ਨਵੀਂ ਦਿੱਲੀ/ਚੰਡੀਗੜ੍ਹ : ਮਾਣਯੋਗ ਸੁਪਰੀਮ ਕੋਰਟ ਨੇ ਦਿੱਲੀ ਦੇ ਇਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੂੰ ਪੁੱਛਿਆ ਹੈ ਕਿ ਕੀ 'ਪੱਗ ਬੰਨ੍ਹਣਾ' ਸਿੱਖ ਧਰਮ ਵਿੱਚ ਜ਼ਰੂਰੀ ਹੈ ਜਾਂ ਸਿਰਫ ਸਿਰ ਨੂੰ ਢੱਕ ਕੇ ਹੀ ਕੰਮ ਚਲਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਪੁਰੀ ਨੇ ਦਿੱਲੀ ਦੀ ਸਥਾਨਕ ਸਾਈਕਲ ਐਸੋਸੀਏਸ਼ਨ ਦੇ ਉਸ ਨਿਯਮ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐਸੋਸੀਏਸ਼ਨ ਵਲੋਂ ਕਰਵਾਈ ਜਾਣ ਵਾਲੀ 'ਸਾਈਕਲ ਦੌੜ ਪ੍ਰਤੀਯੋਗਿਤਾ' 'ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਹੈਲਮੈੱਟ ਪਾਉਣਾ ਪਵੇਗਾ। 50 ਸਾਲਾ ਜਗਦੀਪ ਪੁਰੀ ਨੇ ਐਸੋਸੀਏਸ਼ਨ ਦੇ ਇਸ ਨਿਯਮ ਨੂੰ ਅਦਾਲਤ 'ਚ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਾਈਕਲ ਚਲਾਉਣ ਵੇਲੇ ਹੈਲਮੈੱਟ ਨਹੀਂ ਪਾ ਸਕਦੇ, ਕਿਉਂਕਿ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ 'ਪੱਗ ਉਤਾਰਨ' ਦੀ ਇਜਾਜ਼ਤ ਨਹੀਂ ਦਿੰਦਾ। ਜਸਟਿਸ ਐੱਸ. ਏ. ਗੌੜਵੇ ਅਤੇ ਐੱਲ. ਐੱਨ. ਰਾਓ ਦੀ ਬੈਂਚ ਨੇ ਹੈਰਾਨੀ ਜਤਾਉਂਦੇ ਹੋਏ ਸਵਾਲ ਪੁੱਛਿਆ ਕਿ ਕੀ ਸਿੱਖ ਧਰਮ 'ਚ 'ਪੱਗ ਬੰਨ੍ਹਣਾ' ਜ਼ਰੂਰੀ ਹੈ ਜਾਂ ਸਿਰਫ ਸਿਰ ਢੱਕ ਕੇ ਵੀ ਕੰਮ ਚਲਾਇਆ ਜਾ ਸਕਦਾ ਹੈ। ਅਦਾਲਤ ਨੇ ਪੁੱਛਿਆ ਕਿ ਅਰਜ਼ੀ ਕਰਤਾ ਨੇ ਸਿੱਖ ਧਰਮ 'ਚ 'ਪੱਗ ਬੰਨ੍ਹਣ' ਦੇ ਜ਼ਰੂਰੀ ਨਿਯਮ ਦਾ ਹਵਾਲਾ ਦਿੱਤਾ ਹੈ ਪਰ ਇਸ ਦੇ ਸਬੰਧ 'ਚ ਤੁਸੀਂ ਅਦਾਲਤ ਨੂੰ ਕੋਈ ਪਰਮਾਣ ਦਿੱਤਾ ਹੈ? ਅਦਾਲਤ ਨੇ ਕਿਹਾ ਕਿ ਬਿਸ਼ਨ ਸਿੰਘ ਬੇਦੀ ਸਿਰਫ ਪਟਕਾ ਬੰਨ੍ਹ ਕੇ ਹੀ ਕ੍ਰਿਕਟ ਖੇਡਦੇ ਰਹੇ ਹਨ ਅਤੇ ਉਹ ਕਦੇ ਪਗੜੀ ਨਹੀਂ ਸੀਂ ਪਾਉਂਦੇ, ਇਸੇ ਤਰ੍ਹਾਂ ਜੰਗੇ ਮੈਦਾਨ 'ਚ ਲੜਾਈ ਲੜਨ ਵਾਲੇ ਲੋਕ ਵੀ ਪਗੜੀ ਪਾ ਕੇ ਲੜਾਈ 'ਤੇ ਨਹੀਂ ਜਾਂਦੇ।
ਅਦਾਲਤ ਨੇ ਜਗਦੀਪ ਸਿੰਘ ਪੁਰੀ ਨੂੰ ਕਿਹਾ ਕਿ ਤੁਹਾਨੂੰ ਇਹ ਪਰਿਭਾਸ਼ਿਤ ਕਰਨਾ ਪਵੇਗਾ ਕਿ ਆਖਰ 'ਪੱਗ' ਕੀ ਹੈ। ਪੁਰੀ ਦੇ ਵਕੀਲ ਆਰ. ਐੱਸ. ਪੁਰੀ ਨੇ ਅਦਾਲਤ ਨੂੰ ਦੱਸਿਆ ਕਿ 'ਸੈਂਟਰਲ ਮੋਟਰਵ੍ਹੀਕਲ ਐਕਟ' ਸਿੱਖਾਂ ਨੂੰ ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮੈੱਟ ਨਾ ਪਾਉਣ ਦੀ ਛੋਟ ਦਿੰਦਾ ਹੈ। ਯੂ. ਕੇ. ਅਤੇ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਸਿੱਖਾਂ ਸਮੇਤ ਹੋਰ ਕਈ ਧਰਮਾਂ ਦੇ ਲੋਕਾਂ ਨੂੰ ਖੇਡਾਂ 'ਚ ਹਿੱਸਾਂ ਲੈਣ ਸਮੇਂ 'ਪੱਗ ਬੰਨ੍ਹਣ' ਦੀ ਛੋਟ ਹੈ। ਇਸ ਦੇ ਜਵਾਬ 'ਚ ਅਦਾਲਤ ਨੇ ਮਿਲਖਾ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਿਲਖਾ ਸਿੰਘ ਬਹੁਤ ਵੱਡੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਕਦੇ 'ਪੱਗ' ਨਹੀਂ ਬੰਨ੍ਹੀ।
ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ 'ਪੱਗ ਬੰਨ੍ਹਣਾ' ਜ਼ਰੂਰੀ ਨਹੀਂ ਹੈ ਪਰ ਸਿਰ ਨੂੰ ਢਕਣਾ ਜ਼ਰੂਰੀ ਹੈ। ਜਸਟਿਸ ਗੌੜਵੇ ਨੇ ਕਿਹਾ ਕਿ ਹੈਲਮੈੱਟ ਪਾਉਣ ਨਾਲ ਤੁਹਾਡੀ ਆਪਣੀ ਸੁਰੱਖਿਆ ਹੁੰਦੀ ਹੈ ਅਤੇ ਅਜਿਹੇ 'ਚ ਤੁਸੀਂ ਹੈਲਮੈੱਟ ਕਿਉਂ ਨਹੀਂ ਪਾਉਣਾ ਚਾਹੁੰਦੇ। ਤੁਸੀਂ ਆਪਣੇ ਸਿਰ 'ਤੇ ਸੱਟ ਵੱਜਣ ਦਾ ਜੋਖਿਮ ਕਿਉਂ ਲੈਣਾ ਚਾਹੁੰਦੇ ਹਨ। ਤੁਸੀਂ ਸਾਈਕਲਿੰਗ ਈਵੈਂਟ 'ਚ ਹਿੱਸਾ ਲੈ ਰਹੇ ਹੋ ਅਤੇ ਸਾਈਕਲ ਦੌੜਾਉਣ ਸਮੇਂ ਜੇਕਰ ਤੁਹਾਨੂੰ ਸੱਟ ਵੱਜ ਜਾਂਦੀ ਹੈ ਤਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਆਯੋਜਕਾਂ ਨੇ ਸੁੱਰਖਿਆ ਦੇ ਨਿਯਮਾਂ ਦਾ ਪੂਰਾ ਖਿਆਲ ਨਹੀਂ ਰੱਖਿਆ। ਅਦਾਲਤ ਨੇ ਇਸ ਪੂਰੇ ਮਾਮਲੇ 'ਚ 23 ਅਪ੍ਰੈਲ ਨੂੰ ਮੁੜ ਸੁਣਵਾਈ ਤੈਅ ਕੀਤੀ ਹੈ ਅਤੇ ਨਾਲ ਹੀ ਅਦਾਲਤ ਦੇ ਸਵਾਲਾਂ ਦੇ ਜਵਾਬ ਲਿਆਉਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਸਿਰਫ ਗੁਰੂਆਂ ਦੇ 'ਪੱਗ ਬੰਨ੍ਹਣ' ਦੇ ਕਥਨ ਦਾ ਹਵਾਲਾ ਨਾ ਦਿੱਤਾ ਜਾਵੇ, ਸਾਨੂੰ ਇਹ ਦੱਸਿਆ ਜਾਵੇ ਕਿ ਸਿੱਖ ਧਰਮ 'ਚ ਕਿੱਥੇ ਲਿਖਿਆ ਹੈ ਕਿ 'ਪੱਗ ਬੰਨ੍ਹਣਾ' ਜ਼ਰੂਰੀ ਹੈ।
ਅਦਾਲਤ ਨੇ ਇਸ ਮਾਮਲੇ 'ਚ ਸੀਨੀਅਰ ਵਕੀਲ ਸੀ. ਯੂ. ਸਿੰਘ ਨੂੰ ਮਦਦ ਕਰਨ ਲਈ ਕਿਹਾ ਹੈ । ਅਦਾਲਤ ਨੇ ਪੁੱਛਿਆ ਹੈ ਕਿ ਉਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਜਾਵੇ ਕਿ ਸਿੱਖ ਜੰਗ 'ਚ ਜਾਣ ਵੇਲੇ ਕੀ ਕਰਦੇ ਹਨ? ਪੇਸ਼ੇ 'ਤੋਂ ਗ੍ਰਾਫਿਕ ਡਿਜ਼ਾਈਨਰਜਗਦੀਪ ਸਿੰਘ ਪੁਰੀ ਨੂੰ ਦਿੱਲੀ ਦੀ 'ਓਡੈਕਸ ਇੰਡੀਆ ਰੈਂਡਨਰ' ਨਾਂ ਦੀ ਸੰਸਥਾ ਨੇ ਕਰਵਾਈ ਜਾਣ ਵਾਲੀ ਲੰਬੀ ਦੂਰੀ ਦੀ ਇਕ ਸਾਈਕਲ ਦੌੜ 'ਚ ਹਿੱਸਾ ਲੈਣ ਤੋਂ ਅਯੋਗ ਕਰਾਰ ਦਿੱਤਾ ਸੀ ਕਿਉਂਕਿ ਪੁਰੀ ਨੇ ਇਸ ਈਵੈਂਟ 'ਚ ਹਿੱਸਾ ਲੈਣ ਲਈ ਹੈਲਮੈੱਟ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਪੁਰੀ ਨੇ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਹੈਲਮੈੱਟ ਪਾਉਣ ਦੀ ਜ਼ਬਰਦਸਤੀ ਸੰਵਿਧਾਨ ਦੀ ਧਾਰਾ-25 ਤਹਿਤ ਦਿੱਤੇ ਗਏ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਪੁਰੀ ਨੇ 2017 'ਚ ਦਿੱਲੀ ਤੋਂ ਡੇਰਾ ਬਾਬਾ ਨਾਨਕ ਦੇ ਬਾਰਡਰ ਤੱਕ 510 ਕਿਲੋਮੀਟਰ ਸਾਈਕਲ ਚਲਾਈ ਸੀ।
400 ਸਾਲ ਪੁਰਾਣੇ ਮੰਦਰ ਨੂੰ ਮਿਲਿਆ ਨਵਾਂ ਟਿਕਾਣਾ
NEXT STORY