ਚੰਡੀਗੜ੍ਹ ( ਧਵਨ) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਨੂੰ 'ਊਠ ਦੇ ਮੂੰਹ 'ਚ ਜੀਰਾ' ਕਰਾਰ ਦਿੰਦੇ ਹੋਏ ਇਸ ਨੂੰ ਠੁਕਰਾ ਦਿੱਤਾ ਹੈ ਅਤੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਐੱਮ. ਐੱਸ. ਪੀ. ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਕਣਕ ਦੀ ਐੱਮ. ਐੱਸ. ਪੀ. ਵਿਚ 110 ਰੁਪਏ ਤੇ ਦਾਲਾਂ ਦੀ ਐੱਮ. ਐੱਸ. ਪੀ. ਵਿਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਨਾਲ ਭੱਦਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਕਣਕ ਤੇ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਲਾਗਤ ਦੇ ਮੁਤਾਬਕ ਭੁਗਤਾਨ ਕੀਤਾ ਜਾਵੇ ਕਿਉਂਕਿ ਇਸ ਸਮੇਂ ਕਿਸਾਨ ਕਰਜ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਸਾਹਮਣੇ ਪੈਦਾ ਹੋਏ ਸੰਕਟ ਦੇ ਹੱਲ ਲਈ ਉਨ੍ਹਾਂ ਨੂੰ ਫਸਲ ਦੇ ਬਣਦੇ ਰੇਟ ਮਿਲਣੇ ਚਾਹੀਦੇ ਹਨ, ਨਹੀਂ ਤਾਂ ਦੇਸ਼ ਵਿਚ ਅੰਨ ਦਾ ਸੰਕਟ ਹੱਲ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਨਾਲ ਕਿਸਾਨਾਂ ਸਾਹਮਣੇ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਦਖਲ ਦੇਣ ਤੇ ਐੱਮ. ਐੱਸ. ਪੀ. ਦੀ ਦੁਬਾਰਾ ਸਮੀਖਿਆ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਉਨ੍ਹਾਂ ਸਿਫਾਰਿਸ਼ਾਂ ਨੂੰ ਅਮਲ 'ਚ ਲਿਆਉਣ, ਜਿਨ੍ਹਾਂ ਵਿਚ ਸਰਕਾਰ ਨੇ ਫਸਲ ਦੀ ਰਹਿੰਦ-ਖੂੰਹਦ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ਦੀ ਐੱਮ. ਐੱਸ. ਪੀ. 'ਤੇ 100 ਰੁਪਏ ਪ੍ਰਤੀ ਕੁਇੰਟਲ ਵਾਧੂ ਬੋਨਸ ਦੇਣ ਦੀ ਮੰਗ ਕੀਤੀ ਸੀ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਤੁਰੰਤ ਮਿਲ ਕੇ ਖੇਤੀਬਾੜੀ ਸੰਕਟ ਦਾ ਹੱਲ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਇਕੱਲਾ ਸੂਬਾ ਖੇਤੀਬਾੜੀ ਸੰਕਟ ਨਾਲ ਨਹੀਂ ਨਜਿੱਠ ਸਕਦਾ, ਇਸ ਲਈ ਕੇਂਦਰ ਨੂੰ ਇਸ ਸਬੰਧ ਵਿਚ ਆਪਣਾ ਸਹਿਯੋਗ ਦੇਣ ਦੀ ਲੋੜ ਹੈ।
ਟਿਊਬਵੈੱਲ ਤੋਂ ਮਿਲੀ ਕਿਸਾਨ ਦੀ ਲਾਸ਼
NEXT STORY