''ਗੋਰਿਆ ! ਸਿਲੰਡਰ ਵਾਲਾ ਸਿਲੰਡਰ ਦੇ ਗਿਆ ਸੀ?'' ਘਰ ਵੜ੍ਹਦਿਆਂ ਹੀ ਮੈਂ ਆਪਣੇ ਛੋਟੇ ਮੁੰਡੇ ਸੁਖਜੀਵਨ ਜਿਸ ਦਾ ਲਾਡਲਾ ਨਾਂ ਗੋਰਾ ਹੈ, ਨੂੰ ਪੁੱਛਿਆ। 'ਹਾਂ ਪਾਪਾ! ਦੇ ਗਿਆ ਸੀ।'' ਉਸ ਨੇ ਸੰਖੇਪ ਉੱਤਰ ਦਿੱਤਾ।ਕਿੰਨੇ ਪੈਸੇ ਲੈ ਗਿਆ? 'ਛੇ ਸੌ ਸੱਠ ਰੁਪਏ।'' ਲਿਆ ਪਰਚੀ ਤਾਂ ਦਿਖਾ। ਜਦੋਂ ਉਸ ਨੇ ਪਰਚੀ ਦਿਖਾਈ ਤਾਂ ਉਸ ਦੇ ਉਪਰ 651 ਰੁਪਏ ਲਿਖੇ ਹੋਏ ਸਨ ਜੋ ਕਿ ਸਿਲੰਡਰ ਦਾ ਸਹੀ ਰੇਟ ਸੀ।ਸਿਲੰਡਰ ਵਾਲਾ ਗੋਰੇ ਨੂੰ ਨਿਆਣ-ਸਿਆਣ ਮੁੰਡਾ ਦੇਖ ਕੇ ਨਿਰਧਾਰਿਤ ਕੀਮਤ ਤੋਂ ਨੌ ਰੁਪਏ ਫਾਲਤੂ ਲੈ ਗਿਆ ਸੀ ਜੋ ਕਿ ਉਸ ਦੀ ਆਪਣੀ ਜੇਬ੍ਹ 'ਚ ਜਾ ਜੁੜਨੇ ਸਨ। ਸਿਲੰਡਰ ਵਾਲੇ ਦੀ ਇਸ ਠੱਗੀ 'ਤੇ ਸਿਲੰਡਰ ਵਾਲੇ ਨਾਲੋਂ ਵੱਧ ਗੁੱਸਾ ਆਪਣੇ ਮੁੰਡੇ ਗੋਰੇ 'ਤੇ ਆਇਆ, ਜਿਸ ਦੀ ਬੇਧਿਆਨੀ/ਲਾਪਰਵਾਹੀ ਕਾਰਨ ਸਿਲੰਡਰ ਵਾਲਾ ਭੱਈਆ ਆਪਣਾ ਦਾਅ ਲਗਾ ਕੇ ਚਲਾ ਗਿਆ ਸੀ।ਉਸ (ਗੋਰੇ) ਦੀ ਇਸ ਨਾਲਾਇਕੀ 'ਤੇ ਉਸ ਨੂੰ ਬੁਰਾ-ਭਲਾ ਵੀ ਬਥੇਰਾ ਕਹਿ ਲਿਆ ਪਰ ਇਸ ਤਰ੍ਹਾਂ ਕਰਕੇ ਕੁਝ ਹੱਥ-ਪੱਲੇ ਨਾ ਪਿਆ।ਅਜੋਕੇ ਸਮੇਂ 'ਚ ਨੌ ਰੁਪਏ ਦੀ ਰਕਮ ਚਾਹੇ ਕੋਈ ਬਹੁਤੀ ਵੱਡੀ ਰਕਮ ਨਹੀਂ ਗਿਣੀ ਜਾਂਦੀ ਪਰ ਕਿਰਤੀ ਪਰਿਵਾਰਕ ਪਿਛੋਕੜ ਅਤੇ ਪੂਰਾ-ਸੂਰਾ ਹੋਣ ਕਰਕੇ ਇਨ੍ਹਾਂ 'ਭੰਗ ਦੇ ਭਾੜੇ' ਗਏ ਨੌਂ ਰੁਪਇਆਂ ਦੀ ਰੜਕ ਪੈਣੋਂ ਨਹੀਂ ਹੱਟ ਰਹੀ ਸੀ।ਇਸ ਰੜਕ ਦੇ ਅਸਰ ਹੇਠ ਮੈਂ 'ਕੈਲਾਸ਼ ਗੈਸ ਏਜੰਸੀ' ਦੇ ਮੈਨੇਜਰ ਕੋਲ ਚਲਾ ਗਿਆ।ਗੈਸ ਸਿਲੰਡਰ ਦੇ ਕੁੱਝ ਲੇਟ ਹੋਣ ਕਾਰਨ ਮੈਂ ਦੋ ਵਾਰੀ ਪਹਿਲਾਂ ਵੀ ਇਸ ਮੈਨੇਜਰ ਕੋਲ ਜਾ ਚੁੱਕਾ ਸੀ। ਇਸ ਲਈ ਦਫਤਰ ਦੀ ਦਹਿਲੀਜ਼ 'ਤੇ ਪੈਰ ਪਾਉਂਦਿਆਂ ਹੀ ਮੈਨੇਜਰ ਬੋਲਿਆ-'ਕੀ ਗੱਲ! ਪਹੁੰਚਿਆ ਨਹੀਂ ਅਜੇ ਤੁਹਾਡਾ ਸਿਲੰਡਰ?'' 'ਪਹੁੰਚ ਤਾਂ ਗਿਆ ਪਰ ਸਿਲੰਡਰ ਦਾ ਰੇਟ ਕੀ ਹੈ?'' ਮੈਂ ਪਰਚੀ ਉਪਰ ਲਿਖੇ ਅਤੇ ਭੱਈਏ ਵਲੋਂ ਲਏ ਪੈਸਿਆਂ ਵਿਚਲੇ ਫਰਕ ਦੀ ਪੁਸ਼ਟੀ ਕਰਵਾਉਣ ਲਈ ਪੁੱਛਿਆ। 651 ਰੁਪਏ।ਪਹਿਲਾਂ ਨਾਲੋਂ ਘੱਟ ਗਿਆ ਨਾ। ਹੁਣ ਵਾਲਾ ਰੇਟ ਦੱਸਣ ਦੇ ਨਾਲ-ਨਾਲ ਮੈਨੇਜਰ ਨੇ ਪਹਿਲੇ ਪ੍ਰਾਪਤ ਸਿਲੰਡਰਾਂ ਦੀਆਂ ਕੀਮਤਾਂ ਦਾ ਤੁਲਨਾਤਮਕ ਪੱਖ ਵੀ ਬਿਆਨ ਕਰ ਦਿੱਤਾ ਪਰ ਤੁਹਾਡਾ ਬੰਦਾ ਤਾਂ ਛੇ ਸੌ ਸੱਠ ਰੁਪਏ ਲੈ ਕੇ ਆਇਆ। ਮੈਂ ਆਪਣੇ ਨਾਲ ਹੋਈ ਮਾਇਕ ਵਧੀਕੀ ਦਾ ਜਿਕਰ ਕਰਦਿਆਂ ਕਿਹਾ। 'ਫਿਰ ਕੀ ਹੋਇਆ ਉਸ ਨੇ 'ਚਾਹ-ਪਾਣੀ' ਨਹੀਂ ਸੀ ਪੀਣਾ।ਆਪਣੇ ਭੱਈਏ ਦੀ ਠੱਗੀ ਦਾ ਪੱਖ ਪੂਰਦਿਆਂ 'ਕੈਲਾਸ਼ ਗੈਸ ਏਜੰਸੀ ਦੇ ਮੈਨੇਜ਼ਰ ਨੇ ਕਿਹਾ। ਕੀ ਗੱਲ ਚਾਹ-ਪਾਣੀ ਤੁਸੀਂ ਨਹੀਂ ਪਿਉਂਦੇ? ਮੈਂ ਉਸ ਦੇ ਇਸ ਗੈਰ ਜ਼ਿੰਮੇਵਾਰਨਾ ਜਵਾਬ ਦਾ ਜਵਾਬ ਦਿੰਦਿਆਂ ਕਿਹਾ। 'ਕਿੱਥੇ ਜੀ! ਸਗੋਂ ਮੈਂ ਤਾਂ ਆਪ ਇਨ੍ਹਾਂ ਕੋਲੋਂ ਪੀਣਾ। ਮੈਨੇਜਰ ਦੇ ਇਸ ਸਾਫ਼ਗੋਈ ਵਾਲੇ ਬਿਆਨ ਨੂੰ ਮੈਂ ਮਜ਼ਾਕੀਆ ਸਮਝਾਂ ਕਿ 'ਰਲੀਆਂ ਚੁੱਗਣ' ਵਾਲਾ, ਇਸ ਦਾ ਫੈਸਲਾ ਕਰਨਾ ਮੇਰੇ ਲਈ ਬਹੁਤ ਔਖਾ ਹੋ ਗਿਆ।ਅਤੇ ਇਸ ਔਖਿਆਈ ਨੂੰ ਕੁੱਛੜ ਚੁੱਕ ਕੇ ਮੈਂ ਆਪਣੇ ਘਰ ਪਰਤ ਆਇਆ।
ਰਮੇਸ਼ ਬੱਗਾ ਚੋਹਲਾ
ਇਸਲਾਮ ਦੇ ਪੰਜ ਥੰਮ ਅਤੇ ਈਦ ਦੀ ਸਾਰਥਿਕਤਾ
NEXT STORY