ਕਦੇ ਤੱਕੀਂ ਤਾਂ ਸਈ
ਪਹਿਲੀ ਮਿਲਣ ਵਾਲੀ
ਥਾਂ ਤੇ ਲਟਕਦੀਆਂ
ਇਕਮਿੱਕ ਹੋਈਆਂ ਅੱਖਾਂ ਦੀਆਂ ਲੜਾਈਆਂ
ਉਹ ਗਲਵਕੜੀ 'ਚ ਜਕੜੇ
ਘੁੱਟੇ ਮਲੂਕ ਜਿਹੇ ਸਾਹਾਂ ਦੀਆਂ ਅਠਖੇਲੀਆਂ
ਹਿੱਕਾਂ 'ਚ ਨਾਲ ਲੱਗੀਆਂ
ਤੜਫਦੀਆਂ ਅਰਸ਼ ਛੂਹਦੀਆਂ ਚਾਹਤਾਂ
ਬੁੱਲਾਂ 'ਤੇ ਸੁੱਕੇ ਰਹਿ ਗਏ ਨਗਮੇ
ਜੇਬਾਂ 'ਚ ਖੁਸ਼ੀ ਨਾਲ ਭਿੱਜੇ ਰਹਿ ਗਏ ਰੁਮਾਲ
ਸੀਨੇ 'ਚ ਇਕ-ਦੂਜੇ ਨੂੰ
ਖੜ੍ਹੇ-ਖੜ੍ਹੇ ਉਡੀਕ ਜਾਣ ਵਾਲੀਆਂ ਰੀਝਾਂ
ਟਾਈ 'ਚ ਲਿਪਟੀ ਰਹਿ ਗਈ ਚੁੰਨੀ ਦੀ ਇਲਤ
ਤੇਰੀ ਹਿੱਕ 'ਤੇ ਖੇਡਦੇ
ਕੋਟ ਦੇ ਮਸਤ ਬਟਨਾਂ ਦੇ ਹਾਉਕੇ
ਮੇਰੇ ਹੱਥਾਂ 'ਚ ਰਹਿ ਗਈਆਂ
ਮਹਿੰਦੀ ਰੰਗੀਆਂ ਹਥੇਲੀਆਂ ਦੀ
ਤਰੰਗਿਤ ਤੇ ਕੰਪਨ
ਸਾਹਾਂ 'ਚ ਪਰਬਤਾਂ ਵਰਗੇ ਵਾਇਦੇ
ਪਲਕਾਂ 'ਚ
ਤੈਨੂੰ ਸਦੀਆਂ ਤੀਕ ਤੱਕਣ ਦੀ ਤਮੰਨਾ
ਨਰਮ ਬੱਗੀਆਂ ਵੀਣੀਆਂ 'ਤੇ
ਵੰਗਾਂ ਦੇ ਰੰਗ-ਬਿਰੰਗੇ ਗੀਤ
ਮਹਿਕਾਂ ਤੇਰੇ ਸਾਹਾਂ ਦੀਆਂ
ਓਹਲੇ ਤੇਰੇ ਦੁਪੱਟੇ ਦੇ
ਸੇਜ ਹਰੀ ਧਰਤ ਦੀ
ਸੁਪਨਾ ਤੇਰੇ ਨਕਸ਼ਾਂ ਦਾ
ਪਿਆਸ ਤੇਰੀ ਰੂਹ ਦੀ
ਵਸਲ ਤੇਰੀ ਉਮਰ ਦਾ
ਸਦੀਆਂ ਨੂੰ ਲੱਗੀ ਅੱਗ ਦੀ ਹੋਣੀ
ਸਰਵਰਾਂ 'ਚ ਨਾਹਤੀ ਕਾਇਆ ਦੀ ਪਵਿੱਤਰਤਾ
ਸੁੱਚੇ ਅੰਗਾਂ ਦੀ ਅਗਨ
ਤਰਲਾ ਤੇਰੀ ਇਕ ਝਲਕ ਦਾ
ਗਮ ਤੇਰੇ ਵਿਯੋਗ ਦੇ ਅੱਥਰੂਆਂ ਦਾ
ਮਿਹਣਾ ਤੇਰੀ ਡੁੱਲ੍ਹਦੀ ਜਾਂਦੀ ਜੁਆਨੀ ਦਾ
ਅਮਰਜੀਤ ਟਾਂਡਾ
ਜ਼ਿੰਦਗੀ ਹਰ ਨਵੇਂ ਵਰ੍ਹੇ
NEXT STORY