ਨਵੀਂ ਦਿੱਲੀ/ਇਸਲਾਮਾਬਾਦ—18ਵੇਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ (ਸਾਰਕ) ਸੰਮੇਲਨ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਦੋਪੱਖੀ ਵਾਰਤਾ ਨਹੀਂ ਹੋਵੇਗੀ। ਹਾਲਾਂਕਿ ਇਸ ਸਿਲਸਿਲੇ ਵਿਚ ਕੋਈ ਅਧਿਕਾਰਤ ਬਿਆਨ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਸਰਹੱਦ 'ਤੇ ਲਗਾਤਾਰ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਭਾਵੇਂ ਹੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਇਕ ਮੰਚ ਸਾਂਝਾ ਕਰਨ ਪਰ ਦੋਹਾਂ ਦੇ ਵਿਚ ਕੋਈ ਵਾਰਤਾ ਨਹੀਂ ਹੋਵੇਗੀ।
ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਇਹ ਦੂਜਾ ਮੌਕਾ ਹੈ ਕਿ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਇਕ ਹੀ ਮੰਚ ਤੋਂ ਆਪਣੀ ਗੱਲ ਰੱਖਣਗੇ। ਭਾਰਤ ਦੀ ਚਿਤਾਵਨੀ ਦੇ ਬਾਵਜੂਦ ਵੀ ਪਾਕਿਸਤਾਨ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਨਾਲ ਗੱਲਬਾਤ ਨੂੰ ਭਾਰਤ ਸਰਕਾਰ ਨਾਲ ਸਿੱਧੀ ਗੱਲਬਾਤ ਕਰਨ ਤੋਂ ਵਧੇਰੇ ਤਰਜੀਹ ਦੇ ਰਿਹਾ ਹੈ। ਇਸ ਕਰਕੇ ਭਾਰਤ ਨੇ 25 ਅਗਸਤ ਨੂੰ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰੀ ਵਾਰਤਾ ਰੱਦ ਕਰ ਦਿੱਤੀ ਸੀ। ਇਸ ਦੇ ਬਾਅਦ ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਵਿਚ ਵੀ ਕਸ਼ਮੀਰ ਮੁੱਦਾ ਚੁੱਕਿਆ ਸੀ। ਇਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚ ਦੀ ਖੱਡ ਹੋਰ ਡੂੰਘੀ ਹੋ ਗਈ।
ਅੱਠ ਦੇਸ਼ਾਂ ਦੇ ਸਮੂਹ ਸਾਰਕ ਦੇ ਦੋ ਵੱਡੇ ਮੈਂਬਰਾਂ ਵਿਚ ਮੌਜੂਦ ਤਣਾਅ ਦਾ ਅਸਰ ਸੰਮੇਲਨ 'ਤੇ ਵੀ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਰਾਜਦੂਤ ਅਤੇ ਪੱਤਰਕਾਰਾਂ ਦੇ ਇਕ ਸਮੂਹ ਨੇ ਵਾਰਤਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਇਸ ਗਰੁੱਪ ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰ, ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਸਾਬਕਾ ਪੈਟਰੋਲੀਅਮ ਮੰਤਰੀ ਮਣੀਸ਼ੰਕਰ ਅਯਰ ਸ਼ਾਮਲ ਹਨ।
ਕਸੂਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਦੋ ਪੱਖੀ ਵਾਰਤਾ ਦੁਬਾਰਾ ਸ਼ੁਰੂ ਕਰਨ ਦਾ ਮੌਕਾ ਗਵਾਉਣਾ ਨਹੀਂ ਚਾਹੀਦਾ। ਜ਼ਿਕਰਯੋਗ ਹੈ ਕਿ 26 ਅਤੇ 27 ਨਵੰਬਰ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਸਾਰਕ ਸੰਮੇਲਨ ਹੋਵੇਗਾ।
ਨਵਾਜ਼ ਫਿਰ ਛੇੜਿਆ ਕਸ਼ਮੀਰ ਰਾਗ, ਓਬਾਮਾ ਨੂੰ ਦਖਲ ਦੇਣ ਨੂੰ ਕਿਹਾ
NEXT STORY