ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਲੋਕਾਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਲਚ ਦੇ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ। ਇਸ ਸਰਕਾਰ ਨੇ ਅਜੇ ਤੱਕ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਵਾਅਦੇ ਪੂਰੇ ਕਰਨ ਦੀ ਥਾਂ ਹੋਰ ਮਾਮਲਿਆਂ 'ਤੇ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਕਤ ਗੱਲ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਸ੍ਰੀ ਮੁਕਤਸਰ ਸਾਹਿਬ 'ਚ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਪਾਸ਼ਾ ਦੇ ਘਰ ਗੱਲਬਾਤ ਦੌਰਾਨ ਕਹੀ। ਓ. ਐਸ. ਡੀ. ਚਰਨਜੀਤ ਸਿੰਘ ਦੇ ਘਰ ਉਹ ਉਨ੍ਹਾਂ ਦੀ ਮਾਤਾ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਨ ਪਹੁੰਚੇ ਸਨ, ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੁੱਦਾ ਰਹਿਤ ਸਰਕਾਰ ਹੈ। ਇਹ ਵਿਕਾਸ ਦੀ ਗੱਲ ਕਰਦੀ ਹੈ ਪਰ ਅਜੇ ਤੱਕ ਪੰਜ ਲੱਖ ਕਰਮਚਾਰੀਆਂ ਨੂੰ ਵੇਤਨ ਨਹੀਂ ਦੇ ਸਕੀ ਹੈ। ਉਧਰ 90 ਹਜ਼ਾਰ ਕਰੋੜ ਰੁਪਏ ਕਰਜ਼ੇ ਮੁਆਫ਼ੀ ਦੇ ਬੈਂਕਾਂ ਨੂੰ ਦੇਣੇ ਹਨ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਨ ਵਾਲੀ ਇਹ ਸਰਕਾਰ 800 ਪ੍ਰਾਇਮਰੀ ਸਕੂਲ ਬੰਦ ਕਰਕੇ ਪਹਿਲਾਂ ਤੋਂ ਕੰਮ ਕਰ ਰਹੇ ਲੋਕਾਂ ਨੂੰ ਬੇਰੁਜ਼ਗਾਰ ਕਰਨ 'ਤੇ ਤੁਲੀ ਹੈ। ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸਦੇ ਇਲਾਵਾ ਦੋ ਲੱਖ ਪੈਨਸ਼ਨ ਧਾਰਕਾਂ ਦੀ ਕਟੌਤੀ ਕੀਤੀ ਗਈ। ਉਨ੍ਹਾਂ ਨੇ ਕੋਲਿਆਂਵਾਲੀ ਮਸਲੇ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨਿੱਜੀ ਰੰਜਿਸ਼ ਦੇ ਅਧੀਨ ਕੰਮ ਕਰ ਰਹੀ ਹੈ। ਆਪਣਾ ਕੰਮ ਕਰਨ ਦੀ ਬਜਾਏ ਉਹ ਕੌਂਸਲਰਾਂ ਤੇ ਸਰਪੰਚਾਂ ਨੂੰ ਧਮਕਾਉਣ ਲੱਗੇ ਹੋਏ ਹਨ। ਪੰਜਾਬ 'ਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ। ਇਸ ਮੌਕੇ ਭਜਨ ਸਿੰਘ, ਬਲਵਿੰਦਰ ਸਿੰਘ ਅਮ੍ਰਿਤਸਰ, ਕੌਂਸਲਰ ਰਾਮ ਸਿੰਘ ਪੱਪੀ ਹਾਜ਼ਰ ਸਨ।
ਕਾਂਗਰਸ ਪਾਰਟੀ ਦੇ ਕੋਆਡੀਨੇਟਰ ਨੇ ਮਨਰੇਗਾ ਮਜ਼ਦੂਰਾ ਦੀਆਂ ਮੁਸ਼ਕਿਲਾਂ ਬਾਰੇ ਜਾਣਿਆ
NEXT STORY