ਚੰਡੀਗੜ੍ਹ (ਸੁਸ਼ੀਲ/ਸੰਦੀਪ) - 2 ਲੱਖ ਰੁਪਏ ਰਿਸ਼ਵਤ ਮਾਮਲੇ 'ਚ ਸੀ. ਬੀ. ਆਈ. ਨੇ ਬੁੱਧਵਾਰ ਨੂੰ ਸੈਕਟਰ-31 ਥਾਣੇ ਦੀ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਤੋਂ ਸਾਢੇ 5 ਘੰਟੇ ਪੁੱਛਗਿੱਛ ਕੀਤੀ। ਸੀ. ਬੀ. ਆਈ. ਨੇ ਇੰਸਪੈਕਟਰ ਜਸਵਿੰਦਰ ਕੌਰ ਨੂੰ ਬੁੱਧਵਾਰ ਸਵੇਰੇ 10 ਵਜੇ ਸੈਕਟਰ-30 ਸਥਿਤ ਸੀ. ਬੀ. ਆਈ. ਦਫਤਰ 'ਚ ਬੁਲਾਇਆ ਸੀ ਪਰ ਉਹ 12 ਵਜੇ ਪਹੁੰਚੀ। ਰਿਸ਼ਵਤ ਕੇਸ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਇੰਸਪੈਕਟਰ ਜਸਵਿੰਦਰ ਕੌਰ ਦੀ ਸਟੇਟਮੈਂਟ ਦਰਜ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੰਸਪੈਕਟਰ ਨੇ ਕਿਹਾ ਕਿ ਉਸਨੂੰ ਸਬ-ਇੰਸਪੈਕਟਰ ਵਲੋਂ ਰਿਸ਼ਵਤ ਲੈਣ ਦੀ ਕੋਈ ਜਾਣਕਾਰੀ ਨਹੀਂ ਹੈ, ਸ਼ਿਕਾਇਤਕਰਤਾ ਉਸ 'ਤੇ ਗਲਤ ਦੋਸ਼ ਲਗਾ ਰਿਹਾ ਹੈ। ਸੀ. ਬੀ. ਆਈ. ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਿਸ਼ਵਤ ਲੈਂਦੇ ਫੜੇ ਗਏ ਸਬ-ਇੰਸਪੈਕਟਰ ਮੋਹਨ ਸਿੰਘ ਤੇ ਇੰਸਪੈਕਟਰ ਜਸਵਿੰਦਰ ਕੌਰ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ।
ਸੀ. ਬੀ. ਆਈ. ਨੇ ਜਸਵਿੰਦਰ ਕੌਰ ਨੂੰ ਸ਼ਾਮੀਂ ਸਾਢੇ 5 ਵਾਪਸ ਭੇਜ ਦਿੱਤਾ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਉਸਨੂੰ ਪੁੱਛਗਿੱਛ ਲਈ ਵੀਰਵਾਰ ਸਵੇਰੇ 10 ਵਜੇ ਫਿਰ ਬੁਲਾਇਆ ਹੈ। ਉਥੇ ਹੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰਿਸ਼ਵਤ ਲੈਂਦੇ ਫੜੇ ਗਏ ਸਬ-ਇੰਸਪੈਕਟਰ ਮੋਹਨ ਸਿੰਘ ਨੇ ਹਾਲ ਹੀ 'ਚ ਨਵਾਂ ਘਰ ਖਰੀਦਿਆ ਹੈ।
1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਮੋਹਨ ਸਿੰਘ ਨੂੰ
ਮੁਲਜ਼ਮ ਮੋਹਨ ਸਿੰਘ ਨੂੰ ਬੁੱਧਵਾਰ ਨੂੰ ਸੀ. ਬੀ. ਆਈ. ਨੇ ਸੀ. ਬੀ. ਆਈ. ਕੋਰਟ 'ਚ ਪੇਸ਼ ਕਰਕੇ 3 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਰਿਸ਼ਵਤ ਵਜੋਂ ਮੰਗੇ ਗਏ 9 ਲੱਖ ਰੁਪਏ 'ਚੋਂ 8 ਲੱਖ ਥਾਣਾ ਮੁਖੀ ਨੂੰ ਜਾਣੇ ਸਨ। ਇਸ ਸਬੰਧੀ ਮੁਲਜ਼ਮ ਤੋਂ ਥਾਣਾ ਮੁਖੀ ਦੀ ਭੂਮਿਕਾ ਬਾਰੇ ਪੁੱਛਗਿੱਛ ਕਰਨੀ ਹੈ। ਬਚਾਅ ਪੱਖ ਦੇ ਵਿਰੋਧ ਤੋਂ ਬਾਅਦ ਅਦਾਲਤ ਨੇ ਦੋਸ਼ੀ ਐੈੱਸ. ਆਈ. ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਸਰਕਾਰੀ ਵਕੀਲ ਨੇ ਮਾਮਲੇ 'ਚ ਥਾਣਾ ਮੁਖੀ ਜਸਵਿੰਦਰ ਕੌਰ ਦੀ ਭੂਮਿਕਾ ਨੂੰ ਸ਼ੱਕੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਆਧਾਰ 'ਤੇ ਸੀ. ਬੀ. ਆਈ. ਨੂੰ ਮੁਲਜ਼ਮ ਤੋਂ ਪੁੱਛਗਿੱਛ ਲਈ 3 ਦਿਨਾਂ ਦਾ ਰਿਮਾਂਡ ਚਾਹੀਦਾ ਹੈ। ਉਥੇ ਹੀ ਬਚਾਅ ਪੱਖ ਵਲੋਂ ਰਿਮਾਂਡ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸੀ. ਬੀ. ਆਈ. ਰਿਕਵਰੀ ਪਹਿਲਾਂ ਹੀ ਕਰਵਾ ਚੁੱਕੀ ਹੈ, ਅਜਿਹੇ 'ਚ ਹੁਣ ਪੁੱਛਗਿੱਛ ਦਾ ਕੋਈ ਆਧਾਰ ਨਹੀਂ ਬਣਦਾ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਅਦਾਲਤ ਨੇ ਮੋਹਨ ਸਿੰਘ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਬਚਾਅ ਪੱਖ ਨੇ ਲਾਇਆ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼
ਬਚਾਅ ਪੱਖ ਨੇ ਸੀ. ਬੀ. ਆਈ. ਵਲੋਂ ਮੋਹਨ ਸਿੰਘ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਇਸ 'ਤੇ ਜਾਂਚ ਅਧਿਕਾਰੀ ਨੇ ਕੋਰਟ 'ਚ ਮੁਲਜ਼ਮ ਦਾ ਮੈਡੀਕਲ ਪੇਸ਼ ਕੀਤਾ, ਜਿਸ 'ਚ ਕਿਸੇ ਤਰ੍ਹਾਂ ਦੀ ਕੋਈ ਸੱਟ ਜਾਂ ਦਰਦ ਦੇ ਨਿਸ਼ਾਨ ਨਾ ਹੋਣ ਦੀ ਗੱਲ ਸੀ। ਇਸ 'ਤੇ ਬਚਾਅ ਪੱਖ ਨੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਕਰਨ ਦੀ ਗੱਲ ਕਹੀ, ਉਥੇ ਹੀ ਕੋਰਟ ਰੂਮ ਤੋਂ ਬਾਹਰ ਆਉਣ 'ਤੇ ਮੋਹਨ ਸਿੰਘ ਫੁੱਟ-ਫੁੱਟ ਕੇ ਰੋਣ ਲੱਗਾ। ਕੋਰਟ ਰੂਮ ਦੇ ਬਾਹਰ ਉਸਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਜਲਦੀ ਮਿਲੇਗੀ ਤੇਜਸ ਟਰੇਨ ਦੀ ਸੌਗਾਤ, ਚੰਡੀਗੜ੍ਹ ਤੋਂ ਦਿੱਲੀ ਸਿਰਫ 3 ਘੰਟਿਆਂ 'ਚ
NEXT STORY