ਪਟਿਆਲਾ (ਰਾਣਾ) - ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਦਾ ਐਲਾਨ ਤਾਂ ਪਹਿਲਾਂ ਹੀ ਕਰ ਚੁੱਕੀ ਹੈ। ਪ੍ਰਬੰਧਾਂ 'ਤੇ ਝਾਤ ਮਾਰਦਿਆਂ ਪੰਜਾਬ ਮੰਡੀ ਬੋਰਡ ਦੀ ਮਾੜੀ ਹਾਲਤ 'ਤੇ ਤਰਸ ਆਉਣ ਲਗਦਾ ਹੈ। ਸੂਬੇ ਅੰਦਰਲੇ 1770 ਦੇ ਕਰੀਬ ਸਥਾਪਤ ਕੀਤੇ ਖਰੀਦ ਕੇਂਦਰਾਂ ਦੀ ਹਾਲੇ ਤੱਕ ਸਫਾਈ, ਪੀਣ ਯੋਗ ਪਾਣੀ, ਪੱਕੇ ਫੜ੍ਹ, ਸ਼ੈੱਡ, ਝੋਨਾ ਸਫਾਈ ਪੱਖੇ, ਝਾਰਨੇ ਤੇ ਬਿਜਲੀ ਆਦਿ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਿਆ। ਕਿਸਾਨਾਂ ਨੇ ਆਪਣੀ ਫਸਲ ਦੀ ਕਟਾਈ ਕਰ ਕੇ ਮੰਡੀਆਂ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਆੜ੍ਹਤੀਆ ਵਰਗ ਸਰਕਾਰ ਵੱਲੋਂ ਪੂਰਨ ਸਹਿਯੋਗ ਨਾ ਮਿਲਣ ਕਾਰਨ ਅਵੇਸਲੇਪਨ ਦਾ ਸ਼ਿਕਾਰ ਹੈ। 'ਜਗ ਬਾਣੀ' ਟੀਮ ਨੇ ਸਰਹਿੰਦ ਰੋਡ ਸਥਿਤ ਅਨਾਜ ਮੰਡੀ ਦਾ ਦੌਰਾ ਕਰ ਕੇ ਪਤਾ ਲਾਇਆ ਕਿ ਅਨਾਜ ਮੰਡੀ ਦੀ ਹਾਲਤ ਆਮ ਵਰਗੀ ਹੀ ਸੀ। ਸਫਾਈ ਪੱਖੋਂ ਘਾਟ, ਪੀਣ ਯੋਗ ਆਰ. ਓ. ਪਾਣੀ ਦੀ ਘਾਟ, ਬਾਥਰੂਮ ਵਿਚ ਗੰਦਗੀ, ਸ਼ੈੱਡ ਹੇਠਾਂ ਰੇਹੜੇ ਤੇ ਖੱਚਰਾਂ, ਘੋੜਿਆਂ ਦਾ ਝੁਰਮਟ ਲੱਗਾ ਦਿਸਿਆ। ਇੰਨਾ ਹੀ ਨਹੀਂ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਐਲਾਨ ਵੀ ਹਾਸੋਹੀਣੇ ਲੱਗੇ। ਤੰਬਾਕੂਨੋਸ਼ੀ ਨਾਲ ਲੈਸ ਖੋਖਿਆਂ ਨੂੰ ਸ਼ਰੇਆਮ ਸੜਕਾਂ ਦੇ ਕਿਨਾਰਿਆਂ 'ਤੇ ਲਾ ਕੇ ਆਮ ਲੋਕਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਕੋਹੜ ਸ਼ਰੇਆਮ ਪਰੋਸਿਆ ਜਾ ਰਿਹਾ ਹੈ।
ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਟੋਰ ਸਮਰੱਥਾ ਪੱਖੋਂ ਸਾਰੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਹੱਥ ਖੜ੍ਹੇ ਕਰੀ ਰੱਖੇ ਹਨ। ਇਸ ਸਮੇਂ 2.30 ਲੱਖ ਟਨ ਸਟੋਰ ਕਰਨ ਦੀ ਸਮਰੱਥਾ ਹੈ। ਕੇਵਲ 60 ਲੱਖ ਟਨ ਲਈ ਥਾਂ ਹੀ ਖਾਲੀ ਪਈ ਹੈ। ਹਰ ਸਾਲ ਹਜ਼ਾਰਾਂ ਟਨ ਅਨਾਜ ਸੜ ਕੇ ਸੁਆਹ ਹੋ ਜਾਂਦਾ ਹੈ। ਸਰਕਾਰ ਦੀਆਂ ਫਾਈਲਾਂ ਵਿਚ ਦਫਨ ਹੋ ਕੇ ਰਹਿ ਜਾਂਦਾ ਹੈ। ਹੋਰਨਾਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਫਸਲ ਦੀ ਚੁਕਾਈ ਲਈ ਨਾ ਹੀ ਟਰੱਕਾਂ ਦਾ ਅਤੇ ਨਾ ਹੀ ਮਜ਼ਦੂਰਾਂ ਦਾ ਇੰਤਜ਼ਾਮ ਪੂਰਾ ਹੁੰਦਾ ਹੈ। ਨਾ ਹੀ ਠੇਕੇਦਾਰਾਂ ਵੱਲੋਂ ਟੈਂਡਰਾਂ ਦਾ ਬਾਈਕਾਟ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦਾ ਵਿਰੋਧ ਫਸਲ ਦੀ ਚੁਕਾਈ ਦੇ ਸਹੀ ਪ੍ਰਬੰਧ ਨਾ ਹੋਣ ਦਾ ਸੰਕੇਤ ਦਿੰਦਾ ਹੈ। ਭਾਵੇਂ ਕਿ ਆੜ੍ਹਤੀਆਂ ਕੋਲ ਸਫਾਈ ਪੱਖੇ ਮੌਜੂਦ ਤਾਂ ਹਨ ਪਰ ਵਧੇਰੇ ਆੜ੍ਹਤੀਆਂ ਵੱਲੋਂ ਸਾਵਧਾਨੀਆਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ।
ਦਿਹਾਤੀ ਖੇਤਰ 'ਚ ਹੀ ਨਹੀਂ ਹੋਈ ਮੰਡੀਆਂ ਦੀ ਸਫਾਈ
ਝੋਨੇ ਦੀ ਫਸਲ ਮੰਡੀਆਂ ਵਿਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਸ਼ਹਿਰੀ ਖੇਤਰ ਦੇ ਨਾਲ-ਨਾਲ ਦਿਹਾਤੀ ਖੇਤਰ ਵਿਚ ਪੈਂਦੀਆਂ ਅਨਾਜ ਮੰਡੀਆਂ ਦਾ ਹਾਲ ਵੀ ਰੱਬ ਆਸਰੇ ਹੀ ਨਜ਼ਰ ਆਉਂਦਾ ਹੈ। ਖਰੀਦ ਲਈ ਸਰਕਾਰੀ ਏਜੰਸੀਆਂ ਵੱਲੋਂ ਤਹਿਸ਼ੁਦਾ ਪ੍ਰਬੰਧ ਮੁਕੰਮਲ ਨਜ਼ਰ ਨਹੀਂ ਆ ਰਹੇ।
ਦਿਹਾਤੀ ਪੱਧਰ 'ਤੇ ਵਧੇਰੇ ਕਰ ਕੇ ਮੰਡੀਆਂ ਖੁੱਲ੍ਹੇ ਅਸਮਾਨ ਹੇਠ ਅਤੇ ਕੱਚੇ ਫੜ੍ਹਾਂ ਨਾਲ ਜੂਝ ਰਹੀਆਂ ਹਨ। ਹਰ ਵਾਰ ਫਸਲ ਦੀ ਕਟਾਈ ਸਮੇਂ ਬੇਮੌਸਮੀ ਬਾਰਿਸ਼ ਆਉਣ ਕਾਰਨ ਪੁੱਤਾਂ ਵਾਂਗ ਪਾਲੀ ਫਸਲ ਬਾਰਿਸ਼ ਦੇ ਪਾਣੀ ਵਿਚ ਰੁਲ ਜਾਂਦੀ ਹੈ।
ਟਰੱਕ ਯੂਨੀਅਨਾਂ ਦਾ ਭੰਗ ਕਰਨਾ ਵੀ ਲਾ ਸਕਦੈ ਅੜਿੱਕਾ
ਇੱਕ ਪਾਸੇ ਅਨਾਜ ਮੰਡੀਆਂ ਵਿਚ ਆੜ੍ਹਤੀਏ, ਕਿਸਾਨ ਤੇ ਮਜ਼ਦੂਰ ਭਾਈਚਾਰਾ ਆਪੋ-ਆਪਣੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ, ਉਥੇ ਹੀ ਸਰਕਾਰ ਵੱਲੋਂ ਭੰਗ ਕੀਤੀਆਂ ਟਰੱਕ ਯੂਨੀਅਨਾਂ ਦਾ ਮਸਲਾ ਵੀ ਫਸਲ ਦੀ ਯੋਗ ਚੁਕਾਈ ਮੌਕੇ ਵੱਡਾ ਅੜਿੱਕਾ ਬਣ ਸਕਦਾ ਹੈ।
ਫਸਲ 'ਤੇ ਟਿਕਿਆ ਤਿਉਹਾਰਾਂ ਦਾ ਦਾਰੋਮਦਾਰ
ਇਨ੍ਹਾਂ ਮਹੀਨਿਆਂ ਵਿਚ ਫਸਲਾਂ ਦੀ ਵੇਚ-ਵੱਟ ਨਾਲ ਤਿਉਹਾਰਾਂ ਦੀ ਰੌਣਕ ਦੁੱਗਣੀ ਹੁੰਦੀ ਹੈ। ਕਰਜ਼ਿਆਂ ਦੀ ਮਾਰ ਝਲਦਾ ਕਿਸਾਨ ਆਪਣੀਆਂ ਦੇਣਦਾਰੀਆਂ ਦੇਣ ਵਿਚ ਉਲਝਿਆ ਨਜ਼ਰ ਆਉਂਦਾ ਹੈ। ਪਰਿਵਾਰਕ ਮੈਂਬਰਾਂ ਨਾਲ ਤਿਉਹਾਰਾਂ ਦੀ ਖੁਸ਼ੀ ਸਾਂਝਾ ਕਰਨ ਲਈ ਕਿਸਾਨ ਵਰਗ ਵੀ ਬਾਜ਼ਾਰਾਂ ਵਿਚ ਖਰੀਦੋ-ਫਰੋਖਤ ਕਰਦਾ ਹੈ। ਬਾਜ਼ਾਰ ਦੇ ਵਪਾਰ ਨਾਲ ਜੁੜੇ ਸਮੁੱਚੇ ਕਾਰੋਬਾਰ ਦਾ ਦਾਰੋਮਦਾਰ ਝੋਨੇ ਦੀ ਫਸਲ 'ਤੇ ਹੀ ਨਿਰਭਰ ਹੁੰਦਾ ਹੈ।
ਨਮੀ ਕਾਰਨ ਖਰੀਦ ਢਿੱਲੀ, ਹਰਿਆਣਾ 'ਚ ਤੇਜ਼ੀ
ਗੁਆਂਢੀ ਰਾਜ ਹਰਿਆਣਾ ਫਸਲਾਂ ਦੀ ਖਰੀਦ ਕਰਨ ਪੱਖੋਂ ਪੰਜਾਬ ਨਾਲੋਂ ਅੱਗੇ ਚੱਲ ਰਿਹਾ ਹੈ। ਪੰਜਾਬ ਦੇ ਕਿਸਾਨ ਆਪਣਾ ਝੋਨਾ ਵੇਚਣ ਲਈ ਹਰਿਆਣਾ ਦੇ ਬਾਰਡਰ ਨਾਲ ਲਗਦੀਆਂ ਮੰਡੀਆਂ ਵਿਚ ਸੁੱਟਣ ਲਈ ਮਜਬੂਰ ਹਨ। ਭਾਵੇਂ ਕਿ ਉਥੇ ਕੁਝ ਰਕਮ ਦੀ ਕਾਟ ਕੱਟ ਲਈ ਜਾਂਦੀ ਹੈ ਪਰ ਝੋਨੇ ਦੀ ਚੁਕਾਈ ਤੁਰੰਤ ਹੋਣ ਕਾਰਨ ਕਿਸਾਨਾਂ ਨੂੰ ਇਹ ਕਾਟ ਵੀ ਰੜਕਦੀ ਨਹੀਂ। ਸੂਬੇ ਅੰਦਰ ਕਿਸਾਨ ਹਿਤੈਸ਼ੀ ਅਖਵਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੇ ਦਾਅਵੇ ਪਹਿਲੀ ਸਰਕਾਰ ਨਾਲੋਂ ਠੰਡੇ ਹੀ ਨਜ਼ਰ ਆ ਰਹੇ ਹਨ।
ਤ੍ਰਿਪੜੀ 'ਚ ਬਿਨਾਂ ਨਕਸ਼ੇ ਪਾਸ ਕਰਵਾਏ ਬਣ ਰਹੇ ਹਨ ਸ਼ੋਅਰੂਮ
NEXT STORY