ਧੂਰੀ (ਸੰਜੀਵ ਜੈਨ)-ਜ਼ਿਲਾ ਇੰਡਸਟਰੀ ਚੈਂਬਰ ਦੀ ਸ਼ਾਖਾ ਵੱਲੋਂ ਬਿਜਲੀ ਦਰਾਂ 'ਚ ਕੀਤੇ ਵਾਧੇ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਸਬੰਧੀ ਚੈਂਬਰ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਇਸ ਮੌਕੇ ਚੈਂਬਰ ਦੇ ਜਨਰਲ ਸਕੱਤਰ ਅੰਮ੍ਰਿਤ ਗਰਗ ਰਿੰਕੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਸੂਬੇ ਦੀ ਜਨਤਾ ਨਾਲ ਬਿਜਲੀ ਦਰਾਂ 'ਚ ਕਟੌਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਦੇ ਉਲਟ ਹੁਣ ਨਾ ਸਿਰਫ ਰਿਹਾਇਸ਼ੀ ਤੇ ਕਮਰਸ਼ੀਅਲ ਖੇਤਰ ਦੀਆਂ ਦਰਾਂ 'ਚ ਹੀ ਵਾਧਾ ਕੀਤਾ ਗਿਆ ਹੈ, ਸਗੋਂ ਇੰਡਸਟਰੀ ਨੂੰ ਵੀ ਬਿਜਲੀ ਦਰਾਂ 'ਚ ਵਾਧਾ ਕੀਤੇ ਜਾਣ ਕਾਰਨ ਖਾਸੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਸੂਬੇ ਦੀ ਡੁੱਬ ਰਹੀ ਇੰਡਸਟਰੀ ਨੂੰ ਬਚਾਉਣ ਲਈ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉੁਣ ਦੇ ਦਾਅਵੇ ਕਰ ਰਹੇ ਸਨ ਅਤੇ ਦੂਜੇ ਪਾਸੇ ਇਸ ਦੇ ਉਲਟ ਬਿਜਲੀ ਦੀਆਂ ਦਰਾਂ 'ਚ ਵਾਧਾ ਕਰ ਕੇ ਸੂਬੇ ਦੀ ਚੱਲ ਰਹੀ ਇੰਡਸਟਰੀ ਨੂੰ ਵੀ ਬੰਦ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਨੂੰ ਸਰਕਾਰ ਦੀ ਵਾਅਦਾ-ਖਿਲਾਫ ਕਰਾਰ ਦਿੰਦਿਆਂ ਜਿਥੇ ਇਸ ਵਾਧੇ ਨੂੰ ਲੋਕ ਵਿਰੋਧੀ ਫੈਸਲਾ ਕਰਾਰ ਦਿੱਤਾ ਹੈ, ਉਥੇ ਹੀ ਉਨ੍ਹਾਂ ਇਸ ਵਾਧੇ ਨੂੰ ਅਪ੍ਰੈਲ 2017 ਤੋਂ ਲਾਗੂ ਕੀਤੇ ਜਾਣ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਆਪਣੇ ਉਤਪਾਦਨ ਦੇ ਖਰਚੇ ਦਾ ਹਿਸਾਬ ਲਾ ਕੇ ਹੀ ਮਾਲ ਦੀ ਵਿਕਰੀ ਕਰਦੀ ਹੈ ਤੇ ਹੁਣ ਬਿਜਲੀ ਦੀਆਂ ਦਰਾਂ 'ਚ ਵਾਧੇ ਕਾਰਨ ਵਿਕੇ ਹੋਏ ਮਾਲ 'ਤੇ ਵੀ ਇੰਡਸਟਰੀ ਨੂੰ ਨੁਕਸਾਨ ਸਹਿਣਾ ਪਵੇਗਾ। ਉਨ੍ਹਾਂ ਇਸ ਵਾਧੇ ਨੂੰ ਗੈਰ-ਵਾਜਿਬ ਕਰਾਰ ਦਿੰਦੇ ਹੋਏ ਸਰਕਾਰ ਤੋਂ ਫੌਰਨ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਰਾਜ ਕੁਮਾਰ ਜਿੰਦਲ, ਸੁਨੀਲ ਕੁਮਾਰ ਬਬਲਾ ਵਿੱਤ ਸਕੱਤਰ, ਦਰਸ਼ਨ ਸਿੰਘ ਧੰਨੋਂ ਵਾਲੇ, ਹਰਦੀਪ ਸਿੰਘ ਅਤੇ ਜਸਵੀਰ ਸਿੰਘ ਆਦਿ ਵੀ ਮੌਜੂਦ ਸਨ।
ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲਹਿਰਾ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਦਿੱਤਾ ਰੋਸ ਧਰਨਾ
NEXT STORY