ਜਲਾਲਾਬਾਦ(ਬੰਟੀ)—ਹਲਕੇ 'ਚ ਚੋਰੀਆਂ ਦੀਆਂ ਵਾਰਦਾਤਾਂ 'ਚ ਇੰਨਾ ਵਾਧਾ ਹੋਇਆ ਹੈ ਤੇ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ ਵੇਲੇ ਹੀ ਬੇ-ਖੋਫ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਸ ਵਿਭਾਗ ਮੂਕਦਰਸ਼ਕ ਬਣ ਕੇ ਬੈਠਾ ਹੈ। ਹੁਣ ਚੋਰਾਂ ਵੱਲੋਂ ਗੁਰੂਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਬੀਤੇ ਦਿਨੀਂ ਚੋਰਾਂ ਵੱਲੋਂ ਪਿੰਡ ਹਿਸਾਨਵਾਲਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦਾ ਮੁੱਖ ਕਾਰਨ ਹੈ ਪੁਲਸ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਛਿੰਦਾ ਬਰਾੜ ਤੇ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਝੂੱਗੇ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿਖੇ ਇਹ 7ਵੀਂ ਵਾਰ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਹਰ ਵਾਰ ਹੀ ਗੁਰਦੁਆਰਾ ਸਾਹਿਬ ਵਿਖੇ ਨੁਕਸਾਨ ਹੋਇਆ ਹੈ ਤੇ ਸੀ. ਸੀ. ਟੀ. ਵੀ. ਕੈਮਰੇ, ਗੋਲਕ ਅਤੇ ਰੁਮਾਲੇ ਆਦਿ ਚੋਰੀ ਹੋ ਚੁੱਕੇ ਹਨ ਤੇ ਬੀਤੀ ਸ਼ਾਮ 7.30 ਦੇ ਕਰੀਬ ਹੀ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਿਆ, ਜਿਸ ਦਾ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ ਤੇ ਉਸ ਨੂੰ ਮੌਕੇ 'ਤੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਅੱਗੇ ਹੁਣ ਪੁਲਸ ਕੀ ਕਾਰਵਾਈ ਕਰਦੀ ਹੈ, ਇਹ ਭਵਿੱਖ ਦੀ ਗਰਭ 'ਚ ਹੈ। ਦੂਜੀ ਚੋਰੀ ਦੀ ਘਟਨਾ ਬਾਰੇ ਅਸ਼ਵਨੀ ਦਹੂਜਾ ਨੇ ਦੱਸਿਆ ਕਿ ਉਸ ਦੀ ਧੀ ਦਸਮੇਸ਼ ਨਗਰੀ 'ਚ ਇਕ ਨਿੱਜੀ ਸਕੂਲ 'ਚ ਪੜ੍ਹਾਉਣ ਜਾਂਦੀ ਹੈ ਤੇ ਜਦ ਉਹ ਛੁੱਟੀ ਹੋਣ ਤੋਂ ਬਾਅਦ 3 ਵਜੇ ਦੇ ਕਰੀਬ ਘਰ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਝਪਟਮਾਰ ਉਸ ਦੇ ਹੱਥੋਂ ਮੋਬਾਇਲ ਅਤੇ ਗੱਲ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਸਬੰਧੀ ਤੁਰੰਤ ਹੀ ਪੁਲਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅੱਜ ਤੱਕ ਚੋਰਾਂ ਦਾ ਪੁਲਸ ਕੋਈ ਸੁਰਾਗ ਨਹੀਂ ਲਾ ਪਾਈ। ਦੂਜੇ ਪਾਸੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਤਾਂ ਬੱਚੇ, ਲੜਕੀਆਂ ਅਤੇ ਔਰਤਾਂ ਵੀ ਇਕੱਲੀਆਂ ਘਰਾਂ 'ਚ ਰਹਿਣਾ ਅਤੇ ਬਾਹਰ ਬਾਜ਼ਾਰ ਜਾਣ ਤੋਂ ਡਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਥੇ ਚਿੱਟੇ ਦਿਨ ਬੰਦਿਆਂ ਕੋਲੋਂ ਹੀ ਮੋਬਾਇਲ ਖੋਹੇ ਜਾ ਰਹੇ ਹਨ ਤੇ ਔਰਤਾਂ 'ਚ ਖੋਫ ਹੋਣਾ ਲਾਜ਼ਮੀ ਹੈ। ਜਲਾਲਾਬਾਦ 'ਚ ਤਾਂ ਜੰਗਲ ਰਾਜ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਸੀਨੀਅਰ ਪੱਤਰਕਾਰ ਦੇ ਪ੍ਰਤੀ ਪੁਲਸ ਵਿਭਾਗ ਇੰਨੀ ਲਾਪ੍ਰਵਾਹੀ ਵਰਤ ਰਿਹਾ ਹੈ ਤਾਂ ਆਮ ਲੋਕ ਪੁਲਸ ਵਿਭਾਗ ਤੋਂ ਕੀ ਉਮੀਦ ਕਰ ਸਕਦੇ ਹਨ, ਆਮ ਲੋਕ ਤਾਂ ਫਿਰ ਰਾਮ ਭਰੋਸੇ ਹੀ ਹਨ।
ਹੈਰੋਇਨ ਸਮੇਤ ਗ੍ਰਿਫਤਾਰ
NEXT STORY