ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਭਾਰਤੀ ਸੰਵਿਧਾਨ ਦੀਆਂ ਸ਼ਰੇਆਮ ਕਾਪੀਆਂ ਸਾੜੀਆਂ ਹੋਣ, ਉਹ ਲੋਕ ਅੱਜ ਦੇਸ਼ ਭਗਤੀ ਦਾ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ 'ਤੇ ਪੰਜਾਬ 'ਚ ਅੱਤਵਾਦ ਦੇ ਦਿਨਾਂ ਦੌਰਾਨ ਅੱਤਵਾਦੀਆਂ ਦੇ ਭੋਗਾਂ 'ਤੇ ਜਾਣ ਦੀਆਂ ਬੁਜ਼ਦਿਲ ਤੇ ਕਾਇਰਾਨਾ ਕਾਰਵਾਈਆਂ 'ਤੇ ਸੁਆਲ ਚੁੱਕਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਦੇਸ਼ ਭਗਤੀ ਕਿਵੇਂ ਯਾਦ ਆ ਗਈ? ਅਕਾਲੀ ਦਲ ਦੇ ਦੋਹਰੇ ਮਿਆਰਾਂ ਕਾਰਨ ਪੰਜਾਬ ਨੂੰ ਲੰਬਾ ਸਮਾਂ ਅੱਤਵਾਦ ਦਾ ਸੰਤਾਪ ਹੰਢਾਉਣਾ ਪਿਆ।
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ 'ਚ ਸਭ ਤੋਂ ਵੱਡਾ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਇਕੱਲੇ ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦਿਆਂ 'ਤੇ ਮੱਲ੍ਹਮ ਲਾਉਣ ਲਈ ਕਾਫੀ ਨਹੀਂ, ਉਨ੍ਹਾਂ ਲੋਕਾਂ 'ਤੇ ਕਾਰਵਾਈ ਵੀ ਜ਼ਰੂਰੀ ਹੈ, ਜਿਨ੍ਹਾਂ ਦੇ ਇਸ਼ਾਰਿਆਂ 'ਤੇ ਆਈ. ਜੀ. ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। 20 ਸਾਲ ਪਹਿਲਾਂ ਅੱਤਵਾਦੀ ਮਸੂਦ ਦੀ ਸੁਰੱਖਿਅਤ ਰਿਹਾਈ ਕਰਨ ਵਾਲੀ ਭਾਜਪਾ ਸਰਕਾਰ ਨੂੰ ਵੀ 'ਦੇਸ਼ਧ੍ਰੋਹੀ' ਦਾ ਸਰਟੀਫਿਕੇਟ ਦੇਣ ਦੀ ਮੰਗ ਕਰਦਿਆਂ ਰੰਧਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਇਕੋ-ਇਕ ਏਜੰਡਾ ਲੋਕਾਂ ਨੂੰ ਫਿਰਕਾਪ੍ਰਸਤੀ ਦੀਆਂ ਭਾਵਨਾਵਾਂ 'ਚ ਰੰਗ ਕੇ ਇਕ-ਦੂਜੇ ਖਿਲਾਫ ਲੜਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ।
ਰਾਏਪੁਰਾਣੀ ਦੇ ਗੈਸ ਪਲਾਂਟ 'ਚ ਫਟਿਆ ਸਿਲੰਡਰ, ਮਜ਼ਦੂਰ ਦੀ ਮੌਤ
NEXT STORY