ਜਲੰਧਰ, (ਧਵਨ) - 'ਡਰ, ਦਿਲ ਵਾਲੇ ਦੁਲਹਨੀਆ ਲੇ ਜਾਏਂਗੇ, ਕੁਛ-ਕੁਛ ਹੋਤਾ ਹੈ, ਮੁਹੱਬਤੇਂ, ਸਪੈਸ਼ਲ-26' ਆਦਿ ਫਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੇ ਅਭਿਨੇਤਾ ਅਨੁਪਮ ਖੇਰ ਨੇ ਕਿਹਾ ਹੈ ਕਿ ਅੱਜਕਲ ਐਕਟਰ ਨਹੀਂ , ਸਗੋਂ ਕਹਾਣੀ ਹੀ ਕਿਸੇ ਫਿਲਮ ਦੀ ਸਫਲਤਾ ਦਾ ਆਧਾਰ ਬਣਦੀ ਹੈ। ਫਿਲਮ ਵਿਚ ਭਾਵੇਂ ਛੋਟੇ ਕਲਾਕਾਰ ਹੋਣ ਪਰ ਕਹਾਣੀ ਚੰਗੀ ਹੋਵੇ ਤਾਂ ਉਹ ਫਿਲਮ ਵੀ ਲੋਕਾਂ ਵਿਚ ਆਪਣਾ ਅਹਿਮ ਸਥਾਨ ਬਣਾ ਲੈਂਦੀ ਹੈ।
ਉਨ੍ਹਾਂ ਨੇ ਅੱਜ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ '21 ਤੋਪਾਂ ਦੀ ਸਲਾਮੀ' ਫਿਲਮ ਵਿਚ ਭਾਵੇਂ ਨਾਮੀ ਕਲਾਕਾਰ ਨਹੀਂ ਹਨ ਪਰ ਕਹਾਣੀ ਦਮਦਾਰ ਹੈ। ਇਸ ਲਈ ਇਹ ਫਿਲਮ ਸਮਾਜ ਵਿਚ ਸਰਾਹੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਤਨੀ ਕਿਰਨ ਖੇਰ ਦੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣ ਜਾਣ ਮਗਰੋਂ ਹੁਣ ਤਾਂ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਹੀ ਨਹੀਂ ਮਿਲਦਾ, ਕਿਉਂਕਿ ਖੇਰ ਦੇ ਸਿਆਸੀ ਤੇ ਫਿਲਮੀ ਦੋਵਾਂ ਖੇਤਰਾਂ ਵਿਚ ਰੁਝੇਵੇਂ ਵਧ ਗਏ ਹਨ।
ਉਨ੍ਹਾਂ ਕਿਹਾ ਕਿ ਕਿਰਨ ਖੇਰ ਚੰਡੀਗੜ੍ਹ ਤੇ ਦਿੱਲੀ ਵਿਚ ਰਹਿੰਦੀ ਹੈ, ਜਦ ਕਿ ਉਨ੍ਹਾਂ ੇਨੂੰ ਕਦੇ ਮੁੰਬਈ ਤੇ ਕਦੇ ਵਿਦੇਸ਼ ਵਿਚ ਰਹਿਣਾ ਪੈਂਦਾ ਹੈ। ਪਤਨੀ ਨਾਲ ਮੁਲਾਕਾਤ ਤਾਂ ਚਲਦੇ-ਫਿਰਦੇ ਹੀ ਹੁੰਦੀ ਹੈ। ਕਦੇ ਦਿੱਲੀ ਵਿਚ ਅਚਾਨਕ ਮਿਲ ਜਾਂਦੀ ਹੈ ਤੇ ਕਦੇ ਚੰਡੀਗੜ੍ਹ ਵਿਚ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੱਲ ਰਿਲੀਜ਼ ਹੋਣ ਜਾ ਰਹੀ '21 ਤੋਪੋਂ ਕੀ ਸਲਾਮੀ' ਫਿਲਮ ਵੀ 'ਸਪੈਸ਼ਲ-26' ਵਾਂਗ ਹੀ ਸਰਾਹੀ ਜਾਵੇਗੀ। 'ਸਪੈਸ਼ਲ 26' ਦੀ ਆਪਣੀ ਇਕ ਵੱਖਰੀ ਕਹਾਣੀ ਸੀ ਅਤੇ '21 ਤੋਪੋਂ ਕੀ ਸਲਾਮੀ' ਇਕ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ ਹੈ।
ਉਨ੍ਹਾਂ ਦਸਿਆ ਕਿ ਇਸ ਫਿਲਮ ਵਿਚ ਉਹ ਪਿਤਾ ਦੀ ਭੂਮਿਕਾ ਵਿਚ ਦਿਖਾਈ ਦੇਣਗੇ, ਜਿਸ ਦੇ ਲੜਕੇ ਸਮੇਂ-ਸਮੇਂ 'ਤੇ ਉਸ ਦਾ ਅਪਮਾਨ ਕਰਦੇ ਹਨ। ਪਿਤਾ ਦੇ ਮਰਦੇ ਸਮੇਂ ਉਹ ਪੁੱਤਰਾਂ ਕੋਲੋਂ ਇਹੀ ਮੰਗਦਾ ਹੈ ਕਿ ਉਹ ਉਸ ਨੂੰ '21 ਤੋਪਾਂ ਦੀ ਸਲਾਮੀ' ਦਿਵਾਉਣ। ਕੀ ਪੁੱਤਰ ਇਸ ਵਿਚ ਕਾਮਯਾਬ ਹੋ ਸਕਣਗੇ। ਇਸ ਦਾ ਪਤਾ ਤਾਂ ਲੋਕਾਂ ਨੂੰ ਮੂਵੀ ਦੇਖਣ ਮਗਰੋਂ ਹੀ ਲੱਗੇਗਾ।
ਅਨੁਪਮ ਖੇਰ ਨੇ ਕਿਹਾ ਕਿ ਫਿਲਮ ਵਿਚ ਪੁੱਤਰ ਭ੍ਰਿਸ਼ਟਾਚਾਰ ਵਿਚ ਭਰੋਸਾ ਰੱਖਦੇ ਹਨ, ਜਦ ਕਿ ਪਿਤਾ ਪੂਰੀ ਤਰ੍ਹਾਂ ਇਮਾਨਦਾਰ ਵਿਅਕਤੀ ਹੁੰਦਾ ਹੈ। ਇਸ ਲਈ ਉਨ੍ਹਾਂ ਵਿਚਾਲੇ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਕਦੇ ਪੁੱਤਰ ਦੀ ਭੂਮਿਕਾ ਕਿਸੇ ਫਿਲਮ ਵਿਚ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਮੈਨੂੰ ਯਾਦ ਹੈ ਉਨ੍ਹਾਂ ਨੂੰ ਪੁੱਤਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਹੀ ਨਹੀਂ ਮਿਲਿਆ ਪਰ ਪਿਤਾ ਦੀ ਭੂਮਿਕਾ ਵਿਚ ਉਹ ਕਈ ਫਿਲਮਾਂ ਵਿਚ ਆ ਚੁੱਕੇ ਹਨ।
ਅਨੁਪਮ ਖੇਰ ਨੇ ਕਿਹਾ ਕਿ ਅੱਜਕਲ ਹਰੇਕ ਇਨਸਾਨ ਕਿਸੇ ਨਾ ਕਿਸੇ ਤਣਾਅ ਵਿਚੋਂ ਲੰਘਦਾ ਹੈ। ਅਜਿਹੀ ਹਾਲਤ ਵਿਚ ਫਿਲਮਾਂ ਵਿਚ ਕਾਮੇਡੀ ਲੋਕਾਂ ਨੂੰ ਜ਼ਿਆਦਾ ਤਣਾਅ ਤੋਂ ਮੁਕਤੀ ਦਿਵਾਉਂਦੀ ਹੈ। ਉਨ੍ਹਾਂ ਦਸਿਆ ਕਿ ਕਾਮੇਡੀ ਦੇ ਜ਼ੋਰ 'ਤੇ ਲੋਕ ਘੱਟੋ-ਘੱਟ ਕੁਝ ਸਮੇਂ ਲਈ ਹੱਸ ਤਾਂ ਲੈਂਦੇ ਹਨ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਪਸੰਦ ਕਲਾਕਾਰਾਂ ਵਿਚ ਰਣਬੀਰ ਕਪੂਰ, ਕੰਗਨਾ ਰਾਣਾਵਤ ਤੇ ਆਲੀਆ ਭੱਟ ਆਦਿ ਸ਼ਾਮਲ ਹਨ। ਇਨ੍ਹਾਂ ਦਾ ਭਵਿੱਖ ਸੁਨਹਿਰਾ ਹੈ। ਖੇਰ ਨੇ ਕਿਹਾ ਕਿ ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਚੰਗਾ ਤੇ ਬੁਰਾ ਵਕਤ ਆਉਂਦਾ ਹੈ। ਇਸ ਲਈ ਉਸ ਨੂੰ ਹਮੇਸ਼ਾ ਹਰ ਹਾਲਤ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਇਨਸਾਨ ਨੂੰ ਮਿਹਨਤ ਵਿਚ ਭਰੋਸਾ ਰੱਖਣਾ ਚਾਹੀਦਾ। ਇਨਸਾਨ 80 ਫੀਸਦੀ ਜ਼ਿੰਦਗੀ ਆਮ ਜਿਊਂਦਾ ਹੈ, ਜਦ ਕਿ 20 ਫੀਸਦੀ ਜ਼ਿੰਦਗੀ ਵਿਚ ਰੋਮਾਂਚ ਹੁੰਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਹਰ ਭੂਮਿਕਾ ਬਾਖੂਬੀ ਨਿਭਾ ਲੈਂਦੇ ਹੋ, ਉਨ੍ਹਾਂ ਹੱਸਦੇ ਹੋਏ ਕਿਹਾ ਕਿ ਇਸ ਦਾ ਮਤਲਬ ਕਿ ਮੈਂ ਇਕ ਚੰਗਾ ਐਕਟਰ ਹਾਂ।
ਪਿਤਾ ਪੁਸ਼ਕਰ ਨਾਥ ਨਾਲ ਬੇਹੱਦ ਮੋਹ ਸੀ
ਅਨੁਪਮ ਖੇਰ ਨੇ ਕਿਹਾ ਕਿ ਉਹ ਆਪਣੇ ਪਿਤਾ ਸਵਰਗੀ ਪੁਸ਼ਕਰ ਨਾਥ ਨਾਲ ਕਾਫੀ ਮੋਹ ਰੱਖਦੇ ਸਨ। ਉਨ੍ਹਾਂ ਨਾਲ ਉਸ ਦਾ ਕਾਫੀ ਪਿਆਰ ਸੀ। ਸਮੇਂ-ਸਮੇਂ 'ਤੇ ਉਹ ਉਸ ਨੂੰ ਸਹੀ ਦਿਸ਼ਾ ਦਿਖਾਦੇ ਸਨ। ਇਹ ਪੁੱਛੇ ਜਾਣ 'ਤੇ ਕਿ ਤੁਸੀਂ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦੇ ਹੋ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਬੈਸਟ ਫਰੈਂਡ ਹੈ ਅਤੇ ਪਤਨੀ ਨਾਲ ਵੀ ਉਨ੍ਹਾਂ ਦਾ ਪੂਰਾ ਮੋਹ ਹੈ। ਪਿਤਾ ਤੇ ਪਤਨੀ ਦਾ ਰਿਸ਼ਤਾ ਵੱਖ-ਵੱਖ ਹੁੰਦਾ ਹੈ ਅਤੇ ਹਰੇਕ ਇਨਸਾਨ ਨੂੰ ਇਸ ਵਿਚ ਤਾਲਮੇਲ ਬਣਾਉਣਾ ਚਾਹੀਦਾ ਹੈ।
ਪੰਜਾਬ ਕੇਸਰੀ ਵਿਚ ਫੋਟੋ ਨਾ ਛਪਣ 'ਤੇ ਪਿਤਾ ਕੋਲੋਂ ਪੈਂਦੀਆਂ ਸਨ ਝਿੜਕਾਂ
ਅਨੁਪਮ ਖੇਰ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਪੁਸ਼ਕਰ ਲਾਲ ਸ਼ਿਮਲਾ ਵਿਚ ਰਹਿੰਦੇ ਸਨ ਅਤੇ ਉਹ 'ਪੰਜਾਬ ਕੇਸਰੀ' ਪੜ੍ਹਨ ਦੇ ਕਾਫੀ ਸ਼ੌਕੀਨ ਸਨ। ਜਦ ਵੀ ਉਨ੍ਹਾਂ ਦੀ 'ਪੰਜਾਬ ਕੇਸਰੀ' ਵਿਚ ਫੋਟੋ ਨਹੀਂ ਛਪਦੀ ਸੀ ਤਾਂ ਪਿਤਾ ਤੋਂ ਝਿੜਕਾਂ ਮਿਲਦੀਆਂ ਸਨ। ਪਿਤਾ ਇਹ ਕਹਿੰਦੇ ਸਨ ਕਿ ਅੱਜਕਲ ਉਹ ਕੰਮ ਨਹੀਂ ਕਰ ਰਿਹਾ, ਇਸ ਲਈ ਉਸ ਦੀਆਂ ਤਸਵੀਰਾਂ ਅਖਬਾਰਾਂ ਵਿਚ ਨਹੀਂ ਆ ਰਹੀਆਂ ਹਨ।
ਆਈ. ਟੀ. ਟਰੇਡਰਸ ਨੇ ਈ-ਕਾਮਰਸ ਕੰਪਨੀਆਂ ਦੇ ਖਿਲਾਫ ਮੋਰਚਾ ਖੋਲ੍ਹਿਆ
NEXT STORY