ਸਿਡਨੀ— ਭਾਰਤ ਦੇ ਅਨਸ਼ਾਸਨਹੀਣ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਵਿਰੁੱਧ ਚੌਥੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਚਾਹ ਦੇ ਆਰਾਮ ਤੋਂ ਬਾਅਦ 213 ਦੌੜਾਂ ਦੇ ਦਿੱਤੀਆਂ ਤੇ ਟੀਮ ਨੂੰ ਆਖਰੀ ਦਿਨ ਦੀ ਮੁਸ਼ਕਿਲ ਵਿਕਟ 'ਤੇ ਮੈਚ ਬਚਾਉਣ ਲਈ ਚੁਣੌਤੀਪੂਰਨ ਸਥਿਤੀ 'ਚ ਧੱਕ ਦਿੱਤਾ।
ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 97 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ 40 ਓਵਰਾਂ ਵਿਚ ਛੇ ਵਿਕਟਾਂ 'ਤੇ 251 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਨਾਲ ਉਸ ਦੀ ਕੁਲ ਬੜ੍ਹਤ 348 ਦੌੜਾਂ ਦੀ ਹੋ ਗਈ ਹੈ। ਪੂਰੀ ਸੰਭਾਵਨਾ ਹੈ ਕਿ ਉਹ ਕੱਲ ਇਸੇ ਸਕੋਰ 'ਤੇ ਪਾਰੀ ਖਤਮ ਐਲਾਨ ਕਰਕੇ ਭਾਰਤ ਨੂੰ ਆਖਰੀ ਦਿਨ ਅਜਿਹੀ ਪਿੱਚ 'ਤੇ ਮੈਚ ਬਚਾਉਣ ਦੀ ਚੁਣੌਤੀ ਦੇਵੇਗਾ, ਜਿਹੜੀ ਕਾਫੀ ਟਰਨ ਲੈ ਰਹੀ ਹੈ।
ਭਾਰਤ ਦੀ ਲੱਚਰ ਗੇਂਦਬਾਜ਼ੀ ਦਾ ਆਲਮ ਇਹ ਸੀ ਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇਕੱਲੇ ਨੇ ਸਿਰਫ ਤਿੰਨ ਓਵਰਾਂ 'ਚ 45 ਦੌੜਾਂ ਦੇ ਦਿੱਤੀਆਂ, ਹਾਲਾਂਕਿ ਆਰ. ਅਸ਼ਵਿਨ ਨੇ 105 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਹੜਾ ਵਿਦੇਸ਼ੀ ਧਰਤੀ 'ਤੇ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਭਾਰਤ ਨੇ ਸਵੇਰੇ 5 ਵਿਕਟਾਂ 'ਤੇ 342 ਦੌੜਾਂ ਤੋਂ ਅੱਗੇ ਖੇਡਦੇ ਹੋਏ ਕਪਤਾਨ ਵਿਰਾਟ ਕੋਹਲੀ (147) ਦੀ ਵਿਕਟ ਪੰਜਵੇਂ ਓਵਰ ਵਿਚ ਗੁਆ ਦਿੱਤੀ, ਜਿਸ ਨਾਲ ਉਸ 'ਤੇ ਫਾਲੋਆਨ ਦਾ ਖਤਰਾ ਮੰ²ਡਰਾਉਣ ਲੱਗਾ ਸੀ ਪਰ ਅਸ਼ਵਿਨ (50), ਰਿਧੀਮਾਨ ਸਾਹਾ (35) ਤੇ ਭੁਵਨੇਸ਼ਵਰ ਕੁਮਾਰ ਨੇ ਸੰਘਰਸ਼ਪੂਰਨ ਬੱਲੇਬਾਜ਼ੀ ਕਰਦੇ ਹੋਏ ਟੀਮ ਤੋਂ ਇਹ ਖਤਰਾ ਟਾਲ ਦਿੱਤਾ।
ਅਸ਼ਵਿਨ ਨੂੰ ਸਿਡਨੀ ਦੀ ਵਿਕਟ ਤੋਂ ਜਿਸ ਤਰ੍ਹਾਂ ਨਾਲ ਮਦਦ ਮਿਲ ਰਹੀ ਸੀ, ਉਸ ਨੂੰ ਦੇਖਦੇ ਹੋਏ ਭਾਰਤ ਲਈ ਆਸਟ੍ਰੇਲੀਆਈ ਸਪਿਨਰ ਨਾਥਨ ਲਿਓਨ ਸਾਹਮਣੇ ਮੈਚ ਬਚਾਉਣਾ ਚੁਣੌਤੀਪੂਰਨ ਹੋਵੇਗਾ। ਭਾਰਤੀ ਬੱਲੇਬਾਜ਼ਾਂ ਨੂੰ ਪੂਰੇ ਪੰਜਵੇਂ ਦਿਨ ਟਿਕੇ ਰਹਿਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।
ਸਿਡਨੀ 'ਚ ਸਫਲਤਾਪੂਰਵਕ ਸਭ ਤੋਂ ਵੱਧ ਟੀਚਾ ਹਾਸਲ ਕਰਨ ਦਾ ਰਿਕਾਰਡ ਆਸਟ੍ਰੇਲੀਆ ਦੇ ਨਾਂ ਹੈ, ਜਿਸ ਨੇ 2006 ਵਿਚ ਦੱਖਣੀ ਅਫਰੀਕਾ ਵਿਰੁੱਧ ਚਾਰ ਵਿਕਟਾਂ 'ਤੇ 288 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਸੀ। ਮਹਿਮਾਨ ਟੀਮਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਨੇ ਇਕ ਸਦੀ ਤੋਂ ਵੱਧ ਸਮਾਂ ਪਹਿਲਾਂ 1903 ਵਿਚ 194 ਦੌੜਾਂ ਦਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ ਸੀ।
ਆਸਟ੍ਰੇਲੀਆ ਦੀ ਨਜ਼ਰ ਹੁਣ ਨਿਸ਼ਚਿਤ ਤੌਰ 'ਤੇ ਲੜੀ 3-0 ਨਾਲ ਜਿੱਤਣ 'ਤੇ ਟਿਕੀ ਹੋਵੇਗੀ। ਉਸ ਦੇ ਬੱਲੇਬਾਜ਼ਾਂ ਨੇ ਦੂਜੀ ਪਾਰੀ ਵਿਚ ਸ਼ੁਰੂਆਤ ਤੋਂ ਹੀ ਭਾਰਤੀ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਸ਼ਵਿਨ ਨੇ ਭਾਵੇਂ ਹੀ ਚਾਰ ਵਿਕਟਾਂ ਲਈਆਂ ਪਰ ਇਸ ਨਾਲ ਵੱਧ ਪ੍ਰਭਾਵ ਨਾ ਪਿਆ ਕਿਉਂਕਿ ਕਪਤਾਨ ਸਟੀਵਨ ਸਮਿਥ (71) ਨੇ ਫਿਰ ਤੋਂ ਸ਼ਾਨਦਾਰ ਸ਼ਾਟਾਂ ਨਾਲ ਭਰੀ ਜ਼ਬਰਦਸਤ ਪਾਰੀ ਖੇਡੀ।
ਭਾਰਤ ਕੱਲ ਜਿੱਤ ਲਈ ਖੇਡੇਗਾ: ਅਸ਼ਵਿਨ
NEXT STORY