਆ...ਰੁਪਈਆ ਦਸ ਕੁ ਹਜ਼ਾਰ ਕਰ ਦੇ...ਮਹੀਨੇ ਤੱਕ ਮੋੜ ਦੂੰ...ਮੇਰੇ ਪੈਹੇ ਕਿਤੋਂ ਆਉਣ ਆਲ਼ੇ ਆ!’’
ਉੁਸ ਦੀ ਗੱਲ ਸੁਣ ਕੇ ਇਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਸੰਭਲਦਿਆਂ ਮੈਂ ਉਸ ਨੂੰ ਆਖਿਆ, ‘‘ਦਸ ਤਾਂ ਨਈਂ ਦੇਖਦਾਂ ਘਰ ਕਿੰਨੇ ਪਏ ਆ!’’ ਮੈਂ ਅੰਦਰ ਆ ਕੇ ਦੇਖਿਆ ਤਾਂ ਛੇ ਹਜ਼ਾਰ ਰੁਪਈਆ ਮੇਰੀ ਜੇਬ ਵਿਚ ਸੀ, ਜਿਸ ਵਿਚੋਂ ਪੰਜ ਹਜ਼ਾਰ ਮੈਂ ਉਸ ਨੂੰ ਜਾ ਫੜਾਇਆ ਤੇ ‘‘ਇੰਨੇ ਕੁ ਈ ਨੇ!’’ ਕਹਿੰਦਿਆਂ ਆਪਣੀ ਬੇਵਸੀ ਜ਼ਾਹਿਰ ਕੀਤੀ। ਉਸ ਨੇ ਵੀ ‘‘ਚਲੋ! ਠੀਕ ਆ!’’ ਕਹਿੰਦਿਆਂ ਢਿੱਲਾ ਜਿਹਾ ਮੂੰਹ ਕੀਤਾ ਤੇ ਪੈਸੇ ਫੜ ਕੇ ਜੇਬ ਵਿਚ ਪਾ ਲਏ ਤੇ ਬੁਲੇਟ ਦੀ ਰੇਸ ਮਰੋੜਦਾ ਔਹ ਗਿਆ ਔਹ ਗਿਆ ਪਰ ਅੱਜ ਇਕ ਸਾਲ ਬੀਤਣ ਬਾਅਦ ਵੀ ਮੇਰਾ ਕੋਠੀ ਵਾਲਾ ਮਿੱਤਰ ਸਾਡੀ ਬਾਲਿਆਂ ਵਾਲੀ ਛੱਤ ਹੇਠ ਨਾ ਬਹੁੜਿਆ ਤੇ ਨਾ ਹੀ ਉਸ ਨੇ ਮੁੜ ਕਦੀ ਫੋਨ ਚੁੱਕਿਆ।
ਡਾ. ਰਾਮ ਮੂਰਤੀ
ਸਰਕਾਰੀ ਸਕੂਲਾਂ ਦੇ ਅਧਿਆਪਕ ਆਖ਼ਰ ਕਿਉਂ ਨਹੀਂ ਪੜ੍ਹਾਉਂਦੇ ਆਪਣੇ ਬੱਚੇ ਸਰਕਾਰੀ ਸਕੂਲ ’ਚ ?
NEXT STORY