ਅੰਮ੍ਰਿਤਸਰ (ਅਨਜਾਣ) : 6 ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ। ਅਰਦਾਸ ਭਾਈ ਸੁਖਦੇਵ ਸਿੰਘ ਪੰਜ ਪਿਆਰਾ ਅਤੇ ਹੁਕਮਨਾਮਾ ਭਾਈ ਗੁਰਬਖਸ਼ੀਸ਼ ਸਿੰਘ ਗ੍ਰੰਥੀ ਨੇ ਲਿਆ। ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਮੁਖਤਾਰ ਸਿੰਘ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ। 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ। ਦੱਸ ਦੇਈਏ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਉਪਰੰਤ ਉਸ ਸਮੇਂ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦਾ ਸੰਦੇਸ਼ ਦੇਣ ਸਮੇਂ ਗਰਮ ਖਿਆਲੀ ਜਥੇਬੰਦੀਆਂ ਵਲੋਂ ਭਾਰੀ ਵਿਰੋਧ ਹੁੰਦਾ ਰਿਹਾ ਤੇ ਹੁਣ ਵੀ ਕੁਝ ਜਥੇਬੰਦੀਆਂ ਵੱਲੋਂ ਮੌਜੂਦਾ ਜਥੇਦਾਰ ਦਾ ਵਿਰੋਧ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਰਕਾਰੀ ਜਥੇਦਾਰਾਂ ਨੂੰ ਨਹੀਂ ਮੰਨਦੇ
ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨੇ ਜਿਥੇ ਸਮਾਗਮ 'ਚ ਸ਼ਾਮਿਲ ਹੋਣ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਚਾਹੇ ਕਿਸੇ ਨੂੰ ਵੀ ਜਥੇਦਾਰ ਥਾਪੇ, ਅਸੀਂ ਸਰਕਾਰੀ ਜਥੇਦਾਰਾਂ ਨੂੰ ਨਹੀਂ ਮੰਨਦੇ। ਅਸੀਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ ਤੇ ਉਨ੍ਹਾਂ ਨਾਲ ਥਾਪੇ ਗਏ ਦੂਸਰੇ ਜਥੇਦਾਰਾਂ ਨੂੰ ਮੰਨਦੇ ਹਾਂ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਜਸਬੀਰ ਸਿੰਘ ਘੁੰਮਣ ਨੇ ਸੰਗਤਾਂ ਨੂੰ ਸਮਾਗਮ 'ਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਸੰਗਤਾਂ ਦੀ ਸਹੂਲਤ ਲਈ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਲਾਈ ਡਿਊਟੀ
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ 6 ਜੂਨ ਨੂੰ ਹੋਣ ਵਾਲੇ ਸਮਾਗਮ ਦੌਰਾਨ ਪ੍ਰਬੰਧ ਨੂੰ ਬਣਾਏ ਰੱਖਣ ਅਤੇ ਸੰਗਤਾਂ ਦੀ ਸਹੂਲਤ ਲਈ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਜਥੇਬੰਦੀਆਂ ਅਤੇ ਨੌਜਵਾਨ ਸਿੱਖ ਬੱਚਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ 6 ਜੂਨ ਵਾਲਾ ਦਿਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਅਤੇ ਦਿੱਲੀ ਦੀ ਸਰਕਾਰ ਵੱਲੋਂ ਕੀਤੀ ਗਈ ਬੇਇਨਸਾਫ਼ੀ ਖਿਲਾਫ਼ ਆਵਾਜ਼ ਉਠਾਉਣ ਲਈ ਹੁੰਦਾ ਹੈ, ਨਾ ਕਿ ਸ਼੍ਰੋਮਣੀ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕਰਨ ਲਈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਅਤੇ ਨੌਜਵਾਨ ਸਿੱਖ ਬੱਚੇ ਸਮਾਗਮ ਦੌਰਾਨ ਪੂਰਾ ਸਹਿਯੋਗ ਦਿੰਦੇ ਹੋਏ ਸ਼ਾਂਤੀ ਬਣਾਈ ਰੱਖਣ ਅਤੇ ਮਰਿਆਦਾ ਦਾ ਵੀ ਖਿਆਲ ਰੱਖਣ।
ਪਿਆਕੜਾ ਨੂੰ ਝਟਕਾ, ਪੰਜਾਬ 'ਚ ਆਈ ਬੀਅਰ ਦੀ ਕਿੱਲਤ
NEXT STORY