ਹੋਲੀ ਦਾ ਤਿਉਹਾਰ ਸਰਦੀ ਤੋਂ ਬਾਅਦ ਫਸਲਾਂ ਦੀ ਸਾਂਭ-ਸੰਭਾਲ ਤੇ ਗਰਮੀ ਦੀ ਆਮਦ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਹੋਲਿਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਭਗਵਾਨ ਕ੍ਰਿਸ਼ਨ ਨਾਲ ਵੀ। ਵੱਖ-ਵੱਖ ਬੋਲੀਆਂ ਤੇ ਸੱਭਿਆਚਾਰਾਂ ਦੇ ਦੇਸ਼ ਭਾਰਤ ਵਿੱਚ ਹੋਲੀ ਵੀ ਅਲੱਗ-ਅਲੱਗ ਰਵਾਇਤਾਂ ਤੇ ਢੰਗਾਂ ਨਾਲ ਮਨਾਈ ਜਾਂਦੀ ਹੈ। ਕੁਦਰਤ ਵੀ ਖੁਸ਼ੀ 'ਚ ਮਸਤ ਹੋ ਜਾਂਦੀ ਹੈ ਤੇ ਮਿੱਟੀ ਉਡਾ ਕੇ, ਪੁਰਾਣੇ ਪੱਤੇ ਝਾੜ ਕੇ ਅਤੇ ਨਵੇਂ ਫੁੱਲ-ਪੱਤੇ ਲਹਿਰਾ ਕੇ ਬਸੰਤ ਦਾ ਸਵਾਗਤ ਕਰਦੀ ਹੈ।
ਕਿਸਾਨ ਆਪਣੇ ਹਰੇ-ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ 'ਚ ਨੱਚ ਉਠਦਾ ਹੈ। ਹਾੜੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿੱਚ ਹੁੰਦਾ ਹੈ। ਲੋਕ ਹੋਲੀ 'ਚ ਜਲਾ ਕੇ ਨਵੇਂ ਅਨਾਜ ਨੂੰ ਖਾਂਦੇ ਹਨ। ਪੰਜਾਬ ਵਿੱਚ ਹੁਣ ਵੀ ਛੋਲੀਏ ਨੂੰ ਅੱਗ 'ਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿੱਚ 'ਹੋਲਾ' ਆਖਦੇ ਹਨ। ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਔਰਤਾਂ ਗਲੀਆਂ ਵਿੱਚ ਰਲ-ਮਿਲ ਕੇ ਬੋਲੀਆਂ ਪਾ ਕੇ ਧਮਾਲ ਪਾ ਦਿੰਦੀਆਂ ਸਨ। ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੁੰਦਾ ਸੀ, ਸਮਾਜ ਦਾ ਚਿਹਰਾ, ਸਮਾਂ ਕਾਲ ਝਾਤੀ ਮਾਰਦਾ ਹੁੰਦਾ ਸੀ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹੁੰਦੀਆਂ ਸਨ। ਇਨ੍ਹਾਂ ਵਿੱਚ ਪਿਆਰ ਤੇ ਨਫ਼ਰਤ ਦੇ ਭਾਵ, ਮੇਲ-ਮਿਲਾਪ ਅਤੇ ਜੁਦਾਈ ਦਾ ਗ਼ਮ ਹੁੰਦਾ ਸੀ। ਨਾਰਾਜ਼ ਤੇ ਮਨਾਉਣ ਦੀ ਗੱਲ ਕਰਦੀਆਂ ਸਨ ਇਹ ਬੋਲੀਆਂ। ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਹੁੰਦੀਆਂ ਸਨ। ਮੁਟਿਆਰਾਂ ਪਿੱਪਲਾਂ 'ਤੇ ਪੀਂਘਾਂ ਪਾ ਕੇ ਝੂਟਦੀਆਂ ਸਨ ਪਰ ਅਫ਼ਸੋਸ ਨਾ ਹੁਣ ਉਹ ਪਿੱਪਲ ਰਹੇ ਤੇ ਨਾ ਹੀ ਉਹੋ ਜਿਹੇ ਮੁਟਿਆਰਾਂ ਦੇ ਸ਼ੌਕ।
ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਸਨ। ਇਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜਰਬੇ, ਸਮਾਜਿਕ, ਆਰਥਿਕ ਅਤੇ ਇਤਿਹਾਸਕ ਜਾਣਕਾਰੀ ਹੁੰਦੀ ਸੀ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ। ਇਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ-ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਚਰਖੇ ਕੱਤਦੀਆਂ ਮੁਟਿਆਰਾਂ, ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਸਨ ਪਰ ਅੱਜ ਦੁੱਧ ਕੌਣ ਰਿੜਕਦਾ ਹੈ, ਪੈਕਟਾਂ ਵਾਲੇ ਦਹੀਂ, ਬੋਤਲਾਂ 'ਚ ਲੱਸੀ, ਜਿਸ ਮਰਜ਼ੀ ਕੋਨੇ 'ਤੇ ਲੱਗੀ ਰੇਹੜੀ ਤੋਂ ਲੈ ਲਓ।
ਅੱਜ ਉਹ ਹੋਲੀ ਦਾ ਮਜ਼ਾ ਵੀ ਨਹੀਂ ਰਿਹਾ। ਹੋਲੀ ਦੀ ਆੜ 'ਚ ਮਾਵਾਂ, ਭੈਣਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਖੁਸ਼ੀਆਂ ਦੇ ਇਸ ਤਿਉਹਾਰ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਕਿਉਂਕਿ ਨਾ ਤਾਂ ਉਹ ਰੰਗ ਰਹੇ, ਨਾ ਉਹ ਪਿਆਰ-ਮੁਹੱਬਤ ਵਾਲੇ ਲੋਕ, ਰੰਗਾਂ 'ਚ ਮਿਲਾਵਟ, ਕੈਮੀਕਲ ਮਿਲੇ ਹੁੰਦੇ ਹਨ, ਜਿਸ ਕਰਕੇ ਹੋਲੀ ਖੇਡਣ ਤੋਂ ਪਹਿਲਾਂ ਸਰੀਰ 'ਤੇ ਸਰ੍ਹੋਂ ਜਾਂ ਨਾਰੀਅਲ ਦਾ ਤੇਲ ਲਗਾ ਲਿਆ ਜਾਵੇ। ਅੱਖਾਂ 'ਤੇ ਚਸ਼ਮੇ ਲਗਾ ਲਏ ਜਾਣ। ਚਾਈਨੀਜ਼ ਰੰਗ ਨਾ ਵਰਤੇ ਜਾਣ। ਕੁਦਰਤੀ ਰੰਗ ਜੋ ਕੇਸੂ ਦੇ ਫੁੱਲਾਂ ਤੋਂ ਤਿਆਰ ਹੁੰਦਾ ਹੈ, ਵਰਤਿਆ ਜਾਵੇ। ਮੋਟਰਸਾਈਕਲਾਂ 'ਤੇ ਗਲੀਆਂ ਬਾਜ਼ਾਰਾਂ ਵਿੱਚ, ਰਾਹ ਜਾਂਦੇ ਰਾਹੀਆਂ 'ਤੇ ਰੰਗ ਸੁੱਟਣ ਤੋਂ ਪ੍ਰਹੇਜ਼ ਕੀਤਾ ਜਾਵੇ। ਰੰਗ ਉਤਾਰਨ ਲਈ ਨਹਾਉਣ ਵਾਲੇ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ। ਚਮੜੀ ਨੂੰ ਖਰੋਚਣ ਤੋਂ ਬਚਿਆ ਜਾਵੇ।
ਸਾਡੇ ਦੇਸ਼ 'ਚ ਹੋਲੀ ਦਾ ਤਿਉਹਾਰ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ 'ਚ ਅਤੇ ਈਸਾਈ ਕ੍ਰਿਸਮਸ 'ਚ ਲੈਂਦੇ ਹਨ, ਹਿੰਦੂਆਂ ਨੂੰ ਉਹੀ ਆਨੰਦ ਹੋਲੀ ਦਾ ਤਿਉਹਾਰ ਪ੍ਰਦਾਨ ਕਰਦਾ ਹੈ। ਹੋਲੀ ਦੇ ਆਉਣ 'ਤੇ ਸਭ ਲੋਕ ਖੁਸ਼ੀਆਂ ਨਾਲ ਨੱਚ ਉਠਦੇ ਹਨ। ਹੋਲੀ ਦਾ ਤਿਉਹਾਰ ਹਰ ਸਾਲ ਫੱਗਣ ਦੀ ਸ਼ੁਕਲ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਦਾ ਸੰਬੰਧ ਅਨੇਕਾਂ ਪੁਰਾਣੀਆਂ ਕਹਾਣੀਆਂ ਨਾਲ ਪ੍ਰਚੱਲਿਤ ਹੈ। ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਨਾਲ ਜੁੜਿਆ ਹੋਇਆ ਹੈ। ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਇਕ ਰਾਜਾ ਸੀ, ਜੋ ਕਿਸੇ ਨੂੰ ਈਸ਼ਵਰ ਦਾ ਭਜਨ ਨਹੀਂ ਕਰਨ ਦਿੰਦਾ ਸੀ। ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਅਨੇਕਾਂ ਢੰਗ ਅਪਣਾਏ ਪਰ ਭਗਵਾਨ ਦੇ ਭਗਤ ਨੂੰ ਕੌਣ ਮਾਰ ਸਕਦਾ ਹੈ? ਇਸ ਦੇ ਬਾਵਜੂਦ ਉਸ ਦੀ ਭੂਆ ਨੇ ਉਸ ਨੂੰ ਅੱਗ ਵਿੱਚ ਜਲਾਉਣ ਦੀ ਯੋਜਨਾ ਬਣਾਈ। ਹੋਲਿਕਾ ਨੂੰ ਅੱਗ ਵਿੱਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਪ੍ਰਹਿਲਾਦ ਆਪਣੀ ਭੂਆ ਨਾਲ ਅੱਗ ਵਿੱਚ ਬੈਠ ਗਿਆ। ਪ੍ਰਹਿਲਾਦ ਤਾਂ ਜਿਊਂਦਾ ਬਚ ਨਿਕਲਿਆ ਪਰ ਹੋਲਿਕਾ ਸੜ ਗਈ।
ਇਸ ਖੁਸ਼ੀ 'ਚ ਲੋਕ ਇਸ ਦਿਨ ਇਕ ਦੂਜੇ 'ਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਾਜ਼ਾਰ ਵਿੱਚ ਲੱਕੜਾਂ ਦੇ ਢੇਰ ਜਲਾਏ ਜਾਂਦੇ ਹਨ ਤੇ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਲੋਕ ਭਗਤ ਪ੍ਰਹਿਲਾਦ ਨੂੰ ਯਾਦ ਕਰਕੇ ਈਸ਼ਵਰ ਦਾ ਗੁਣਗਾਨ ਕਰਦੇ ਹਨ। ਹੋਲਿਕਾ ਨੂੰ ਸਾੜਨ ਤੋਂ ਬਾਅਦ ਲੋਕ ਹੱਸਦੇ-ਖੇਡਦੇ ਇਕ ਦੂਜੇ 'ਤੇ ਗੁਲਾਲ ਪਾਉਂਦੇ ਅਤੇ ਪੁਰਾਣੇ ਵੈਰ-ਵਿਰੋਧ ਭੁਲਾ ਕੇ ਇਕ ਦੂਜੇ ਦੇ ਗਲ਼ੇ ਮਿਲਦੇ ਹਨ। ਵੱਡੇ-ਵੱਡੇ ਸ਼ਹਿਰਾਂ 'ਚ ਹੁਣ ਇਸ ਦਿਨ ਸੰਗੀਤ ਸਮਾਰੋਹ ਵੀ ਹੋਣ ਲੱਗੇ ਹਨ।
ਅੱਜ-ਕੱਲ੍ਹ ਹੋਲੀ ਮਨਾਉਣ ਵਿੱਚ ਵੀ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ ਗਾਲ੍ਹਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਨੂੰ ਘਟਾ ਦਿੰਦੇ ਹਨ। ਮਹਿੰਗਾਈ ਕਰਕੇ ਵੀ ਕੁਝ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ। ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾਈਏ ਅਤੇ ਇਨ੍ਹਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖੀਏ ਤੇ ਇਹੋ ਜਿਹਾ ਮਾਹੌਲ ਬਣਾਈਏ ਜੋ ਕਦੇ ਸਾਡੇ ਬਜ਼ੁਰਗਾਂ ਨੇ ਸਿਰਜਿਆ ਸੀ, ਜਿਸ ਵਿੱਚ ਏਕਾ, ਪਿਆਰ-ਮੁਹੱਬਤ ਤੇ ਹਸਰਤ ਹੁੰਦੀ ਸੀ। ਹੋਲੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।
-ਸੁਰਜੀਤ ਸਿੰਘ ਫਲੋਰਾ
ਜਾਣੋ ਕਿਉਂ ਮਨਾਇਆ ਜਾਂਦੈ ਗੁੱਸੇ-ਗਿਲੇ ਭੁਲਾ ਰਿਸ਼ਤਿਆਂ ’ਚ ਪਿਆਰ ਦੇ ਰੰਗ ਭਰਨ ਵਾਲਾ ਤਿਉਹਾਰ ‘ਹੋਲੀ’
NEXT STORY