ਖੰਨਾ(ਸੁਨੀਲ)-ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਰੋਜ਼ਾਨਾ ਦੀ ਤਰ੍ਹਾਂ ਮਰੀਜ਼ਾਂ ਦੇ ਆਉਣ-ਜਾਣ ਨੂੰ ਲੈ ਕੇ ਪੂਰੀ ਤਰ੍ਹਾਂ ਵਿਅਸਤ ਸੀ ਕਿ ਅਚਾਨਕ ਡਿਊਟੀ ’ਤੇ ਤਾਇਨਾਤ ਡਾਕਟਰ, ਸਟਾਫ ਤੇ ਹੋਰ ਕਰਮਚਾਰੀ ਆਪਣੀ ਜਾਨ ਬਚਾਉਣ ਦੇ ਉਦੇਸ਼ ਨਾਲ ਇਧਰ-ਉੱਧਰ ਭੱਜਣ ਲੱਗ ਪਏ। ਜਦੋਂ ਤੱਕ ਉਨ੍ਹਾਂ ਲੋਕਾਂ ਨੂੰ ਇਹ ਸਾਰਾ ਸਿਲਸਿਲਾ ਸਮਝ ਆਉਂਦਾ ਤਦ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਹਮਲਾਵਰਾਂ ਨੇ ਹਸਪਤਾਲ ’ਚ ਇਲਾਜ ਲਈ ਆਏ ਮਰੀਜ਼ ਨੂੰ ਬੁਰੀ ਤਰ੍ਹਾਂ ਕੁੱਟਣ ਉਪਰੰਤ ਹਸਪਤਾਲ ਦੇ ਫਰਨੀਚਰ ਦੀ ਵੀ ਤੋਡ਼-ਫੋਡ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਕੁੱਟ-ਮਾਰ ਦੀ ਘਟਨਾ ਹਸਪਤਾਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਤਹਿਤ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਕੁਲਦੀਪ ਚੌਧਰੀ ਪੁੱਤਰ ਛੋਟੂ ਲਾਲ ਵਾਸੀ ਨਾਵਲਟੀ ਸਿਨੇਮਾ ਰੋਡ ਨੇ ਦੱਸਿਆ ਕਿ ਅੱਜ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਕੋਲ ਮੌਜੂਦ ਸੀ ਤਾਂ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਹਰਗੋਪਾਲ ਤੇ ਉਸ ਦੀ ਪਤਨੀ ਰਾਸ਼ੀ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਉਪਰੰਤ ਕੁਝ ਲੋਕ ਜੋ ਪਹਿਲਾਂ ਤੋਂ ਹੀ ਉਸ ਦੇ ਘਰ ’ਚ ਮੌਜੂਦ ਸਨ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਨੇ ਦੱਸਿਆ ਕਿ ਇਹ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਇਹ ਸੋਚ ਕੇ ਤੰਗ-ਪ੍ਰੇਸ਼ਾਨ ਕਰ ਰਹੇ ਹਨ ਕਿ ਉਹ ਆਪਣਾ ਮਕਾਨ ਛੱਡ ਕੇ ਕਿਸੇ ਦੂਜੀ ਜਗ੍ਹਾ ਚਲੇ ਜਾਣ।

ਕੁਲਦੀਪ ਨੇ ਦੱਸਿਆ ਕਿ ਉਸ ਦੇ ਬਾਕੀ ਪਰਿਵਾਰਕ ਮੈਂਬਰ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਅਤੇ ਉਹ ਆਪਣੀ ਪਤਨੀ ਅਤੇ 5 ਸਾਲ ਦੇ ਬੇਟੇ ਨਾਲ ਘਰ ’ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਹਰਗੋਪਾਲ ਜੋ ਕਿ ਪੇਸ਼ੇ ਵਜੋਂ ਜੋਤਿਸ਼ੀ ਹੈ, ਦੇ ਘਰ ’ਚ ਕਾਫ਼ੀ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੈ। ਇਥੇ ਤੱਕ ਕਿ ਉਨ੍ਹਾਂ ਦਾ ਛੋਟਾ ਬੱਚਾ ਵੀ ਗਲੀ ’ਚ ਕ੍ਰਿਕਟ ਨਹੀਂ ਖੇਡ ਸਕਦਾ। ਕੁੱਟ-ਮਾਰ ਦੇ ਉਪਰੰਤ ਜਦੋਂ ਉਹ ਇਲਾਜ ਲਈ ਹਸਪਤਾਲ ’ਚ ਆਇਆ ਤਾਂ ਇਸ ਦੌਰਾਨ ਹਰਗੋਪਾਲ ਦੇ 15-20 ਲੋਕ ਐਮਰਜੈਂਸੀ ਵਿਭਾਗ ’ਚ ਜ਼ਬਰਦਸਤੀ ਦਾਖਲ ਹੋ ਗਏ। ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਉਥੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਹਸਪਤਾਲ ਦਾ ਫਰਨੀਚਰ ਤੋਡ਼ਦੇ ਹੋਏ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਇਆ। ਤਾਂਡਵ ਨੂੰ ਦੇਖਦੇ ਹੋਏ ਡਿਊਟੀ ’ਤੇ ਤਾਇਨਾਤ ਲੇਡੀ ਡਾਕਟਰ ਰਵਿੰਦਰ ਕੌਰ, ਅੰਮ੍ਰਿਤਪਾਲ ਦੇ ਨਾਲ-ਨਾਲ ਹੋਰ ਸਟਾਫ ਦੇ ਮੈਂਬਰਾਂ ਨੇ ਦੂਜੇ ਕਮਰੇ ’ਚ ਲੁਕ ਕੇ ਆਪਣੀ ਜਾਨ ਬਚਾਈ। ਹਮਲਾਵਰਾਂ ਦਾ ਇਹ ਤਾਂਡਵ ਹਸਪਤਾਲ ’ਚ ਲਗਾਤਾਰ 20 ਮਿੰਟ ਤੱਕ ਚੱਲਦਾ ਰਿਹਾ। ਘਟਨਾ ਦੀ ਸੂਚਨਾ ਹਸਪਤਾਲ ਦੇ ਅਧਿਕਾਰੀਆਂ ਨੇ ਪੁਲਸ ਨੂੰ ਦਿੱਤੀ, ਜਿਸ ਕਾਰਨ ਸਿਟੀ ਥਾਣਾ-1 ਦੇ ਐੱਸ. ਐੱਚ. ਓ. ਸੁਖਨਾਜ ਸਿੰਘ ਨੇ ਮੌਕੇ ’ਤੇ ਪੁੱਜਦੇ ਹੋਏ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦੂਜੀ ਧਿਰ ਦੇ ਰਾਸ਼ੀ ਤੇ ਉਸ ਦੇ ਪਤੀ ਹਰਗੋਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਹ ਲੋਕ ਨਹੀਂ, ਬਲਕਿ ਕੁਲਦੀਪ ਅਤੇ ਉਸ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਹਨ। ਕੁਲਦੀਪ ਦੇ ਡਰ ਤੋਂ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਹੈ। ਇਸ ਦੌਰਾਨ ਅੱਜ ਉਸ ਨੇ ਉਸ ਤੇ ਅਤੇ ਉਸ ਦੇ ਪਰਿਵਾਰ ’ਤੇ ਕਾਰ ਚਡ਼੍ਹਾਉਣ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੂੰ ਕੁਲਦੀਪ ਤੇ ਹਸਪਤਾਲ ’ਚ ਕੁੱਟ-ਮਾਰ ਦੀ ਘਟਨਾ ਦੇ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਕਿਹਾ ਕਿ ਇਸ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਉਹ ਜਾਣਦੇ ਹਨ। ਇਸ ਸਬੰਧੀ ਸਿਟੀ ਥਾਣਾ ਐੱਸ. ਐੱਚ. ਓ. ਸੁਖਨਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ।
ਭਗੌਡ਼ਾ ਗ੍ਰਿਫ਼ਤਾਰ
NEXT STORY