ਕੰਨਿਆਕੁਮਾਰੀ ਭਾਰਤ ਦਾ ਆਖਰੀ ਦੱਖਣੀ ਜ਼ਮੀਨੀ ਸਿਰਾ ਹੈ ਅਤੇ ਇਹ ਸਥਾਨ ਤਾਮਿਲਨਾਡੂ ਰਾਜ ਵਿਚ ਹੈ। ਇਸ ਤੋਂ ਅੱਗੇ ਸਮੁੰਦਰ ਹੈ। ਆਜ਼ਾਦੀ ਤੋਂ ਪਹਿਲਾਂ ਇਹ ਸਥਾਨ ਕੇਪ-ਕੋਮੋਰਿਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਸਥਾਨ ਦਾ ਨਾਮ ਕੰਨਿਆਕੁਮਾਰੀ ਪੈਣ ਪਿੱਛੇ ਇੱਕ ਕਥਾ ਪ੍ਰਚਲਿਤ ਹੈ ਕਿ ਭਗਵਾਨ ਸ਼ਿਵ ਨੇ ਬਾਨਾਸੁਰ ਨਾਮਕ ਅਸੁਰ ਨੂੰ ਵਰਦਾਨ ਦਿੱਤਾ ਸੀ ਕਿ ਕੁਆਰੀ ਕੰਨਿਆਂ ਤੋਂ ਬਿਨਾਂ ਕੋਈ ਵੀ ਉਸ ਨੂੰ ਮਾਰ ਨਹੀ ਸਕਦਾ। ਪ੍ਰਾਚੀਨ ਕਾਲ ਵਿਚ ਭਾਰਤ ਦੇ ਰਾਜਾ ਭਰਤ ਦੀਆਂ ਅੱਠ ਪੁੱਤਰੀਆਂ ਅਤੇ ਇੱਕ ਪੁੱਤਰ ਸੀ। ਉਸ ਨੇ ਆਪਣਾ ਸਾਰਾ ਰਾਜ 9 ਹਿੱਸਿਆਂ ਵਿਚ ਆਪਣੀਆਂ ਸੰਤਾਨਾਂ ਵਿਚ ਵੰਡ ਦਿੱਤਾ। ਦੱਖਣ ਦਾ ਹਿੱਸਾ ਉਸ ਦੀ ਪੁੱਤਰੀ ਕੁਮਾਰੀ ਦੇ ਹਿੱਸੇ ਆਇਆ। ਕੁਮਾਰੀ ਨੇ ਇਸ ਹਿੱਸੇ ਤੇ ਰਾਜ ਵੀ ਕੀਤਾ। ਕੁਮਾਰੀ ਨੇ ਭਗਵਾਨ ਸ਼ਿਵ ਨਾਲ ਵਿਆਹ ਦੀ ਇੱਛਾ ਲੈ ਕੇ ਉਹਨਾਂ ਦੀ ਅਰਾਧਨਾ ਕੀਤੀ। ਭਗਵਾਨ ਸ਼ਿਵ ਇਸ ਵਿਆਹ ਲਈ ਰਾਜੀ ਹੋ ਗਏ ਅਤੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਪਰੰਤੂ ਨਾਰਦ ਮੁਨਿ ਚਾਹੁੰਦੇ ਸਨ ਕਿ ਬਾਨਾਸੁਰ ਦੀ ਮੌਤ ਦੇਵੀ ਕੁਮਾਰੀ ਦੇ ਹੱਥੋਂ ਹੋਵੇ ਜਿਸ ਕਰਕੇ ਭਗਵਾਨ ਸ਼ਿਵ ਅਤੇ ਦੇਵੀ ਕੁਮਾਰੀ ਦਾ ਵਿਆਹ ਨਹੀਂ ਹੋ ਸਕਿਆ। ਇਸੇ ਦੌਰਾਨ ਜਦੋਂ ਬਾਨਾਸੁਰ ਨੂੰ ਦੇਵੀ ਕੁਮਾਰੀ ਦੀ ਸੁੰਦਰਤਾ ਵਾਰੇ ਪਤਾ ਲਗਿਆ ਤਾਂ ਉਸ ਨੇ ਦੇਵੀ ਕੁਮਾਰੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਦੇਵੀ ਕੁਮਾਰੀ ਨੇ ਸ਼ਰਤ ਰੱਖੀ ਕਿ ਜੇਕਰ ਉਹ ਉਸ ਨੂੰ ਯੁੱਧ ਵਿਚ ਹਰਾ ਦੇਵੇਗਾ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗੀ। ਦੋਹਾਂ ਵਿਚਕਾਰ ਯੁੱਧ ਹੋਇਆ ਅਤੇ ਬਾਨਾਸੁਰ ਦੇਵੀ ਕੁਮਾਰੀ ਹੱਥੋਂ ਮਾਰਿਆ ਗਿਆ। ਦੇਵੀ ਕੁਮਾਰੀ ਦੀ ਯਾਦ ਵਿਚ ਹੀ ਇਸ ਸਥਾਨ ਦਾ ਨਾਮ ਕੰਨਿਆਕੁਮਾਰੀ ਪਿਆ। ਇਸ ਸਥਾਨ ਤੇ ਦੇਵੀ ਕੁਮਾਰੀ ਦੀ ਯਾਦ ਵਿਚ ਮੰਦਰ ਵੀ ਹੈ ਜੋ ਕੰਨਿਆਕੁਮਾਰੀ ਅੰਮਾ ਮੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਲੋਕ ਬਹੁਤ ਸ਼ਰਧਾ ਨਾਲ ਇੱਥੇ ਜਾਂਦੇ ਹਨ। ਮੰਦਰ ਜਾਣ ਤੋਂ ਪਹਿਲਾਂ ਤ੍ਰਿਵੇਣੀ ਵਿਚ ਇਸਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਮੰਦਰ ਦੇ ਪੂਰਵੀ ਦਰਵਾਜ਼ੇ ਨੂੰ ਹਮੇਸ਼ਾਂ ਬੰਦ ਰੱਖਿਆ ਜਾਂਦਾ ਹੈ ਕਿਉਂਕਿ ਦੇਵੀ ਦੀ ਮੂਰਤੀ ਤੇ ਸਜਾਏ ਗਹਿਣਿਆਂ ਨੂੰ ਦੀ ਚਮਕ ਨੂੰ ਸਮੁੰਦਰੀ ਜ਼ਹਾਜ ਦੇ ਚਾਲਕ ਲਾਈਟਹਾਊਸ ਸਮਝਣ ਦੀ ਭੁੱਲ ਕਰਕੇ ਜ਼ਹਾਜ ਨੂੰ ਕਿਨਾਰੇ ਲਗਾਉਣ ਦੇ ਚੱਕਰ ਵਿਚ ਦੁਰਘਟਨਾਂ ਕਰ ਬੈਠਦੇ ਹਨ।
ਇਹ ਸਥਾਨ ਸੂਰਜ ਚੜ੍ਹਣ ਅਤੇ ਸੂਰਜ ਛਿਪਣ ਦਾ ਦ੍ਰਿਸ਼ ਵੇਖਣ ਲਈ ਬਹੁਤ ਹੀ ਵਧੀਆ ਸਥਾਨ ਹੈ। ਤੁਸੀਂ ਇਕ ਹੀ ਸਥਾਨ ਤੇਂ ਖੜ੍ਹੇ ਹੋ ਕੇ ਸਵੇਰੇ ਸੂਰਜ ਚੜ੍ਹਣ ਅਤੇ ਸ਼ਾਮ ਨੂੰ ਉਸੇ ਹੀ ਸਥਾਨ ਤੇ ਮਾਮੂਲੀ ਜਿਹੀ ਗਰਦਨ ਘੁਮਾ ਕੇ ਸੂਰਜ ਛਿਪਣ ਦਾ ਮਨਮੋਹਕ ਨਜ਼ਾਰਾ ਵੀ ਵੇਖ ਸਕਦੇ ਹੈ। ਇਸ ਤੋਂ ਇਲਾਵਾ ਵਿਵੇਕਾਨੰਦ ਰੌਕ ਮਮੋਰਿਅਲ,ਥਿਰੂਵੇਲੂਵਰ ਸਟੈਚਿਊੁ, ਮਹਾਤਮਾ ਗਾਂਧੀ ਮਮੋਰਿਅਲ, ਕੰਨਿਆਕੁਮਾਰੀ ਅੰਮਾ ਮੰਦਰ,ਤ੍ਰਿਵੇਣੀ ਸੰਗਮ ਵੇਖਣਯੋਗ ਸਥਾਨ ਹਨ। ਕੰਨਿਆਕੁਮਾਰੀ ਜਾਣ ਦਾ ਸਭ ਤੋਂ ਵਧੀਆ ਸਮਾਂ ਨਵੰਬਰ ਤੋਂ ਮਾਰਚ ਹੈ।
ਸੂਰਜ ਚੜਣ ਦਾ ਨਜ਼ਾਰਾ-ਅਸੀਂ ਰਾਤ ਨੂੰ ਕਰੀਬ 11 ਵਜੇ ਕੰਨਿਆਕੁਮਾਰੀ ਪਹੁੰਚੇ। ਮੇਰੇ ਤਾਮਿਲਨਾਡੂ ਤੋਂ ਮਿੱਤਰ ਜਿਆ ਸੀਲਨ ਨੇ ਪਹਿਲਾਂ ਹੀ ਸਾਡੇ ਲਈ ਹੋਟਲ ਵਿਚ ਕਮਰਾ ਬੁੱਕ ਕਰਵਾਇਆ ਹੋਇਆ ਸੀ ਇਸ ਕਰਕੇ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਅਸੀਂ ਸਿੱਧੇ ਹੋਟਲ ਸਾਗਰ ਪਹੁੰਚ ਗਏ ਅਤੇ ਹੋਟਲ ਵਾਲਿਆਂ ਨੇ ਵੀ ਸਾਨੂੰ ਪਹੁੰਚਦੇ ਹੀ ਕਮਰੇ ਦੀ ਚਾਬੀ ਥਮਾ ਦਿੱਤੀ। ਹੋਟਲ ਦਾ ਰੂਮ ਅਟੈਂਡੈਂਟ ਯੂ.ਪੀ. ਦਾ ਲੜਕਾ ਸੀ । ਉੱਤਰੀ ਭਾਰਤ ਤੋਂ ਆਏ ਲੋਕਾਂ ਨੂੰ ਵੇਖ ਕੇ ਉਸ ਦੇ ਚਿਹਰੇ ਦੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦਾ। ਸਾਨੂੰ ਵੀ ਕਿੰਨੇ ਦਿਨਾਂ ਬਾਅਦ ਕੋਈ ਉਹ ਭਾਸ਼ਾਂ ਬੋਲਣ ਵਾਲਾ ਮਿਲਿਆ ਜਿਸ ਨੂੰ ਅਸੀਂ ਵੀ ਚੰਗੀ ਤਰਾਂ ਸਮਝ ਸਕਦੇ ਸੀ,ਇਸ ਲਈ ਸਾਨੂੰ ਵੀ ਉਸ ਨੂੰ ਮਿਲ ਕੇ ਖੁਸ਼ੀ ਮਹਿਸੂਸ ਹੋਈ। ਉਸ ਲੜਕੇ ਨੇ ਸਾਨੂੰ ਦੱਸ ਦਿੱਤਾ ਕਿ ਜੇਕਰ ਸੂਰਜ ਚੜ੍ਹਣ ਦਾ ਵਧੀਆਂ ਨਜ਼ਾਰਾ ਵੇਖਣਾ ਹੈ ਤਾਂ ਸਵੇਰੇ 5.30 ਤਕ ਉੱਠ ਜਾਣਾ। ਅਸੀਂ ਤਾਂ 5.30 ਵਜੇ ਤੋਂ ਵੀ ਪਹਿਲਾਂ ਉੱਠ ਕੇ ਤਿਆਰ ਹੋ ਗਏ,ਉਹ ਲੜਕਾ ਸਾਨੂੰ ਉਸ ਸਥਾਨ ਤੇ ਲੈ ਗਿਆ ਜਿੱਥੋਂ ਸੂਰਜ ਚੜ੍ਹਣ ਦਾ ਸਭ ਤੋਂ ਵਧੀਆ ਨਜ਼ਾਰਾ ਦਿੱਖਦਾ ਹੈ ਸਾਨੂੰ ਉੱਥੇ ਬਿਠਾ ਕੇ ਉਹ ਤਾਂ ਵਾਪਿਸ ਆ ਗਿਆ ਅਸੀਂ ਬੜੀ ਬੇਸਬਰੀ ਨਾਲ ਉਸ ਦਿਸ਼ਾਂ ਵੱਲ ਅੱਖਾਂ ਟਿਕਾਈ ਬੈਠੇ ਸੀ ਜਿਧਰੋਂ ਸੂਰਜ ਨੇ ਨਿਕਲਣਾ ਸੀ। ਹੋਲੀ-ਹੋਲੀ ਉਸ ਸਥਾਨ ਤੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਈ ਲੋਕੀਂ ਤਾਂ ਉਸ ਸਥਾਨ ਤੇ ਬੈਠ ਕੇ ਪੂਜਾ ਵੀ ਕਰ ਰਹੇ ਸਨ। ਜਿਵੇਂ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਲਾਲੀ ਸ਼ੁਰੂ ਹੋਈ ਤਾਂ ਸਾਡੀ ਉਤਸੁਕਤਾ ਹੋਰ ਵੱਧਣ ਲਗ ਗਈ,ਫਿਰ ਕੁੱਝ ਮਿੰਟਾਂ ਵਿਚ ਹੀ ਸੂਰਜ ਇੱਕ ਲਾਲ ਗੇਂਦ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਪਿੱਛੇ ਤੋਂ ਛੋਟੀ ਜਿਹੀ ਲਾਲ ਗੇਂਦ ਉਪਰ ਉਛਾਲ ਦਿੱਤੀ ਹੋਵੇ। ਗੇਂਦ ਰੂਪੀ ਸੂਰਜ ਨੂੰ ਵੇਖ ਕੇ ਉਥੇ ਬੈਠੇ ਸਾਰੇ ਲੋਕ ਸ਼ੋਰ ਮਚਾਉਣ ਲੱਗ ਪਏ। ਕੁੱਝ ਲੋਕ ਸੂਰਜ ਨੂੰ ਨਮਸਕਾਰ ਕਰਕੇ ਮੰਤਰਾਂ ਦਾ ਉਚਾਰਣ ਵੀ ਸ਼ੁਰੂ ਕਰ ਦਿੰਦੇ ਹਨ। ਹੋਲੀ-ਹੋਲੀ ਸੂਰਜ ਦੀ ਉਚਾਈ ਵੱਧਣ ਨਾਲ ਉਸ ਦਾ ਆਕਾਰ ਵੀ ਵੱਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੁੱਝ ਹੀ ਪਲਾਂ ਵਿਚ ਸੂਰਜ ਦੀ ਰੋਸ਼ਨੀ ਸਮੁੰਦਰ ਵਿਚ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੁੱਝ ਪਲਾਂ ਬਾਅਦ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸੂਰਜ ਰੋਸ਼ਨੀ ਸਮੁੰਦਰ ਵਿਚੋਂ ਚੱਲ ਕੇ ਧਰਤੀ ਵੱਲ ਆ ਰਹੀ ਹੋਵੇ। ਇਹ ਨਜ਼ਾਰਾ ਇੰਨਾ ਮਨ ਮੋਹਕ ਸੀ ਕਿ ਇਸ ਨੂੰ ਮੈਂ ਜਿੰਦਗੀ ਭਰ ਨਹੀ ਭੁੱਲ ਸਕਦਾ। ਜਦੋਂ ਮੈਂ ਹੁਣ ਇਹ ਕਹਾਣੀ ਲਿਖ ਰਿਹਾਂ ਹਾਂ ਤਾਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਇਸ ਵੇਲੇ ਕੰਨਿਆਕੁਮਾਰੀ ਬੈਠਾ ਅਸਲੀ ਨਜ਼ਾਰਾ ਵੇਖ ਰਿਹਾ ਹੋਵਾਂ।
ਵਿਵੇਕਾਨੰਦ ਰੌਕ ਮਮੋਰਿਅਲ-ਸਾਡੇ ਹੋਟਲ ਤੋਂ ਵਿਵੇਕਾਨੰਦ ਰੌਕ ਦੀ ਦੂਰੀ ਕੋਈ 800 ਮੀਟਰ ਸੀ। ਰਾਤ ਨੂੰ ਜਦੋਂ ਅਸੀਂ ਹੋਟਲ ਪਹੁੰਚੇ ਤਾਂ ਇਹ ਰੌਕ (ਚਟਾਨ) ਲਾਈਟਾਂ ਨਾਲ ਜਗਮਗ ਹੋ ਰਹੀ ਸੀ । ਇਹ ਰੌਕ ਭਾਰਤੀ ਜਮੀਨ ਤੋਂ ਲਗਭਗ 500 ਮੀਟਰ ਦੂਰ ਸਮੁੰਦਰ ਵਿਚ ਸਥਿਤ ਹੈ ਅਤੇ ਇਸ ਸਥਾਨ ਤੇ ਜਾਣ ਲਈ ਤੁਹਾਨੂੰ ਸਮੁੰਦਰੀ ਮੋਟਰਬੋਟ ਰਾਹੀਂ ਹੀ ਜਾਣਾ ਪੈਂਦਾ ਹੈ। ਸਥਾਨਕ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਰੌਕ ਨੂੰ ਦੇਵੀ ਕੰਨਿਆਕੁਮਾਰੀ ਦੇ ਪਵਿੱਤਰ ਪੈਰਾਂ ਦੀ ਛੋਂ ਪ੍ਰਾਪਤ ਹੈ। ਇਸ ਸਥਾਨ ਤੇ ਸਵਾਮੀ ਵਿਵੇਕਾਨੰਦ ਨੇ ਆਪਣੀ ਦਿਸੰਬਰ 1892 ਫੇਰੀ ਦੌਰਾਨ ਤਿੰਨ ਦਿਨ ਇੱਥੇ ਤੱਪਸਿਆ ਕੀਤੀ ਸੀ ਅਤੇ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ । ਇਸ ਕਰਕੇ ਹੀ ਇਹ ਰੌਕ ਸਵਾਮੀ ਵਿਵੇਕਾਨੰਦ ਰੌਕ ਵਜੋਂ ਜਾਣੀ ਜਾਂਦੀ ਹੈ। ਜਨਵਰੀ 1962 ਵਿਚ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਤੇ ਕੁੱਝ ਹਿੰਦੂਆਂ ਨੇ ਇਕ ਕਮੇਟੀ ਬਣਾ ਕੇ ਇਸ ਸਥਾਨ ਤੇ ਸਵਾਮੀ ਜੀ ਦੀ ਯਾਦਗਰ ਬਣਾਉਣ ਦਾ ਫੈਸਲਾ ਕੀਤਾ ਪਰੰਤੂ ਇਸਾਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਰੌਕ ਤੇ ਇਸਾਈ ਧਰਮ ਦਾ ਪ੍ਰਤੀਕ ਕਰਾਸ”'' ”” ਲਗਾ ਦਿੱਤਾ ਜੋ ਦੂਰੋਂ ਨਜ਼ਰ ਆਉਣ ਲਗ ਪਿਆ ਅਤੇ ਹੱਕ ਜਤਾਇਆ ਕਿ ਇਹ ਸੇਂਟ ਜੇਬੀਅਰ ਰੌਕ ਹੈ। ਹਿੰਦੂਆ ਨੇ ਇਸ ਦਾ ਵਿਰੋਧ ਕੀਤਾ ਕੇ ਹੱਕ ਜਤਾਇਆ ਕਿ ਇਹ ਸਥਾਨ ਉਹਨਾਂ ਲਈ ਪੂਜਾ ਦਾ ਸਥਾਨ ਹੈ। ਸਰਕਾਰ ਨੇ ਇਕ ਇੰਨਕੂਆਰੀ ਕਮਿਸ਼ਨ ਦਾ ਗਠਨ ਕਰ ਦਿੱਤਾ। ਇਸੇ ਦੌਰਾਨ ਕਿਸੇ ਨੇ ਰਾਤ ਨੂੰ ਚੁੱਪ-ਚਾਪ ਰੌਕ ਤੋਂ ਕਰਾਸ'' ਦਾ ਨਿਸ਼ਾਨ ਹੱਟਾ ਦਿੱਤਾ। ਹਾਲਾਤ ਖਰਾਬ ਹੁੰਦੇ ਵੇਖ ਸਰਕਾਰ ਨੇ ਰੌਕ ਨੂੰ ਪ੍ਰਤਿਬੰਧਤ ਏਰੀਆਂ ਘੋਸ਼ਿਤ ਕਰਕੇ ਇਥੇ ਲੋਕਾਂ ਦਾ ਆਣਾ-ਜਾਣਾ ਬੰਦ ਕਰ ਦਿੱਤਾ ਅਤੇ ਪੁਲਿਸ ਪਹਿਰਾ ਲੱਗਾ ਦਿੱਤਾ। ਕੁੱਝ ਸਮੇਂ ਬਾਅਦ ਫੈਸਲਾ ਆਇਆ ਕਿ ਰੌਕ ਦਾ ਸਬੰਧ ਸਵਾਮੀ ਵਿਵੇਕਾਨੰਦ ਜੀ ਨਾਲ ਹੀ ਹੈ। ਬਾਅਦ ਵਿਚ ਸਵਾਮੀ ਜੀ ਦੇ ਭਗਤ ਏਕਨਾਥ ਰਾਮਾਕ੍ਰਿਸ਼ਨ ਰਾਨਡੇ ਦੇ ਯਤਨਾਂ ਸਦਕੇ ਭਾਰਤ ਦੇ ਤਤਕਾਲੀਨ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਮੰਜੂਰੀ ਮਿਲਣ ਉਪਰਾਂਤ ਦਾਨੀ ਸੱਜਨਾਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰੌਕ ਉੱਤੇ ਸਵਾਮੀ ਵਿਵੇਕਾਨੰਦ ਜੀ ਦੀ ਯਾਦਗਰ ਉਸਾਰਨ ਦਾ ਕੰਮ ਸ਼ੁਰੂ ਹੋਇਆ ਜੋ 1970 ਵਿਚ ਪੂਰਾ ਹੋਇਆ ਅਤੇ ਭਾਰਤ ਦੇ ਰਾਸ਼ਟਰਪਤੀ ਵੀ.ਵੀ ਗਿਰੀ ਨੇ 2 ਸਿਤੰਬਰ 1970 ਨੂੰ ਵਿਧੀ ਪੂਰਬਕ ਇਸ ਯਾਦਗਰ ਦਾ ਉਦਘਾਟਨ ਕੀਤਾ।
ਗਾਂਧੀ ਮਮੋਰਿਅਲ—ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੋ ਵਾਰ 1925 ਅਤੇ 1937 ਵਿਚ ਇਸ ਸਥਾਨ ਤੇ ਆਏ ਸਨ। ਉਹਨਾਂ ਦੀਆ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਕੰਨਿਆਕੁਮਾਰੀ ਵਿਚ ਜਿਸ ਸਥਾਨ ਤੇ ਲੋਕਾਂ ਦੇ ਦਰਸ਼ਨ ਲਈ ਰੱਖਿਆ ਸੀ ਉਸ ਸਥਾਨ ਤੇ ਇੱਕ ਯਾਦਗਰ ਬਣਾਈ ਗਈ ਹੈ ਜਿਸ ਨੂੰ ਹੁਣ ਗਾਂਧੀ ਮਮੋਰਿਅਲ ਵਜੋਂ ਜਾਣਿਆ ਜਾਂਦਾ ਹੈ। ਇਹ ਯਾਦਗਰ ਉੜੀਸ਼ੀ ਕਲਾ-ਕ੍ਰਿਤੀ ਦੇ ਢੰਗ ਨਾਲ ਇਸ ਤਰਾਂ ਬਣਾਈ ਗਈ ਹੈ ਕਿ 2 ਅਕਤੂਬਰ ਨੂੰ ਗਾਂਧੀ ਜੀ ਦੇ ਜਨਮਦਿਨ ਵਾਲੇ ਦਿਨ ਇਮਾਰਤ ਦੀ ਛੱਤ ਵਿਚ ਬਣਾਏ ਛੇਕ ਵਿਚੇਂ ਸੂਰਜੀ ਕਿਰਨਾਂ ਉਸੇ ਸਥਾਨ ਤੇ ਪੈਂਦੀਆਂ ਹਨ ਜਿਸ ਸਥਾਨ ਤੇਂ ਗਾਂਧੀ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਤੋਂ ਪਹਿਲਾਂ ਰੱਖੀਆਂ ਗਈਆਂ ਸਨ। ਇਸ ਯਾਦਗਰ ਦਾ ਨਿਰਨਾਣ 1956 ਵਿਚ ਪੂਰਾ ਹੋਇਆ ਸੀ। ਇਸ ਯਾਦਗਰ ਦੀ ਉਚਾਈ ਗਾਂਧੀ ਜੀ ਦੀ ਉਮਰ ਦੇ ਬਰਾਬਰ ਭਾਵ 79 ਫੁੱਟ ਰੱਖੀ ਗਈ ਹੈ। ਇਹ ਯਾਦਗਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕਾਂ ਲਈ ਖੁੱਲੀ ਰਹਿੰਦੀ ਹੈ।
ਥਿਰੂਵੇਲੂਵਰ ਸਟੈਚਿਊੁ- ਥਿਰੂਵੇਲੂਵਰ ਸਟੈਚਿਊੁ ਤਮਿਲ ਕਵਿ ਅਤੇ ਮਹਾਨ ਦਾਰਸ਼ਨਿਕ ਥਿਰੂਵੇਲੂਵਰ ਦੀ ਯਾਦ ਵਿੱਚ ਬਣਾਇਆ ਗਿਆ ਹੈ । ਇਹ ਯਾਦਗਰ ਵੀ ਸਮੁੰਦਰ ਦੇ ਵਿਚ ਵਿਵੇਕਾਨੰਦ ਰੌਕ ਦੇ ਨੇੜੇ ਬਣੀ ਹੈ। 133 ਫੁੱਟ ਦੇ ਇਸ ਸਟੈਚਿਊ ਦਾ ਨਿਰਮਾਣ ਸਿਤੰਬਰ 1990 ਵਿਚ ਸ਼ੁਰੂ ਹੋ ਕੇ 1999 ਵਿਚ ਪੂਰਾ ਹੋਇਆ । ਜਨਵਰੀ 2000 ਵਿਚ ਇਹ ਲੋਕਾਂ ਦੇ ਦਰਸ਼ਨਾਂ ਲਈ ਖੋਲਿਆ ਗਿਆ। ਇਹ ਸਟੈਚਿਊ ਮੁੱਖ ਜਮੀਨ ਤੋਂ ਕਰੀਬ 400 ਮੀਟਰ ਅੰਦਰ ਸਮੁੰਦਰ ਵਿਚ ਬਣਿਆ ਹੋਇਆ ਹੈ । ਵਿਵੇਕਾਨੰਦ ਰੌਕ ਨੂੰ ਜਾਂਦੇ ਸਮੇਂ ਸਮੁੰਦਰੀ ਮੋਟਰਬੋਟ ਕੁੱਝ ਸਮੇਂ ਲਈ ਇਸ ਸਟੈਚਿਊ ਸਾਹਮਣੇ ਰੁੱਕਦੀ ਹੈ।
ਤ੍ਰਿਵੇਣੀ ਸੰਗਮ-ਕੰਨਿਆਕੁਮਾਰੀ ਇਕ ਅਜਿਹਾ ਸਥਾਨ ਹੈ ਜਿੱਥੇ ਤਿੰਨ ਸਮੁੰਦਰ ਬੰਗਾਲ ਦੀ ਖਾੜੀ,ਹਿੰਦ ਮਹਾਸਾਗਰ ਅਤੇ ਅਰਬ ਸਾਗਰ ਆਪਸ ਵਿਚ ਮਿਲਦੇ ਹਨ। ਇਸੇ ਕਰਕੇ ਇਸ ਸਥਾਨ ਨੂੰ ਤ੍ਰਿਵੇਣੀ ਸੰਗਮ ਵੀ ਆਖਦੇ ਹਨ। ਧਿਆਨ ਨਾਲ ਵੇਖਣ ਤੇ ਤਿੰਨਾਂ ਸਮੁੰਦਰਾਂ ਨੂੰ ਅਸਾਨੀ ਨਾਲ ਪਹਿਚਾਣਿਆ ਦਾ ਸਕਦਾ ਹੈ ਕਿਉਂਕਿ ਤਿੰਨੇ ਸਮੁੰਦਰਾਂ ਦੇ ਪਾਣੀ ਦਾ ਰੰਗ ਅਲੱਗ-ਅਲੱਗ ਹੈ। ਮੇਰੀ ਫੇਰੀ ਦੌਰਾਨ ਸ਼ਾਮ ਨੂੰ ਆਸਮਾਨ ਵਿਚ ਬੱਦਲ ਛਾਏ ਰਹੇ ਜਿਸ ਕਰਕੇ ਸੂਰਜ ਛਿਪਣ ਦਾ ਨਜ਼ਾਰਾ ਵੇਖਣ ਤੋਂ ਬਾਂਝਾ ਰਹਿ ਗਿਆ।
ਤਰਸੇਮ ਸਿੰਘ
ਮਾਡਲ ਟਾਊਨ ਮੁਕੇਰੀਆ
ਜਿਲਾ ਹੁਸ਼ਿਆਰਪੁਰ
9464730770