ਸ਼੍ਰੀਨਗਰ, (ਭਾਸ਼ਾ, ਉਦੈ/ਸਤੀਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਦਿਨਾਂ ’ਚ ਜੰਮੂ-ਕਸ਼ਮੀਰ ’ਚ ਹੋਈਆਂ ਅੱਤਵਾਦੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਦੇਸ਼ ਨੂੰ ਭਰੋਸਾ ਦਿੱਤਾ ਕਿ ਦੁਸ਼ਮਣਾਂ ਨੂੰ ਸਬਕ ਸਿਖਾਉਣ ’ਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ 2 ਦਿਨਾ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਮਨ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਜੰਮੂ-ਕਸ਼ਮੀਰ ਦੀ ਤਰੱਕੀ ਪਸੰਦ ਨਹੀਂ ਹੈ ਅਤੇ ਉਹ ਇੱਥੋਂ ਦੇ ਵਿਕਾਸ ਨੂੰ ਰੋਕਣ ਲਈ ‘ਆਖਿਰੀ ਕੋਸ਼ਿਸ਼’ ਕਰ ਰਹੇ ਹਨ।
ਇੱਥੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਸੰਮੇਲਨ ਕੇਂਦਰ ’ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜੋ ਜਲਦ ਹੀ ਕਰਵਾਈਆਂ ਜਾਣਗੀਆਂ।
ਲੋਕ ਸਭਾ ਚੋਣਾਂ ’ਚ ਹੋਈ ਭਾਰੀ ਵੋਟਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਅੱਜ ਸਹੀ ਮਾਅਨੇ ’ਚ ਭਾਰਤ ਦਾ ਸੰਵਿਧਾਨ ਲਾਗੂ ਹੋ ਇਆ ਹੈ ਕਿਉਂਕਿ ਸਾਰਿਆਂ ਨੂੰ ਵੰਡਣ ਵਾਲੀ ਧਾਰਾ 370 ਦੀ ਕੰਧ ਹੁਣ ਡਿੱਗ ਚੁੱਕੀ ਹੈ। ਮੋਦੀ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਣਗੇ।
1500 ਕਰੋੜ ਦੇ 84 ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਅਤੇ ਕੀਤਾ ਉਦਘਾਟਨ
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 1500 ਕਰੋੜ ਰੁਪਏ ਦੇ 84 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 1800 ਕਰੋੜ ਰੁਪਏ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਪ੍ਰੋਜੈਕਟ ’ਚ ਮੁਕਾਬਲੇਬਾਜ਼ੀ ਸੁਧਾਰ ਦੀ ਵੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਜੰਮੂ ਅਤੇ ਕਸ਼ਮੀਰ ਦੇ 20 ਜ਼ਿਲਿਆਂ ਦੇ 90 ਬਲਾਕਾਂ ’ਚ ਲਾਗੂ ਕੀਤਾ ਜਾਵੇਗਾ ਅਤੇ 15 ਲੱਖ ਲਾਭਪਾਤਰੀਆਂ ਨੂੰ ਕਵਰ ਕਰਦਿਆਂ 3 ਲੱਖ ਪਰਿਵਾਰਾਂ ਤੱਕ ਇਸ ਪ੍ਰੋਜੈਕਟ ਦੀ ਪਹੁੰਚ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਵਿਚ ਸਰਕਾਰੀ ਨੌਕਰੀਆਂ ਲਈ 2000 ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਵਿਚ ਸੜਕੀ ਬੁਨਿਆਦੀ ਢਾਂਚੇ, ਜਲ ਸਪਲਾਈ ਸਕੀਮਾਂ ਅਤੇ ਉੱਚ ਸਿੱਖਿਆ ਵਿਚ ਬੁਨਿਆਦੀ ਢਾਂਚੇ ਆਦਿ ਨਾਲ ਸਬੰਧਤ ਪ੍ਰਾਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਚੇਨਾਨੀ-ਪਤਨੀਟੋਪ-ਨਾਸ਼ਰੀ ਸੈਕਸ਼ਨ ਦੇ ਸੁਧਾਰ, ਉਦਯੋਗਿਕ ਅਸਟੇਟ ਦੇ ਵਿਕਾਸ ਅਤੇ 6 ਸਰਕਾਰੀ ਡਿਗਰੀ ਕਾਲਜਾਂ ਦੀ ਉਸਾਰੀ ਵਰਗੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਜੰਮੂ-ਕਸ਼ਮੀਰ ’ਚ ਵਿਕਾਸ ਦੇ ਹਰ ਮੋਰਚੇ ’ਤੇ ਵੱਡੇ ਪੱਧਰ ’ਤੇ ਹੋ ਰਿਹਾ ਕੰਮ
ਮੋਦੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ’ਚ ਵਿਕਾਸ ਦੇ ਹਰ ਮੋਰਚੇ ’ਤੇ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। ਇੱਥੇ ਹਜ਼ਾਰਾਂ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ, ਕਸ਼ਮੀਰ ਘਾਟੀ ਨੂੰ ਵੀ ਰੇਲ ਰਾਹੀਂ ਜੋੜਿਆ ਜਾ ਰਿਹਾ ਹੈ। ਚਿਨਾਬ ਨਦੀ ’ਤੇ ਬਣੇ ਦੁਨੀਆ ਦੇ ਸਭ ਤੋਂ ਵੱਡੇ ਰੇਲਵੇ ਪੁਲ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਦੀਆਂ ਤਸਵੀਰਾਂ ਦੇਖ ਕੇ ਹਰ ਭਾਰਤੀ ਨੂੰ ਮਾਣ ਹੁੰਦਾ ਹੈ।
ਜਨਤਾ ਨੂੰ ਸਿਰਫ ‘ਸਾਡੇ’ ’ਤੇ ਭਰੋਸਾ ਹੈ
ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਸਿਰਫ਼ ‘ਸਾਡੇ’ ’ਤੇ ਭਰੋਸਾ ਹੈ ਅਤੇ ਸਿਰਫ਼ ‘ਸਾਡੀ ਸਰਕਾਰ’ ਹੀ ਇਸ ਵਿਸ਼ਵਾਸ ਅਤੇ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ 60 ਸਾਲਾਂ ਬਾਅਦ ਤੀਜੀ ਵਾਰ ਦੇਸ਼ ਵਿਚ ਕਿਸੇ ਸਰਕਾਰ ਨੂੰ ਫਤਵਾ ਮਿਲਿਆ ਹੈ।
ਮੋਦੀ ਨੇ ਕਿਹਾ, ‘ਲੋਕ ਸਭਾ ਚੋਣਾਂ ’ਚ ਮਿਲੇ ਲੋਕ ਫਤਵੇ ਦਾ ਵੱਡਾ ਸੰਦੇਸ਼ ਸਥਿਰਤਾ ਦਾ ਹੈ। ਹੁਣ ਭਾਰਤ ਸਥਿਰ ਸਰਕਾਰ ਦੇ ਨਵੇਂ ਯੁੱਗ ਵਿਚ ਦਾਖਲ ਹੋ ਗਿਆ ਹੈ। ਇਸ ਨਾਲ ਸਾਡੇ ਲੋਕਤੰਤਰ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਜ਼ਬੂਤੀ ਮਿਲੀ ਹੈ ਅਤੇ ਤੁਸੀਂ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਮੋਦੀ ਨੇ ਕਿਹਾ-ਅਟਲ ਜੀ ਨੇ ਜੋ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦਾ ਵਿਜ਼ਨ ਦਿੱਤਾ ਸੀ, ਉਸ ਨੂੰ ਅੱਜ ਹਕੀਕਤ ’ਚ ਬਦਲਦੇ ਦੇਖ ਰਹੇ ਹਾਂ। ਤੁਸੀਂ ਇਸ ਚੋਣ ’ਚ ਜਮਹੂਰੀਅਤ ਨੂੰ ਜਿਤਾਇਆ ਹੈ। ਤੁਸੀਂ ਪਿਛਲੇ 35-40 ਸਾਲਾਂ ਦੇ ਰਿਕਾਰਡ ਨੂੰ ਤੋੜਿਆ ਹੈ।
ਉਨ੍ਹਾਂ ਕਿਹਾ, ‘ਮੈਂ ਦੇਸ਼ ਲਈ ਦਿਨ-ਰਾਤ ਜੋ ਵੀ ਕਰ ਰਿਹਾ ਹਾਂ, ਉਹ ਚੰਗੀ ਨੀਅਤ ਨਾਲ ਕਰ ਰਿਹਾ ਹਾਂ। ਕਸ਼ਮੀਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਜੋ ਦੁੱਖ ਝੱਲੇ ਹਨ, ਉਸ ਤੋਂ ਬਾਹਰ ਨਿਕਲਣ ਲਈ ਮੈਂ ਬਹੁਤ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹਾਂ।
ਫਲਾਈਟ 'ਚ ਖਾਣੇ 'ਚ ਮਿਲੀ ਬਲੇਡ ਵਰਗੀ ਚੀਜ਼, ਤਾਜਸੈੱਟ ਨੂੰ ਨੋਟਿਸ ਜਾਰੀ
NEXT STORY