ਕਾਠਮੰਡੂ/ਨਵੀਂ ਦਿੱਲੀ (ਭਾਸ਼ਾ)— ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਚੌਥਾ 2 ਦਿਨੀਂ ਬਿਮਸਟੇਕ ਸੰਮੇਲਨ ਸ਼ੁੱਕਰਵਾਰ ਨੂੰ ਖਤਮ ਹੋ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ ਬਿਮਸਟੇਕ ਦੀ ਪ੍ਰਧਾਨਗੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੂੰ ਸੌਂਪੇ ਜਾਣ ਦੇ ਨਾਲ ਹੀ ਸੰਗਠਨ ਦਾ ਚੌਥਾ ਸਿਖਰ ਸੰਮੇਲਨ ਖਤਮ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਮਸਟੇਕ ਦੇ ਹੋਰ ਮੈਂਬਰ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨੇ ਇਸ ਦੋ ਦਿਨੀਂ ਸਿਖਰ ਸੰਮੇਲਨ ਵਿਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਦੀ ਬਿਮਸਟੇਕ ਪ੍ਰਕਿਰਿਆ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੇ ਨਾਲ ਹੀ ਇਹ ਸਿਖਰ ਸੰਮੇਲਨ ਸਫਲਤਾਪੂਰਵਕ ਖਤਮ ਹੋ ਗਿਆ।''
ਬਿਮਸਟੇਕ ਦੇ ਮੌਜੂਦਾ ਪ੍ਰਧਾਨ ਨੇ ਕੇ.ਪੀ. ਸ਼ਰਮਾ ਓਲੀ ਨੇ ਕਾਠਮੰਡੂ ਘੋਸ਼ਣਾਪੱਤਰ ਦਾ ਡਰਾਫਟ ਪੇਸ਼ ਕੀਤਾ, ਜਿਸ ਨੂੰ ਸਾਰੇ ਮੈਂਬਰ ਦੇਸਾਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ। ਖਤਮ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਓਲੀ ਨੇ ਕਿਹਾ ਕਿ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸਥਿਰ ਬੰਗਾਲ ਦੀ ਖਾੜੀ ਖੇਤਰ ਦੇ ਟੀਚੇ ਨੂੰ ਲੈ ਕੇ ਕਾਠਮੰਡੂ ਦੇ ਘੋਸ਼ਣਾਪੱਤਰ ਵਿਚ ਸਾਂਝੀ ਸਿਆਣਪ, ਸੋਚ ਅਤੇ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਬਿਮਸਟੇਕ ਦੇ ਮੈਂਬਰ ਦੇਸ਼ਾਂ ਵਿਚ ਊਰਜਾ ਸਹਿਯੋਗ ਵਧਾਉਣ ਲਈ ਬਿਮਸਟੇਕ ਗ੍ਰਿਡ ਇੰਟਰਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ ਪੱਤਰ 'ਤੇ ਵੀ ਦਸਤਖਤ ਕੀਤਾ ਗਿਆ।
ਓਲੀ ਨੇ ਸ਼੍ਰੀਲੰਕਾ ਨੂੰ ਬਿਮਸਟੇਕ ਦਾ ਨਵਾਂ ਮੇਜ਼ਬਾਨ ਦੇਸ਼ ਬਣਾਉਣ 'ਤੇ ਵਧਾਈ ਦੇਣ ਦੇ ਨਾਲ-ਨਾਲ ਇਸ ਸਿਖਰ ਸੰਮੇਲਨ ਨੂੰ ਸਫਲ ਬਣਾਉਣ ਲਈ ਮੈਂਬਰ ਦੇਸ਼ਾਂ ਦੇ ਸਾਸ਼ਨ ਪ੍ਰਮੁੱਖਾਂ ਨੂੰ ਵਧਾਈ ਦਿੱਤੀ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਟਵੀਟ ਕਰ ਕੇ ਕਿਹਾ,''ਇਸ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ, ਖੁਸ਼ਹਾਲੀ ਅਤੇ ਸਥਾਈ ਵਿਕਾਸ ਦੀ ਧਾਰਨਾ ਅਤੇ ਸਮੂਹਕ ਸੋਚ ਅਰਥਪੂਰਣ ਢੰਗ ਨਾਲ ਚੌਥੇ ਬਿਮਸਟੇਕ ਸੰਮੇਲਨ ਘੋਸ਼ਣਾਪੱਤਰ ਵਿਚ ਦਰਸਾਈ ਗਈ ਹੈ।''
ਜ਼ਿਕਰਯੋਗ ਹੈ ਕਿ ਬਿਮਸਟੇਕ ਖੇਤਰੀ ਦੇਸ਼ਾਂ ਦਾ ਸਮੂਹ ਹੈ ਜਿਸ ਵਿਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਭੂਟਾਨ ਅਤੇ ਨੇਪਾਲ ਇਸ ਦੇ ਮੈਂਬਰ ਦੇਸ਼ ਹਨ।
ਭਾਜਪਾ ਨੇਤਰੀ ਨੇ ਪਾਰਟੀ 'ਤੇ ਲਗਾਏ ਗੰਭੀਰ ਦੋਸ਼
NEXT STORY