ਬਠਿੰਡਾ, (ਵਰਮਾ)-ਪੁਲਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਗੈਂਗਸਟਰ ਨਾ ਤਾਂ ਉਨ੍ਹਾਂ ਦੀ ਪਕੜ ਵਿਚ ਆਉਂਦੇ ਹਨ ਅਤੇ ਨਾ ਹੀ ਆਪਣੇ ਕਾਰਨਾਮਿਆਂ ਤੋਂ ਪਿੱਛੇ ਹਟਦੇ ਹਨ, ਜਿਸ ਕਾਰਨ ਪੰਜਾਬ ਦੇ ਲੋਕ ਦਹਿਸ਼ਤ 'ਚ ਹਨ। ਗੈਂਗਸਟਰਾਂ ਵਿਚ ਸਭ ਤੋਂ ਵੱਡਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ, ਉਹ ਵਿੱਕੀ ਗੌਂਡਰ ਦਾ ਹੈ, ਜੋ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਅਪਲੋਡ ਕਰ ਰਿਹਾ ਹੈ।
ਫਿਰ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲਗ ਰਿਹਾ। ਖੁਫੀਆ ਏਜੰਸੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਭੱਜੇ ਵਿੱਕੀ ਗੌਂਡਰ ਨੇ ਏਅਰਪੋਰਟ ਤੋਂ ਹੀ ਆਪਣੀ ਫੋਟੋ ਫੇਸਬੁੱਕ 'ਤੇ ਪਾ ਕੇ ਪੁਲਸ ਨੂੰ ਚੈਲੰਜ ਕੀਤਾ ਕਿ ਉਹ ਉਸ ਨੂੰ ਗ੍ਰਿਫਤਾਰ ਕਰਕੇ ਦਿਖਾਉਣ। ਇਸ ਗੈਂਗਸਟਰ ਨੇ ਆਪਣੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜਲਦੀ ਹੀ ਉਨ੍ਹਾਂ ਦਾ ਕੰਮ ਤਮਾਮ ਕਰ ਦਿੱਤਾ ਜਾਵੇਗਾ। ਨਾਭਾ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਿਆ ਅਤੇ ਆਪਣੇ ਗੁੱਟ ਨੂੰ ਵੀ ਕਾਫੀ ਮਜ਼ਬੂਤ ਕਰ ਲਿਆ।
ਜਾਣਕਾਰੀ ਅਨੁਸਾਰ ਉਸ ਨੇ ਗਾਇਕ ਜੈਲੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹਫਤੇ ਵਿਚ ਲੱਗਭਗ 2-3 ਘਟਨਾਵਾਂ ਗੈਂਗਸਟਰਾਂ ਦੀਆਂ ਹੋ ਰਹੀਆਂ ਹਨ, ਜਦਕਿ ਫਗਵਾੜਾ ਵਿਚ ਸਾਬਕਾ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਨੂੰ ਗੋਲੀਆਂ ਨਾਲ ਮਾਰ ਦਿੱਤਾ।
ਕੁਝ ਦਿਨ ਪਹਿਲਾਂ ਜਿਥੇ 30 ਕਿਲੋਮੀਟਰ ਦੂਰ ਜੈਤੋ ਵਿਚ 2 ਗੈਂਗਸਟਰਾਂ ਨੇ ਦਿਨ-ਦਿਹਾੜੇ ਸ਼ੈਲਰ ਮਾਲਕ ਪੱਪੂ ਕੋਚਰ ਨੂੰ ਮਾਰ ਦਿੱਤਾ ਅਤੇ ਗੈਂਗਸਟਰ ਗੁਰਬਖਸ਼ ਸਿੰਘ ਸੇਬੇਵਾਲਾ ਤੇ ਸਿਮਰਜੀਤ ਉਰਫ ਸਿੰਮੀ ਨੇ ਇਸ ਹੱਤਿਆ ਦੀ ਜ਼ਿੰਮੇਦਾਰੀ ਲੈ ਕੇ ਪੂਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ।
ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਗੈਂਗਸਟਰਾਂ ਦਾ ਬਠਿੰਡਾ ਵਿਚ ਕਾਫੀ ਆਉਣਾ-ਜਾਣਾ ਹੈ ਅਤੇ ਬਿਨਾਂ ਕਿਸੇ ਡਰ ਦੇ ਉਹ ਆਉਂਦੇ ਹਨ ਅਤੇ ਕਈ-ਕਈ ਦਿਨ ਪਨਾਹ ਲੈਣ ਤੋਂ ਬਾਅਦ ਚਲੇ ਜਾਂਦੇ ਹਨ ਅਤੇ ਪੁਲਸ ਨੂੰ ਉਨ੍ਹਾਂ ਦੀ ਭਿਣਕ ਤੱਕ ਨਹੀਂ ਲੱਗਦੀ। ਦਰਜਨਾਂ ਦੀ ਗਿਣਤੀ ਵਿਚ ਗੈਂਗਸਟਰ ਬਠਿੰਡਾ ਦੇ ਵੱਖ-ਵੱਖ ਖੇਤਰਾਂ ਵਿਚ ਪਨਾਹ ਲੈ ਚੁੱਕੇ ਹਨ ਅਤੇ ਕਈ ਗੈਂਗਸਟਰਾਂ ਦਾ ਪੁਲਸ ਦੇ ਨਾਲ ਇਨਕਾਊਂਟਰ ਵੀ ਹੋ ਚੁੱਕਿਆ ਹੈ।
ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ 'ਤੇ ਗੁੰਡਾਗਰਦੀ ਕਰਨ ਦਾ ਦੋਸ਼
NEXT STORY