ਸੂਰਤ, (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਪੂਰਵਜਾਂ ਵੱਲੋਂ ਨਿਰਧਾਰਤ ਕੀਤੇ ਗਏ ਸਿਧਾਂਤਾਂ ਕਾਰਨ ਭਾਰਤ ਉਨ੍ਹਾਂ ਦੇਸ਼ਾਂ ਦੀ ਵੀ ਮਦਦ ਕਰਦਾ ਹੈ, ਜਿਨ੍ਹਾਂ ਨੇ ਕਦੇ ਉਸ ਦੇ ਖਿਲਾਫ ਜੰਗ ਛੇੜੀ ਸੀ।
ਉਨ੍ਹਾਂ ਕਿਹਾ ਕਿ 1999 ’ਚ ਕਾਰਗਿਲ ’ਚ ਪਾਕਿਸਤਾਨ ਦੀ ਹਿੰਮਤ ਦਾ ਜਵਾਬ ਦੇਣ ਦਾ ਬਦਲ ਭਾਰਤ ਕੋਲ ਸੀ ਪਰ ਉਸ ਸਮੇਂ ਦੀ ਸਰਕਾਰ ਨੇ ਫੌਜ ਨੂੰ ਹਮਲਾ ਕਰਨ ਲਈ ਸਰਹੱਦ ਪਾਰ ਨਾ ਕਰਨ ਦਾ ਹੁਕਮ ਦਿੱਤਾ ਸੀ। ਫੌਜ ਨੂੰ ਸਿਰਫ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਦਿੱਤਾ ਗਿਆ ਸੀ, ਜੋ ਸਾਡੀ ਸਰਹੱਦ ਦੇ ਅੰਦਰ ਸਨ।
ਭਾਗਵਤ ਇਥੇ ਜੈਨ ਭਾਈਚਾਰੇ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ’ਚ ਜੈਨ ਧਰਮਗੁਰੂ ਆਚਾਰੀਆ ਮਹਾਸ਼੍ਰਮਣ ਵੀ ਮੌਜੂਦ ਸਨ। ਭਾਗਵਤ ਨੇ ਕਿਹਾ ਕਿ ਅਸੀਂ ਪਹਿਲਾਂ ਹਮਲੇ ਸ਼ੁਰੂ ਨਹੀਂ ਕਰਦੇ ਅਤੇ ਨਾ ਹੀ ਅਸੀਂ ਆਪਣੇ ’ਤੇ ਕੋਈ ਹਮਲਾ ਬਰਦਾਸ਼ਤ ਕਰਦੇ ਹਾਂ।
ਪਾਕਿਸਤਾਨ ਦੇ ਅੰਦਰ ‘ਸਰਜੀਕਲ ਸਟ੍ਰਾਈਕ’ ਅਤੇ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਯਕੀਨੀ ਬਣਾਇਆ ਸੀ ਕਿ ਸਿਰਫ ਸ਼ਰਾਰਤੀ ਤੱਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਵੇ। ਸੰਘ ਮੁਖੀ ਨੇ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਦੇ ਘਰ ’ਚ ਹਮਲਾ ਕੀਤਾ ਤਾਂ ਅਸੀਂ ਪੂਰੇ ਪਾਕਿਸਤਾਨ ਨੂੰ ਨਿਸ਼ਾਨਾ ਨਹੀਂ ਬਣਾਇਆ। ਅਸੀਂ ਸਿਰਫ ਉਨ੍ਹਾਂ ਲੋਕਾਂ ’ਤੇ ਹਮਲਾ ਕੀਤਾ ਜੋ ਸਾਡੇ ਲਈ ਪ੍ਰੇਸ਼ਾਨੀ ਪੈਦਾ ਕਰ ਰਹੇ ਸਨ।
ਭਾਰਤ ਨੇ ਸਤੰਬਰ 2016 ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਫਰਵਰੀ 2019 ’ਚ, ਭਾਰਤੀ ਹਵਾਈ ਫੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ’ਚ ਪਾਕਿਸਤਾਨ ਦੇ ਬਾਲਾਕੋਟ ’ਚ ਹਵਾਈ ਹਮਲਾ ਕੀਤਾ ਸੀ। ਭਾਰਤ ਜਾਂ ਦੁਨੀਆ ਦੇ ਸਾਹਮਣੇ ਮੌਜੂਦਾ ਸਮੇਂ ’ਚ ਮੌਜੂਦ ਸਮੱਸਿਆਵਾਂ ਦੀ ਕੋਈ ਵਿਸ਼ੇਸ਼ ਉਦਾਹਰਣ ਦਿੱਤੇ ਬਿਨਾਂ ਭਾਗਵਤ ਨੇ ਕਿਹਾ ਕਿ ਭਾਰਤ ਦੇ ਲੋਕ ਆਖਰਕਾਰ ਹਰ ਸਮੱਸਿਆ ਦਾ ਹੱਲ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਅੱਜ ਕਈ ਲੋਕ ਮੌਜੂਦਾ ਹਾਲਤ ਕਾਰਨ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਡਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਸਾਰੇ ਇਨ੍ਹਾਂ ਮੁੱਦਿਆਂ ਨੂੰ ਸੁਲਝਾ ਲਵਾਂਗੇ।
ਅਸਾਮ ਦੇ ਰੂਪਸੀ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਈਆਂ ਉਡਾਣਾਂ
NEXT STORY