ਦਿਨ ਚੜ੍ਹਿਆ ਤੇਰੇ ਰੰਗ ਜਿਹਾ
ਪਹਿਲੇ ਮਿਲਣ ਦੀ ਪਤਲੀ ਤੇਰੀ
ਪਹਿਲ ਪਲੇਠੀ ਸੰਗ ਜਿਹਾ
ਖਾਲੀ-ਖਾਲੀ ਅੰਬਰ ਉੱਤੇ
ਉਡਦੀ ਕਿਸੇ ਪਤੰਗ ਜਿਹਾ
ਨਸ਼ੇ ਘੁਲੀ ਸਿੱਲ੍ਹੀ ਪੌਣ
ਸੌਣ ਦੀ ਸਾਵੀ ਭੰਗ ਜਿਹਾ !
ਦਿਨ ਚੜ੍ਹਿਆ ਤੇਰੀ ਰੂਹ ਜਿਹਾ
ਟਿੰਡਾਂ ਵਾਲੇ ਖੂਹ ਜਿਹਾ
ਸੰਗ ਪਾਣੀ ਖੇਲ ਕਲੋਲ ਜਿਹਾ
ਇੱਕ ਸੰਦਲੀ ਅੱਲੜ੍ਹ ਜੂਹ ਜਿਹਾ
ਬਚਪਨ ਦੀਆਂ ਬੇਬਾਕ ਜਿਹੀਆਂ
ਪਾਕ ਛੇੜਾਂ ਦੀ ਮਸਤੀ ਵਰਗਾ
ਮਾਣੇ ਹੋਏ ਬਹਿਸ਼ਤਾਂ ਦੀ
ਕਸਤੂਰੀ ਜਿਹੀ ਬਰੂਹ ਜਿਹਾ !
ਦਿਨ ਚੜ੍ਹਿਆ ਤੇਰੀ ਅੱਖ ਜਿਹਾ
ਮਸਤੀ ਆਈ ਹਿਰਨੀ ਦੀ
ਮਸਤੀ ਵਾਲੀ ਅੱਖ ਜਿਹਾ
ਬੱਦਲਾਂ ਛਾਵੇਂ ਨਿੰਮ ਥੱਲੇ
ਦਿਨ ਦੀ ਪਹਿਲੀ ਸੱਥ ਜਿਹਾ
ਪੁਲ਼ੀ 'ਤੇ ਬੈਠੇ ਬਾਬੇ ਦੀ
ਸੱਪ ਦੀ ਤਿੱਖੀ ਅੱਖ ਜਿਹਾ
ਕੱਖਾਂ ਕੁੱਲੀ ਅੰਦਰ ਇੱਕ
ਹੁਸਨ ਕਰੋੜਾਂ ਲੱਖ ਜਿਹਾ !
ਦਿਨ ਚੜ੍ਹਿਆ ਤੇਰੀ ਮੁਸਕਾਨ ਜਿਹਾ
ਆਇਤ ਪਾਕ ਕੁਰਾਨ ਜਿਹਾ
ਮੰਦਿਰ ਬੈਠੇ ਪੱਥਰ ਦੇ
ਆਸਥਾ ਦੀ ਤ੍ਰਿਵੇਣੀ ਤਰਦੇ
ਹਸਦੇ ਹੋਏ ਭਗਵਾਨ ਜਿਹਾ
ਸਰਘੀ ਵੇਲੇ ਗੁਰੂ ਘਰ 'ਚੋਂ
ਆਉਂਦੀ ਮਿੱਠੜੀ ਤਾਨ ਜਿਹਾ
ਲਬ-ਲਬ ਖੁਸ਼ੀਆਂ ਭਰੇ ਹੋਏ
ਚੈਨ ਲਬਰੇਜ਼ ਮਕਾਨ ਜਿਹਾ !
ਦਿਨ ਚੜ੍ਹਿਆ ਹੈ ਅੱਜ ਪਾਵਨ ਜਿਹਾ
ਵਰ੍ਹ-ਵਰ੍ਹ ਥੱਕੇ ਅੱਕੇ ਹੋਏ
ਛੈਲ ਛਬੀਲੇ ਸਾਵਣ ਜਿਹਾ
ਧੋ ਕੇ ਧੁੱਪ ਦੀ ਚੁੰਨੀ ਨੂੰ
ਬੰਨੇ 'ਤੇ ਲਟਕਾਵਣ ਜਿਹਾ
ਸੰਗ ਦੀ ਤੇਰੀ ਚੁੰਨੀ ਦਾ
ਵਿਚ ਹਵਾ ਉਡ ਜਾਵਣ ਜਿਹਾ
ਸਮੇਤ ਵਸਤਰਾਂ ਜੋਬਨ ਦੇ
ਸਰਵਰ ਟੁੱਭੀ ਲਾਵਣ ਜਿਹਾ !
ਦਿਨ ਚੜ੍ਹਿਆ ਤੇਰੀ ਮਹਿਕ ਜਿਹਾ
ਜੰਗਲ ਅੰਦਰ ਖਿੜੇ ਫੁੱਲਾਂ ਦੀ
ਪਾਕ ਕੁਆਰੀ ਟਹਿਕ ਜਿਹਾ
ਮੰਦਿਰ ਘੰਟੀਆਂ ਦੀ ਝਣਕਾਰ
ਰੁੱਖਾਂ ਟੰਗੇ ਪੰਛੀਆਂ ਦੀ
ਨਿਰਛਲ ਨਿਰਮਲ ਚਹਿਕ ਜਿਹਾ
ਸ਼ਬਦ ਇਸ਼ਨਾਨ ਕਰਦੇ ਕੰਨੀਂ
ਸੁੱਚੇ ਵਾਕ ਦੀ ਸਹਿਕ ਜਿਹਾ !
ਸਵਰਨ ਸਿੰਘ ਸ਼ਿਮਲਾ
ਸੰਪਰਕ : 94183 92845