ਸ਼੍ਰੀਨਗਰ (ਮਜੀਦ)— ਇਥੋਂ ਦੇ ਸ਼੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਅੰਦਰ ਮੰਗਲਵਾਰ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਕੇ ਇਕ ਪਾਕਿਸਤਾਨੀ ਅੱਤਵਾਦੀ ਨਾਵੀਦ ਜੱਟ ਉਰਫ ਅਬੂ ਹੰਜੂਲਾ ਨੂੰ ਛੁਡਵਾ ਲਿਆ। ਇਸ ਹਮਲੇ ਦੌਰਾਨ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਹਸਪਤਾਲ ਵਿਚ ਵੀ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਮਿਲੀਆਂ ਖਬਰਾਂ ਮੁਤਾਬਕ ਜਦੋਂ ਪੁਲਸ ਇਕ ਪਾਕਿਸਤਾਨੀ ਕੈਦੀ ਨਾਵੀਦ ਜੱਟ ਅਤੇ 5 ਹੋਰਨਾਂ ਕੈਦੀਆਂ ਨੂੰ ਉਨ੍ਹਾਂ ਦੀ ਨਿਯਮਿਤ ਡਾਕਟਰੀ ਜਾਂਚ ਲਈ ਹਸਪਤਾਲ ਲਿਆ ਰਹੀ ਸੀ ਤਾਂ ਅੱਤਵਾਦੀਆਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਕਾਰਨ ਪੂਰੇ ਹਸਪਤਾਲ 'ਚ ਹਫੜਾ-ਦਫੜੀ ਮਚ ਗਈ ਅਤੇ ਪੁਲਸ ਦਾ ਧਿਆਨ ਕੈਦੀ ਤੋਂ ਹਟ ਗਿਆ।

ਪੁਲਸ ਦਾ ਧਿਆਨ ਭਟਕਦਿਆਂ ਹੀ ਨਾਵੀਦ ਨੇ ਇਕ ਪੁਲਸ ਮੁਲਾਜ਼ਮ ਕੋਲੋਂ ਉਸ ਦਾ ਹਥਿਆਰ ਖੋਹ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੌਕਾ ਮਿਲਦਿਆਂ ਹੀ ਉਥੋਂ ਫਰਾਰ ਹੋ ਗਿਆ। ਫਾਇਰਿੰਗ ਪਿੱਛੋਂ ਹੋਰ ਕੈਦੀ ਵੀ ਭੱਜ ਗਏ ਪਰ ਉਨ੍ਹਾਂ ਨੂੰ ਹੋਰਨਾਂ ਪੁਲਸ ਮੁਲਾਜ਼ਮਾਂ ਨੇ ਫੜ ਲਿਆ। ਘਟਨਾ ਪਿੱਛੋਂ ਸ੍ਰੀਨਗਰ 'ਚ ਰੈੱਡ ਅਲਰਟ ਜਾਰੀ ਕਰਕੇ ਫਰਾਰ ਹੋਏ ਕੈਦੀ ਨੂੰ ਫੜਨ ਲਈ ਵੱਡੀ ਪੱਧਰ 'ਤੇ ਘੇਰਾਬੰਦੀ ਕਰ ਦਿੱਤੀ ਗਈ। ਸ਼ਹੀਦ ਹੋਏ 2 ਪੁਲਸ ਮੁਲਾਜ਼ਮਾਂ ਦੀ ਪਛਾਣ ਕਾਂਸਟੇਬਲ ਮੁਸ਼ਤਾਕ ਅਹਿਮਦ ਅਤੇ ਬਾਬਰ ਅਹਿਮਦ ਵਾਸੀ ਸ਼ੰਗਸ (ਅਨੰਤਨਾਗ) ਵਜੋਂ ਹੋਈ ਹੈ।


2 ਘੰਟਿਆਂ ਪਿੱਛੋਂ ਹਸਪਤਾਲ 'ਚ ਹਾਲਾਤ ਹੋਏ ਆਮ ਵਾਂਗ-ਸ੍ਰੀਨਗਰ ਦੇ ਐੱਸ. ਐੱਸ. ਪੀ. ਇਮਤਿਆਜ਼ ਇਸਮਾਈਲ ਨੇ ਦੱਸਿਆ ਕਿ 6 ਕੈਦੀਆਂ ਨੂੰ ਪੁਲਸ ਕੇਂਦਰੀ ਜੇਲ ਤੋਂ ਲੈ ਕੇ ਆਈ ਸੀ। ਇਨ੍ਹਾਂ ਕੈਦੀਆਂ ਵਿਚੋਂ ਹੀ ਇਕ ਕੈਦੀ ਨੇ ਪੁਲਸ ਕੋਲੋਂ ਹਥਿਆਰ ਖੋਹਿਆ ਅਤੇ ਪ੍ਰੋਟੈਕਸ਼ਨ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਜਿਸ ਕੈਦੀ ਨਾਵੀਦ ਨੇ ਫਾਇਰਿੰਗ ਕੀਤੀ, ਉਹ ਲਸ਼ਕਰ ਦਾ ਅੱਤਵਾਦੀ ਹੈ। ਉਹ ਇਸ ਤੋਂ ਪਹਿਲਾਂ ਇਕ ਸਕੂਲ ਅਧਿਆਪਕ ਅਤੇ ਏ. ਐੱਸ. ਆਈ. ਦਾ ਕਤਲ ਕਰ ਚੁੱਕਾ ਹੈ। ਘਟਨਾ ਪਿੱਛੋਂ ਹਸਪਤਾਲ 'ਚ 2 ਘੰਟਿਆਂ ਤਕ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ ਅਤੇ ਉਸ ਤੋਂ ਬਾਅਦ ਉਥੇ ਹਾਲਾਤ ਆਮ ਵਾਂਗ ਹੋ ਗਏ।
ਫਰਾਰ ਅੱਤਵਾਦੀ ਨੂੰ ਫੜਨ ਲਈ ਸਰਚ ਮੁਹਿੰਮ ਜਾਰੀ : ਡੀ. ਆਈ. ਜੀ.
ਕੇਂਦਰੀ ਕਸ਼ਮੀਰ ਦੇ ਡੀ. ਆਈ. ਜੀ. ਗੁਲਾਮ ਹਸਨ ਭੱਟ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰੀ ਜਾਂਚ ਲਈ 6 ਕੈਦੀਆਂ ਨਾਲ ਆਏ ਪੁਲਸ ਮੁਲਾਜ਼ਮਾਂ 'ਤੇ ਅੱਤਵਾਦੀਆਂ ਨੇ ਫਾਇਰਿੰਗ ਕੀਤੀ। ਕੈਦੀਆਂ ਵਿਚੋਂ ਇਕ ਨਾਵੀਦ ਵਾਸੀ ਪਾਕਿਸਤਾਨ ਨੂੰ 2014 'ਚ ਸ਼ੋਪੀਆਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਫੜਨ ਲਈ ਵੱਡੀ ਪੱਧਰ 'ਤੇ ਸਰਚ ਮੁਹਿੰਮ ਚਲਾਈ ਗਈ ਹੈ।
ਕੀ ਹੈ ਇਸ ਘੋੜੇ 'ਚ ਖਾਸ, ਜੋ ਸਲਮਾਨ ਤੇ ਬਾਦਲ ਪਰਿਵਾਰ ਵੀ ਨਾ ਖਰੀਦ ਸਕਿਆ?
NEXT STORY