ਪਟਿਆਲਾ (ਜੋਸਨ) - ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਕ ਵੀ ਵਾਅਦਾ ਪੂਰਾ ਨਾ ਕਰ ਸਕਣ ਕਾਰਨ ਅੱਜ ਲੋਕ ਅਮਰਿੰਦਰ ਸਰਕਾਰ ਤੋਂ ਪੂਰੀ ਤਰਾਂ ਟੁੱਟ ਕੇ ਮੁੜ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਸ. ਰੱਖੜਾ ਅੱਜ ਇਥੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੱਲੋਂ ਸੱਦੀ ਅਕਾਲੀ ਆਗੂਆਂ ਦੀ ਮੀਟਿੰਗ ਮੌਕੇ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕੋਝਾ ਮਜ਼ਾਕ ਕੀਤਾ ਹੈ। ਲੋਕਾਂ ਨੂੰ ਅੱਜ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਰਾਜੇ-ਮਹਾਰਾਜੇ ਕਦੇ ਵੀ ਆਮ ਲੋਕਾਂ ਦੇ ਹਿਤੈਸ਼ੀ ਨਹੀਂ ਹੋ ਸਕਦੇ। ਰੱਖੜਾ ਨੇ ਕਾਂਗਰਸ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਗਰਦਾਨਦਿਆਂ ਆਖਿਆ ਹੈ ਕਿ ਇਸ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਦਾ ਅੰਬਾਰ ਲਾ ਕੇ ਭਾਵੇਂ ਕਾਂਗਰਸ ਸਰਕਾਰ ਤਾਂ ਬਣ ਗਈ ਪਰ ਹੁਣ ਇਸ ਸਰਕਾਰ ਵਿਚ ਕੋਈ ਵੀ ਸੁਖੀ ਨਹੀਂ ਹੈ। ਸ. ਰੱਖੜਾ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਸਦਾ ਨਹੀਂ ਚੱਲ ਸਕਦਾ। ਲੋਕ ਵਾਅਦੇ ਪੂਰੇ ਕਰਨ ਦੀ ਮੰਗ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ 7 ਮਹੀਨੇ ਲੰਘਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਲੋਕਾਂ ਲਈ ਇਕ ਵੀ ਵਧੀਆ ਪਾਲਸੀ ਨਹੀਂ ਬਣਾ ਸਕੀ, ਜਿਸ ਕਾਰਨ ਅੱਜ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਕਲਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁਮਰਾਹ ਕਰਦੀ ਜਾ ਰਹੀ ਹੈ। ਸੂਬਾ ਵਾਸੀ ਇਨ੍ਹਾਂ ਝੂਠੇ ਲੋਕਾਂ ਨੂੰ ਮੁੜ ਘਰੇ ਬਿਠਾ ਦੇਣਗੇ। ਅਕਾਲੀ ਦਲ ਲੋਕਾਂ ਦੇ ਹਿਤਾਂ 'ਤੇ ਡਟ ਕੇ ਪਹਿਰਾ ਦੇਵੇਗਾ। ਲੋਕਾਂ ਦੇ ਵਾਅਦੇ ਪੂਰੇ ਕਰਵਾਉਣ ਲਈ ਡਟ ਕੇ ਲੜਾਈ ਲੜੇਗਾ। ਰੱਖੜਾ ਨੇ ਕਿਹਾ ਕਿ ਅਸੀਂ ਗੁਰਦਾਸਪੁਰ ਸੀਟ ਵੀ ਵੱਡੇ ਅੰਤਰ ਨਾਲ ਜਿੱਤਾਂਗੇ।
ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਰਾਜੂ ਖੰਨਾ ਹਲਕਾ ਇੰਚਾਰਜ, ਕਬੀਰ ਦਾਸ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਰਣਧੀਰ ਸਿੰਘ ਰੱਖੜਾ ਦਿਹਾਤੀ ਪ੍ਰਧਾਨ, ਸੁਰਿੰਦਰ ਸਿੰਘ ਪਹਿਲਵਾਨ ਚੇਅਰਮੈਨ, ਜਸਵਿੰਦਰ ਸਿੰਘ ਚੀਮਾ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਕਰਮਜੀਤ ਸਿੰਘ ਰੱਖੜਾ, ਤਰਲੋਚਨ ਸਿੰਘ ਰੱਖੜਾ, ਸਰਪੰਚ ਇੰਦਰਜੀਤ ਰੱਖੜਾ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਐਡਵੋਕੇਟ ਮਨਬੀਰ ਵਿਰਕ, ਜਥੇਦਾਰ ਪਵਿੱਤਰ ਸਿੰਘ ਡਕਾਲਾ ਅਤੇ ਗੋਸਾ ਢੀਂਡਸਾ ਸਰਪੰਚ ਆਦਿ ਹਾਜ਼ਰ ਸਨ।
5 ਪੇਟੀਆਂ ਕੈਸ਼ ਮਾਰਕਾ ਸ਼ਰਾਬ ਸਮੇਤ ਕਾਬੂ
NEXT STORY