ਨਵੀਂ ਦਿੱਲੀ- ਸਾਲ 2020 ਮਨੁੱਖੀ ਇਤਿਹਾਸ 'ਚ ਸਭ ਤੋਂ ਵੱਡੀ ਤਬਦੀਲੀ ਦਾ ਵਰ੍ਹਾ ਰਿਹਾ ਅਤੇ ਮਨੁੱਖਤਾ ਦੀ ਜਿੱਤ ਦਾ ਗਵਾਹ ਵੀ। ਕੋਰੋਨਾ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ। ਜ਼ਿੰਦਗੀ ਜਿਊਂਣ ਦੇ ਮਾਇਨੇ ਬਦਲੇ। ਇਸ ਘੁੱਪ ਹਨ੍ਹੇਰੇ 'ਚ ਰੋਸ਼ਨੀ ਦੀ ਇਕ ਕਿਰਨ ਬਣ ਚਮਕੇ ਡਾਕਟਰ, ਪੁਲਸ ਵਾਲੇ, ਸਫ਼ਾਈ ਕਰਮੀ ਅਤੇ ਉਹ ਸਾਰੇ ਲੋਕ ਜੋ ਕੋਰੋਨਾ ਰੂਪੇ ਹਨ੍ਹੇਰੇ ਨੂੰ ਆਪਣੀ ਸੇਵਾ ਦੀ ਮਸ਼ਾਲ ਨਾਲ ਚੀਰਦੇ ਹੋਏ ਅੱਗੇ ਆਏ। ਦੁਨੀਆ ਦੀ ਹਿਫਾਜ਼ਤ ਲਈ ਇਨ੍ਹਾਂ 'ਚੋਂ ਬਹੁਤਿਆਂ ਨੇ ਆਪਣੀ ਜਾਨ ਤੱਕ ਦੀ ਬਾਜ਼ੀ ਲੱਗਾ ਦਿੱਤੀ। ਇਨ੍ਹਾਂ 'ਚੋਂ ਹੀ 5 ਅਜਿਹੇ ਕਿੱਸੇ ਹਨ, ਜੋ ਕਦੇ ਨਹੀਂ ਭੁੱਲ ਸਕਦੇ ਹਨ।
ਮਰੀਜ਼ ਲਈ ਛੱਡ ਦਿੱਤਾ ਆਪਣਾ ਵੈਂਟੀਲੇਟਰ
ਡਾ. ਮਾਰਸੇਲੋ ਨਤਾਲੀ ਇਟਾਲੀ 'ਚ ਕੋਰੋਨਾ ਮਰੀਜ਼ ਦੇ ਇਲਾਜ ਦੌਰਾਨ ਖ਼ੁਦ ਇਨਫੈਕਟਡ ਹੋਏ ਸਨ। ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਸੀ ਪਰ ਉਨ੍ਹਾਂ ਨੇ ਆਪਣੀ ਜਗ੍ਹਾ ਮਰੀਜ਼ ਨੂੰ ਵੈਂਟੀਲੇਟਰ ਦੇਣ ਦਾ ਹੌਂਸਲਾ ਦਿਖਾਇਆ। ਹਾਲਤ ਵਿਗੜਨ 'ਤੇ ਉਨ੍ਹਾਂ ਦੀ ਜਾਨ ਚੱਲੀ ਗਈ। ਨਤਾਲੀ ਨੇ ਸਭ ਤੋਂ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਵਰਗੀ ਲੰਬੀ ਆਫ਼ਤ ਲਈ ਯੂਰਪੀ ਸੇਵਾਵਾਂ ਤਿਆਰ ਨਹੀਂ ਹਨ।
ਹੱਥ 'ਤੇ ਲੱਗੀ ਡਰਿੱਪ, ਫਿਰ ਵੀ ਕੀਤੀ ਮਰੀਜ਼ਾਂ ਦੀ ਸੇਵਾ
ਈਰਾਨ ਦੀ ਹਿੰਮਤੀ ਡਾਕਟਰ ਸ਼ਿਰੀਨ ਰੂਹਾਨੀ ਖ਼ੁਦ ਬੀਮਾਰ ਸੀ ਪਰ ਉਨ੍ਹਾਂ ਨੇ ਆਪਣੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਸੇਵਾ ਕਰਨਾ ਜ਼ਰੂਰੀ ਸਮਝਿਆ। ਉਨ੍ਹਾਂ ਦਿਨਾਂ 'ਚ ਈਰਾਨ 'ਚ ਸਿਹਤ ਸੇਵਾਵਾਂ ਦੀ ਕਮੀ ਸੀ। ਆਪਣੇ ਹੱਥ 'ਚ ਡਰਿੱਪ ਲੱਗੀ ਹੋਣ ਦੇ ਬਾਵਜੂਦ ਉਹ ਮਰੀਜ਼ਾਂ ਦੀ ਦੇਖਭਾਲ ਕਰਦੀ ਰਹੀ। ਅਜਿਹੇ 'ਚ ਉਹ ਖ਼ੁਦ ਕੋਰੋਨਾ ਪੀੜਤ ਹੋ ਗਈ ਅਤੇ ਫਿਰ ਦੁਨੀਆ ਨੂੰ ਅਲਵਿਦਾ ਕਹਿ ਗਈ।
ਆਰਿਫ਼ ਨੇ ਸੈਂਕੜੇ ਲਾਸ਼ਾਂ ਨੂੰ ਇੱਜ਼ਤ ਨਾਲ ਦਿੱਤੀ ਵਿਦਾਈ
ਲਾਗ਼ ਦੌਰਾਨ ਜਦੋਂ ਲੋਕ ਘਰੋਂ ਨਿਕਲਣ ਤੋਂ ਵੀ ਡਰ ਰਹੇ ਸਨ, ਉਦੋਂ ਆਰਿਫ਼ ਨੇ ਕੋਰੋਨਾ ਪੀੜਤਾਂ ਦੀਆਂ 200 ਤੋਂ ਵੱਧ ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ। ਆਰਿਫ਼ ਨੇ ਸੈਂਕੜੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੈਸੇ ਨਾ ਹੋਣ ਦੇ ਬਾਵਜੂਦ ਕਈ ਪਰਿਵਾਰਾਂ ਦੀ ਮਦਦ ਵੀ ਕੀਤੀ। ਆਰਿਫ਼ ਖ਼ੁਦ ਕੋਰੋਨਾ ਦੀ ਲਪੇਟ ਤੋਂ ਨਹੀਂ ਬਚ ਸਕੇ ਅਤੇ ਆਪਣੀ ਜਾਨ ਗਵਾਈ।
ਫਰਜ਼ ਨਹੀਂ ਛੱਡਿਆ, ਬੱਚੇ ਨੇ ਕੁੱਖ 'ਚ ਤੋੜਿਆ ਦਮ
ਇਕ ਡਾਕਟਰ ਮਾਂ, ਜਿਸ ਨੇ ਆਪਣੇ ਫਰਜ਼ ਦੇ ਅੱਗੇ ਕੁੱਖ 'ਚ ਪਲ ਰਹੇ ਬੱਚੇ ਤੱਕ ਦੀ ਕੁਰਬਾਨੀ ਦੇ ਦਿੱਤੀ। ਡਾ. ਪ੍ਰਤੀਕਸ਼ਾ ਵਾਲਦੇਕਰ 7 ਮਹੀਨਿਆਂ ਦੀ ਗਰਭਵਤੀ ਹੋਣ ਦੌਰਾਨ ਹਸਪਤਾਲ 'ਚ ਸੇਵਾਵਾਂ ਦਿੰਦੀ ਰਹੀ ਅਤੇ ਕੋਰੋਨਾ ਪੀੜਤ ਹੋ ਗਈ। ਪ੍ਰਤੀਕਸ਼ਾ ਦੀ ਹਾਲਤ ਵਿਗੜ ਗਈ ਅਤੇ ਉਸ ਦੇ ਬੱਚੇ ਨੇ ਕੁੱਖ 'ਚ ਹੀ ਦਮ ਤੋੜ ਦਿੱਤਾ। 5 ਦਿਨਾਂ ਬਾਅਦ ਡਾ. ਪ੍ਰਤੀਕਸ਼ਾ ਵੀ ਮਹਾਮਾਰੀ ਤੋਂ ਜੰਗ ਹਾਰ ਗਈ।
ਪਰਿਵਾਰ 'ਚ 5 ਡਾਕਟਰ, 2 ਦੀ ਮੌਤ, 3 ਹਾਲੇ ਵੀ ਜੁਟੇ
ਅਮਰੀਕਾ 'ਚ ਇਕ ਅਜਿਹਾ ਭਾਰਤੀ ਪਰਿਵਾਰ, ਜਿਸ 'ਚ 5 ਡਾਕਟਰ ਸਨ, 13 ਅਪ੍ਰੈਲ ਨੂੰ ਧੀ ਡਾ. ਪ੍ਰਿਆ ਖੰਨਾ ਅਤੇ 8 ਦਿਨਾਂ ਬਾਅਦ ਪਿਤਾ ਡਾ. ਸਤਯੇਂਦਰ ਦੇਵਾ ਖੰਨਾ ਦੀ ਕੋਰੋਨਾ ਨਾਲ ਮੌਤ ਹੋ ਗਈ। ਡਾ. ਸਤਯੇਂਦਰ ਦੀ ਪਤਨੀ ਡਾ. ਕਮਲੇਸ਼ ਖੰਨਾ, ਉਨ੍ਹਾਂ ਦੀਆਂ 2 ਧੀਆਂ ਡਾ. ਸੁਗੰਧ ਖੰਨਾ ਅਤੇ ਡਾ. ਅਨੀਸ਼ਾ ਖੰਨਾ ਸ਼ਰਮਾ ਨੇ ਹਿੰਮਤ ਨਹੀਂ ਹਾਰੀ। 2 ਮੈਂਬਰਾਂ ਨੂੰ ਗਵਾਉਣ ਤੋਂ ਬਾਅਦ ਵੀ ਸੇਵਾ ਜਾਰੀ ਰੱਖੀ।
ਪੂਰੀ ਦੁਨੀਆ 'ਚ ਲੱਖਾਂ ਹੋਰ ਵੀ ਕੋਰੋਨਾ ਯੋਧੇ ਹੋਣਗੇ। ਹਰ ਕਿਸੇ ਦਾ ਜ਼ਿਕਰ ਕਰ ਪਾਉਣਾ ਸੰਭਵ ਨਹੀਂ ਪਰ ਸਾਡੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਨਾਲ ਹੈ, ਜਿਨ੍ਹਾਂ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਨੋਟ : ਇਨ੍ਹਾਂ ਕੋਰੋਨਾ ਯੋਧਿਆਂ ਨੂੰ ਕੁਮੈਂਟ ਬਾਕਸ 'ਚ ਤੁਸੀਂ ਵੀ ਦਿਓ ਸ਼ਰਧਾਂਜਲੀ
ਪੰਜਾਬ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ, ਵੇਖੋ 30ਵੇਂ ਦਿਨ 'ਚ ਪਹੁੰਚੇ ਕਿਸਾਨੀ ਘੋਲ ਦੀਆਂ 30 ਤਸਵੀਰਾਂ
NEXT STORY