ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਆਈ ਲੂਣ ਦੀ ਖੇਪ ’ਚੋਂ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ’ਚ ਮਾਸਟਰਮਾਈਂਡ ਅਤੇ ਹੈਰੋਇਨ ਕਿੰਗ ਰਣਜੀਤ ਸਿੰਘ ਉਰਫ ਚੀਤੇ ਨੂੰ ਤਾਂ ਐੱਨ. ਆਈ. ਏ. ਨੇ 10 ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ। ਚੀਤੇ ਦੇ 30 ਤੋਂ ਵੱਧ ਸਲੀਪਰ ਸੈੱਲ ਅਜੇ ਵੀ ਸੁਰੱਖਿਆ ਏਜੰਸੀਆਂ ਦੇ ਕਾਨੂੰਨੀ ਸ਼ਿਕੰਜੇ ’ਚੋਂ ਬਾਹਰ ਚੱਲ ਰਹੇ ਹਨ ਅਤੇ ਦੇਸ਼-ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਲੁਹਾਰਕਾ ਰੋਡ ਤੋਂ ਫੜੇ ਗਏ ਰਣਜੀਤ ਸਿੰਘ ਚੀਤੇ ਦੇ ਮੁੱਖ ਸਾਥੀ ਮਨਪ੍ਰੀਤ ਸਿੰਘ ਉਰਫ ਅਮਰਜੀਤ ਸਿੰਘ ਦੀ ਗ੍ਰਿਫ਼ਤਾਰੀ ਇਹ ਸਾਬਤ ਕਰਦੀ ਹੈ ਕਿ ਚੀਤੇ ਦੇ ਦਰਜਨਾਂ ਸਾਥੀ ਅਜੇ ਵੀ ਸੁਰੱਖਿਆ ਏਜੰਸੀਆਂ ਦੀ ਪਹੁੰਚ ਤੋਂ ਬਾਹਰ ਚੱਲ ਰਹੇ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਦੀ ਲੋੜ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਕਸਟਮ ਵਿਭਾਗ ਵੱਲੋਂ ਜਦੋਂ ਜੂਨ 2019 ’ਚ ਆਈ. ਸੀ. ਪੀ. ਅਟਾਰੀ ਬਾਰਡਰ ’ਤੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਦਾ ਕੇਸ ਬਣਾਇਆ ਗਿਆ ਸੀ ਤਾਂ ਸ਼ੁਰੂਆਤੀ ਜਾਂਚ ’ਚ ਲੂਣ ਵਪਾਰੀ ਗੁਰਪਿੰਦਰ ਸਿੰਘ, ਇਕ ਸੀ. ਏ. , ਟਰਾਂਸਪੋਰਟਰ ਜਸਬੀਰ ਸਿੰਘ ਅਤੇ ਉਸਦੇ ਮੁੰਡੇ ਹੈਪਟੀ ਤੋਂ ਇਲਾਵਾ ਦਰਜਨਾਂ ਲੋਕਾਂ ਦੀ ਲਿਸਟ ਐੱਨ. ਆਈ. ਏ. ਨੂੰ ਸੌਂਪੀ ਗਈ ਸੀ, ਜੋ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਮੰਗਵਾਉਣ ਦੇ ਕੇਸ ’ਚ ਸ਼ਾਮਲ ਸਨ। ਕਿਸੇ ਹੱਦ ਤਕ ਸਫਲ ਵੀ ਹੋ ਜਾਂਦੇ, ਜੇਕਰ ਆਈ. ਸੀ. ਪੀ. ’ਤੇ ਤਾਇਨਾਤ ਸਨਿੱਫਰ ਡਾਗ ਅਰਜੁਨ ਦੀ ਨਜ਼ਰ ਲੂਣ ਦੀਆਂ ਉਨ੍ਹਾਂ ਬੋਰੀਆਂ ’ਤੇ ਨਾ ਪੈਂਦੀ, ਜਿਨ੍ਹਾਂ ’ਚ ਹੈਰੋਇਨ ਸੀ।
ਇਸ ਕੇਸ ’ਚ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਰਿਹਾ ਕਿ ਐੱਨ. ਆਈ. ਏ. ਨੂੰ ਅਦਾਲਤੀ ਲੜਾਈ ਲੜਨ ਤੋਂ ਬਾਅਦ ਕਸਟਮ ਤੋਂ ਇਹ ਕੇਸ ਖੋਹਣਾ ਪਿਆ, ਜਿਸ ਸਖ਼ਤੀ ਨਾਲ ਇਸ ਕੇਸ ਨੂੰ ਕਸਟਮ ਤੋਂ ਖੋਹਿਆ ਗਿਆ, ਉਨੀ ਸਖ਼ਤੀ ਇਸ ਕੇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਨਹੀਂ ਵਿਖਾਈ ਗਈ। ਕੁਝ ਲੋਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਸ ਕੇਸ ਦੀਆਂ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਇਹ ਕੇਸ ਐੱਨ. ਆਈ. ਏ. ਨੂੰ ਸੌਂਪਿਆ ਗਿਆ ਸੀ ਅਤੇ ਇਸ ਕੇਸ ’ਚ ਹੁਣ ਤੱਕ ਹੋਈ ਕਾਰਗੁਜ਼ਾਰੀ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ।
ਪਾਕਿ ਅੱਤਵਾਦੀਆਂ ਅਤੇ ਪੰਜਾਬ ਦੇ ਸਮੱਗਲਰਾਂ ਦੀ ਮਿਲੀਭੁਗਤ ਖਤਰਨਾਕ
ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਪਾਕਿ ਅਤੇ ਭਾਰਤੀ ਪੰਜਾਬ ’ਚ ਸਰਗਰਮ ਹੈਰੋਇਨ ਸਮੱਗਲਰ ਪਾਕਿ ਦੇ ਅੱਤਵਾਦੀ ਸੰਗਠਨਾਂ ਅਤੇ ਪਾਕਿ ’ਚ ਲੁਕੇ ਖਾਲਿਸਤਾਨੀ ਸਮਰਥਕਾਂ ਦੇ ਸੰਪਰਕ ’ਚ ਨਹੀਂ ਸਨ। ਰਣਜੀਤ ਸਿੰਘ ਚੀਤੇ ਵੱਲੋਂ ਜੰਮੂ-ਕਸ਼ਮੀਰ ’ਚ ਸਰਗਰਮ ਹਿਜ਼ਬੁਲ ਮੁਜ਼ਾਹਦੀਨ ਨੂੰ ਟੈਰਰ ਫੰਡਿੰਗ ਕਰਨ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਪੰਜਾਬ ਦੇ ਵੱਡੇ ਸਮੱਗਲਰ ਇਸ ਸਮੇਂ ਪਾਕਿ ਅੱਤਵਾਦੀ ਸੰਗਠਨਾਂ ਦੇ ਨਾਲ ਹੱਥ ਮਿਲਾ ਚੁੱਕੇ ਹਨ। ਕੁਝ ਦਿਨ ਪਹਿਲਾਂ ਐੱਨ. ਆਈ. ਏ. ਵੱਲੋਂ ਲੁਹਾਰਕਾ ਰੋਡ ਤੋਂ ਗ੍ਰਿਫ਼ਤਾਰ ਕੀਤੇ ਮਨਪ੍ਰੀਤ ਸਿੰਘ ਉਰਫ ਅਮਰਜੀਤ ਸਿੰਘ ਨੂੰ ਹਿਜ਼ਬੁਲ ਨੂੰ ਫੰਡਿੰਗ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਣਜੀਤ ਸਿੰਘ ਚੀਤੇ ਵਾਂਗ ਮਨਪ੍ਰੀਤ ਸਿੰਘ ਵੀ ਹੈਰੋਇਨ ਦੀ ਵਿਕਰੀ ਕਰਕੇ ਇਸ ਤੋਂ ਪੈਦਾ ਹੋਈ ਕਮਾਈ ਨਾਲ ਅੱਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਸੀ ।
ਅੱਤਵਾਦੀਆਂ ਦੀ ਮਦਦ ਨਾਲ ਹੀ ਪਾਕਿ ਤੋਂ ਭੇਜੀ ਗਈ ਸੀ ਹੈਰੋਇਨ ਦੀ ਸਭ ਤੋਂ ਵੱਡੀ ਖੇਪ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਜ਼ਬਤ ਕੀਤੀ ਗਈ ਹੈਰੋਇਨ ਦੀ ਸਭ ਤੋਂ ਵੱਡੀ ਖੇਪ 532 ਕਿਲੋ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਨੇ ਭਾਰਤ ’ਚ ਫੜੀ ਗਈ ਹੈਰੋਇਨ ਦੀ ਖੇਪ ਦੇ ਸਾਰੇ ਰਿਕਾਰਡਤੋੜ ਦਿੱਤੇ ਸਨ। ਪੰਜਾਬ ’ਚ ਮੁੱਖ ਤੌਰ ’ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ 2019 ਤੋਂ ਪਹਿਲਾਂ ਡੀ. ਆਰ. ਆਈ. ਨੇ ਅੰਮ੍ਰਿਤਸਰ ਸਥਿਤ ਅੰਤਰਰਾਸ਼ਟਰੀ ਰੇਲ ਕਾਰਗੋ ਤੋਂ 105 ਕਿਲੋ ਹੈਰੋਇਨ ਜ਼ਬਤ ਕੀਤੀ ਸੀ, ਜਿਸ ਨੇ ਉਸ ਸਮੇਂ ਦੇ ਸਾਰੇ ਰਿਕਾਰਡਤੋੜ ਦਿੱਤੇ ਸਨ ਪਰ 532 ਕਿਲੋ ਹੈਰੋਇਨ ਨੇ ਤਾਂ ਅੰਤਰਰਾਸ਼ਟਰੀ ਰਿਕਾਰਡਤੋੜ ਦਿੱਤੇ। ਇੰਨੀ ਵੱਡੀ ਖੇਪ ਮੰਗਵਾਉਣਾ ਰਣਜੀਤ ਸਿੰਘ ਚੀਤੇ ਦੇ ਇਕੱਲੇ ਦੇ ਵਸ ਦੀ ਗੱਲ ਨਹੀਂ ਸੀ ਅਤੇ ਇਸ ’ਚ ਪਾਕਿ ਅੱਤਵਾਦੀਆਂ ਦੀ ਮਿਲੀਭੁਗਤ ਸਾਫ਼ ਨਜ਼ਰ ਆ ਰਹੀ ਸੀ।
ਫਿਲਹਾਲ ਚੀਤੇ ਦੇ ਮੁੱਖ ਸਾਥੀ ਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਚੀਤੇ ਦਾ ਲੰਮਾ-ਚੌੜਾ ਨੈੱਟਵਰਕ ਹੈ, ਜਿਸਨੂੰ ਨਸ਼ਟ ਕੀਤਾ ਜਾਣਾ ਜ਼ਰੂਰੀ ਹੈ, ਨਹੀਂ ਤਾਂ ਅਜਿਹੇ ਅਪਰਾਧੀ ਲੋਕ ਜੇਲ ’ਚ ਬੈਠ ਕੇ ਵੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਆਏ ਦਿਨ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚੋਂ ਮੋਬਾਇਲ ਫੋਨ ਜ਼ਬਤ ਕੀਤਾ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਜੇਲਾਂ ’ਚ ਕੈਦੀਆਂ ਨੂੰ ਨਾਜਾਇਜ਼ ਸਹੂਲਤਾਂ ਮਿਲ ਰਹੀਆਂ ਹਨ ।
ਚੀਤੇ ਨੇ ਅੰਮ੍ਰਿਤਸਰ ਨੂੰ ਬਣਾਇਆ ਸੀ ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦਾ ਸੈਂਟਰਲ ਪੁਆਇੰਟ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਵੇਲੀਆਂ ਦੇ ਰਹਿਣ ਵਾਲੇ ਰਣਜੀਤ ਸਿੰਘ ਉਰਫ ਚੀਤੇ ਨੇ ਹੈਰੋਇਨ ਦੀ ਸਮੱਗਲਿੰਗ ਕਰਨ ਲਈ ਅੰਮ੍ਰਿਤਸਰ ਨੂੰ ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦਾ ਸੈਂਟਰਲ ਪੁਆਇੰਟ ਬਣਾਇਆ ਸੀ । ਗੁਰਦਾਸਪੁਰ ’ਚ ਚੀਤੇ ਦੇ ਕਈ ਸਾਥੀ ਰਹਿੰਦੇ ਸਨ। ਹਾਲ ਹੀ ’ਚ ਐੱਨ. ਆਈ. ਏ. ਵੱਲੋਂ ਫੜਿਆ ਗਿਆ ਮਨਪ੍ਰੀਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਜਦੋਂਕਿ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨਾਲ ਲਿੰਕਅਪ ਕਰਨ ਲਈ ਚੀਤੇ ਨੇ ਪਠਾਨਕੋਟ ਦੇ ਦਰਿਆ ਵਾਲੇ ਦੂਰ-ਦਰਾਡੇ ਦੇ ਮੰਡ ਇਲਾਕੇ ’ਚ ਕਈ ਏਕੜ ਜ਼ਮੀਨ ਖ਼ਰੀਦੀ ਹੋਈ ਸੀ, ਜਿੱਥੇ ਚੀਤੇ ਦਾ ਭਰਾ ਬਲਵਿੰਦਰ ਸਿੰਘ ਸਮੱਗਲਿੰਗ ਅਤੇ ਦੇਸ਼ਧ੍ਰੋਹੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਪੁਲਸ ਵੱਲੋਂ ਜਦੋਂ ਬਲਵਿੰਦਰ ਸਿੰਘ ਦੇ ਮੰਡ ਇਲਾਕੇ ਵਾਲੇ ਘਰ ’ਚ ਰੇਡ ਕੀਤੀ ਗਈ ਸੀ ਤਾਂ ਉੱਥੋਂ 12 ਕਿਲੋ ਹੈਰੋਇਨ ਅਤੇ 1 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ, ਜਦੋਂ ਕਿ ਮੋਸਟ ਵਾਂਟੇਡ ਰਣਜੀਤ ਸਿੰਘ ਚੀਤਾ ਉਸ ਸਮੇਂ ਮੌਕੇ ਤੋਂ ਬਚ ਨਿਕਲਿਆ ਸੀ।
ਦਿੱਲੀ ਕ੍ਰਾਈਮ ਬ੍ਰਾਂਚ ਨੇ ਫੜੀ ਸੀ ਆਈ. ਸੀ. ਪੀ. ਤੋਂ ਕੱਢੀ ਗਈ ਖੇਪ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਤੋਂ ਪਹਿਲਾਂ ਇਕ ਖੇਪ ਆਈ. ਸੀ. ਪੀ. ਤੋਂ ਨਿਕਲ ਗਈ ਸੀ, ਜਿਸਨੂੰ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਦਿੱਲੀ ਅਤੇ ਮੁੰਬਈ ’ਚ ਫੜਿਆ ਗਿਆ ਸੀ। ਇਸ ਖੇਪ ਨੂੰ ਪਾਕਿ ਤੋਂ ਭੇਜੇ ਗਏ ਸੱਜੀਖਾਰ ਦੀਆਂ ਬੋਰੀਆਂ ਦੇ ਰੂਪ ’ਚ ਬੜੇ ਸ਼ਾਤਿਰਾਨਾ ਤਰੀਕੇ ਨਾਲ ਕੱਢਿਆ ਗਿਆ ਸੀ। ਸੱਜੀਖਾਰ ਨੂੰ ਜਿਹੜੀਆਂ ਬੋਰੀਆਂ ’ਚ ਪੈਕ ਕੀਤਾ ਜਾਂਦਾ ਸੀ, ਉਨ੍ਹਾਂ ਬੋਰੀਆਂ ਨੂੰ ਇਕ ਡਰੰਮ ’ਚ ਪਾ ਕੇ ਤਰਲ ਹੈਰੋਇਨ ਭਰੀ ਜਾਂਦੀ ਸੀ ਅਤੇ ਜਦੋਂ ਮਾਲ ਟਿਕਾਣੇ ’ਤੇ ਪਹੁੰਚ ਜਾਂਦਾ ਸੀ ਤਾਂ ਬੋਰੀਆਂ ਨੂੰ ਇਕ ਕੈਮੀਕਲ ’ਚ ਪਾ ਕੇ ਬੋਰੀ ਅਤੇ ਹੈਰੋਇਨ ਨੂੰ ਵੱਖ ਕਰ ਲਿਆ ਜਾਂਦਾ ਸੀ। ਇਸਦੀ ਭਿਣਕ ਜਦੋਂ ਕਸਟਮ ਵਿਭਾਗ ਨੂੰ ਲੱਗੀ ਸੀ ਤਾਂ ਵਿਭਾਗ ਨੇ ਅਫਗਾਨਿਸਤਾਨ ਤੋਂ ਆਉਣ ਵਾਲੇ ਸਾਮਾਨ ਨੂੰ ਜੂਟ ਦੀ ਬਜਾਏ ਹੋਰ ਬੋਰੀਆਂ ’ਚ ਭੇਜਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਮੌਜੂਦਾ ਸਮੇਂ ’ਚ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਨੂੰ ਜੂਟ ਦੀਆਂ ਬੋਰੀਆਂ ’ਚ ਸਵਿਕਾਰ ਨਹੀਂ ਕੀਤਾ ਜਾਂਦਾ ਹੈ ।
ਭੇਤਭਰੇ ਹਾਲਾਤ ’ਚ ਹੋਈ ਸੀ ਲੂਣ ਵਪਾਰੀ ਗੁਰਪਿੰਦਰ ਦੀ ਜੇਲ ’ਚ ਮੌਤ
ਹੈਰੋਇਨ ਸਮੱਗਲਿੰਗ ਦੇ ਇਸ ਸਭ ਤੋਂ ਵੱਡੇ ਕੇਸ ’ਚ ਪਾਕਿ ਤੋਂ ਲੂਣ ਦੀ ਦਰਾਮਦ ਕਰਨ ਵਾਲੇ ਵਪਾਰੀ ਗੁਰਪਿੰਦਰ ਸਿੰਘ ਦੀ ਅੰਮ੍ਰਿਤਸਰ ਕੇਂਦਰੀ ਜੇਲ ਵਿਚ ਭੇਤਭਰੇ ਹਾਲਾਤ ’ਚ ਮੌਤ ਹੋਈ ਸੀ । ਗੁਰਪਿੰਦਰ ਦੀ ਸ਼ਨਾਖਤ ’ਤੇ ਜੰਮੂ-ਕਸ਼ਮੀਰ ਦੇ ਤਾਰਿਕ ਅਹਿਮਦ ਲੂਣ, ਸੁੰਦਰਤਾ ਅਤੇ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਤ ਦੇ ਮਾਮਲੇ ’ਚ ਖ਼ੁਦ ਮੁੱਖ ਮੰਤਰੀ ਪੰਜਾਬ ਵੱਲੋਂ ਏ. ਡੀ. ਸੀ. ਨੂੰ ਜਾਂਚ ਸੌਂਪੀ ਗਈ, ਜੋ ਇਕ ਮਹੀਨਾ ਚੱਲਦੀ ਰਹੀ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ। ਗੁਰਪਿੰਦਰ ਦੀ ਮੌਤ ਭੇਤ ਬਣਿਆ ਹੋਇਆ ਹੈ ।
ਕਾਨੂੰਨੀ ਸ਼ਿਕੰਜੇ ’ਚੋਂ ਬਚ ਗਈਆਂ ਆਈ. ਸੀ. ਪੀ. ਦੀਆਂ ‘ਕਾਲੀਆਂ ਭੇਡਾਂ’
ਦੇਸ਼ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੇ ਜਾਣ ਦੇ ਮਾਮਲੇ ’ਚ ਨਾ ਸਿਰਫ ਵੱਡੀਆਂ ਮਛਲੀਆਂ ਨੂੰ ਛੱਡ ਦਿੱਤਾ ਗਿਆ ਸਗੋਂ ਆਈ. ਸੀ. ਪੀ. ’ਤੇ ਤਾਇਨਾਤ ਕਿਸੇ ਨਾ ਕਿਸੇ ਸਰਕਾਰੀ ਵਿਭਾਗ ਜਾਂ ਆਈ. ਸੀ. ਪੀ. ’ਤੇ ਕੰਮ ਕਰਨ ਵਾਲੀ ਕਿਸੇ ਨਾ ਕਿਸੇ ਪ੍ਰਾਈਵੇਟ ਏਜੰਸੀ ਦੀਆਂ ‘ਕਾਲੀਆਂ ਭੇਡਾਂ’, ਜੋ ਸਮੱਗਲਰਾਂ ਨਾਲ ਮਿਲੀਆਂ ਹੋਈਆਂ ਸਨ, ਨੂੰ ਛੱਡ ਦਿੱਤਾ ਗਿਆ, ਕਿਉਂਕਿ ਜਿਸ ਸਮੇਂ ਜੂਨ ਮਹੀਨੇ ’ਚ ਇਹ ਖੇਪ ਫੜੀ ਗਈ, ਉਸ ਸਮੇਂ ਕਸਟਮ ਦੇ ਅਧਿਕਾਰੀਆਂ ਦਾ ਤਬਾਦਲਾ ਹੋਇਆ ਸੀ ਅਤੇ ਜੀ. ਐੱਸ. ਟੀ. ਦੇ ਅਧਿਕਾਰੀਆਂ ਨੂੰ ਆਈ. ਸੀ. ਪੀ. ਕਸਟਮ ’ਚ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਕੋਲ ਹੈਰੋਇਨ ਸਮੱਗਲਿੰਗ ਦੇ ਕੇਸਾਂ ਦਾ ਕੋਈ ਖਾਸ ਤਜ਼ਰਬਾ ਨਹੀਂ ਸੀ। ਇਸ ਤਰ੍ਹਾਂ ਦੀ ਸੂਚਨਾ ਆਈ. ਸੀ. ਪੀ. ਦੀ ਕਿਸੇ ਨਾ ਕਿਸੇ ‘ਕਾਲੀ ਭੇਡ’ ਨੇ ਹੀ ਪਾਕਿ ਸਮੱਗਲਰਾਂ ਨੂੰ ਦਿੱਤੀ ਸੀ ।
ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਤੀ ਸਣੇ ਚਾਰ ਖ਼ਿਲਾਫ਼ ਮਾਮਲਾ ਦਰਜ
NEXT STORY