ਕਪੂਰਥਲਾ/ਫਗਵਾੜਾ (ਵਿਪਨ, ਹਰਜੋਤ)— ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੀ ਰਾਤ ਰਾਤ ਤੋਂ 21 ਦਿਨਾਂ ਤੱਕ ਪੂਰਾ ਦੇਸ਼ ਲਾਕ ਡਾਊਨ ਕੀਤਾ ਗਿਆ ਹੈ।
ਉਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਾਰ-ਵਾਰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਰਫਿਊ ਦੇ ਬਾਵਜੂਦ ਵੀ ਕੁਝ ਲੋਕ ਘਰਾਂ 'ਚ ਨਹੀਂ ਬੈਠ ਰਹੇ ਹਨ। ਕਰਫਿਊ ਦੌਰਾਨ ਮਿਲੀ ਢਿੱਲ ਦਾ ਜਿਵੇਂ ਹੀ ਮੌਕਾ ਮਿਲਦਾ ਹੈ ਤਾਂ ਲੋਕ ਤੁਰੰਤ ਨਾਜਾਇਜ਼ ਫਾਇਦਾ ਚੁੱਕਣ ਲੱਗ ਜਾਂਦੇ ਹਨ।
ਕਪੂਥਰਲਾ ਅਤੇ ਫਗਵਾੜਾ 'ਚ ਵੀ ਅਜਿਹਾ ਹੀ ਕੁਝ ਅੱਜ ਸਵੇਰੇ ਦੇਖਣ ਨੂੰ ਮਿਲਿਆ। ਕਪੂਰਥਲਾ 'ਚ ਸਵੇਰੇ 5 ਤੋਂ ਲੈ ਕੇ 8 ਵਜੇ ਤੱਕ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਖਰੀਦਣ ਦੀ ਦਿੱਤੀ ਗਈ ਰਾਹਤ ਨੂੰ ਲੈ ਕੇ ਅੱਜ ਜਿੱਥੇ ਬਾਜ਼ਾਰਾਂ 'ਚ ਭੀੜ ਨਜ਼ਰ ਆਈ, ਉਥੇ ਹੀ ਫਗਵਾੜਾ 'ਚ ਵੀ ਸਬਜ਼ੀ ਦੀਆਂ ਰੇਹੜੀਆਂ ਅਤੇ ਖੁੱਲ੍ਹੀਆਂ ਮੈਡੀਕਲ ਦੀਆਂ ਦੁਕਾਨਾਂ 'ਤੇ ਕਾਫੀ ਭੀੜ ਦਿਸੀ। ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਮੇਲਾ ਲੱਗਾ ਹੋਵੇ। ਲੱਗਦਾ ਹੈ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਹੈ। ਸੱਭ ਤੋਂ ਵੱਡੀ ਗੱਲ ਤਾਂ ਇਹ ਨਜ਼ਰ ਆਈ ਕਿ ਕਈਆਂ ਲੋਕਾਂ ਨੇ ਮਾਸਕ ਤੱਕ ਵੀ ਨਹੀਂ ਪਾਏ ਹੋਏ ਸਨ।
ਪੰਜਾਬ 'ਚ ਕੋਰੋਨਾ ਦਾ ਕਹਿਰ, ਗਿਣਤੀ 29 ਤੱਕ ਪਹੁੰਚੀ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਪਰ ਸਮਾਜ 'ਚ ਹੜਬੜਾਹਟ ਪੈਦਾ ਨਾ ਹੋ ਜਾਵੇ, ਇਸ ਲਈ ਜਾਣਕਾਰੀ ਸਰਵਜਨਕ ਕਰਨ 'ਚ ਪਰਹੇਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ: ਜਲੰਧਰ 'ਚ 'ਲਾਕ ਡਾਊਨ' ਦੇ ਬਾਵਜੂਦ ਮੈਡੀਕਲ ਸਟੋਰ ਖੋਲ੍ਹਣ 'ਤੇ ਮਾਲਕ ਲਿਆ ਹਿਰਾਸਤ
ਹਾਲਾਂਕਿ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਵਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਪਰ ਆਮ ਜਨਤਾ ਦੀ ਸਹਿਭਾਗਤਾ ਤੋਂ ਬਿਨਾਂ ਇਹ ਸੰਭਵ ਨਹੀਂ। ਰਾਜ 'ਚ ਅਜੇ ਤੱਕ ਜਿਨ੍ਹਾਂ 'ਚ ਕੁਲ 29 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 18 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਦਿੱਤੇ ਗਏ ਨੇ ਛੋਟ ਦੇ ਹੁਕਮ
'ਕੋਰੋਨਾ ਵਾਇਰਸ' ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਦੀਪਤੀ ਉੱਪਲ ਦੇ ਹੁਕਮਾਂ ਮੁਤਾਬਕ ਕਰਫਿਊ ਦੌਰਾਨ ਕੋਈ ਵੀ ਦੁਕਾਨ ਖੋਲ੍ਹਣ ਅਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਲਾਈ ਹੋਈ ਹੈ। ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਰੂਰੀ ਚੀਜ਼ਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਕਰਫਿਊ ਦੌਰਾਨ ਜ਼ਿਲਾ ਮੈਜਿਸਟ੍ਰੇਟ ਦੀਪਤੀ ਉੱਪਲ ਵੱਲੋਂ ਕੁਝ ਛੋਟ ਦਿੱਤੀ ਗਈ ਹੈ। ਯਾਦ ਰਹੇ ਕਿ ਉਪਰੋਕਤ ਸਹੂਲਤਾਂ ਲਈ ਸਿਰਫ ਇਕ ਹੀ ਵਿਅਕਤੀ ਘਰੋਂ ਬਾਹਰ ਨਿਕਲ ਸਕਦਾ ਹੈ।
ਡੇਅਰੀ ਸਵੇਰੇ 5 ਤੋਂ 8 ਵਜੇ ਤੱਕ ਖੋਲ੍ਹੀ ਜਾਵੇਗੀ।
ਦੁੱਧ ਵੇਚਣ ਵਾਲੇ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਦਾ ਕੰਮ ਸਵੇਰੇ 5 ਤੋਂ 8 ਵਜੇ ਤੱਕ ਕਰ ਸਕਦੇ ਹਨ। 8 ਵਜੇ ਤੋਂ ਬਾਅਦ ਪਾਬੰਦੀ ਹੋਵੇਗੀ।
ਹਾਕਰਜ਼ ਵੱਲੋਂ ਅਖਬਾਰਾਂ ਵੰਡਣ ਦਾ ਸਮਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ।
ਕੈਮਿਸਟ ਸ਼ਾਪ ਅਤੇ ਪੈਟਰੋਲ ਪੰਪ ਰੋਜ਼ਾਨਾ ਸਵੇਰੇ 5 ਤੋਂ 8 ਵਜੇ ਤੱਕ ਖੁੱਲ੍ਹੇ ਰਹਿਣਗੇ।
ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਸਮੂਹ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪਛਾਣ ਕੀਤੇ ਗਏ ਰੇਹੜੀ ਵਿਕ੍ਰੇਤਾਵਾਂ ਮੁਹੱਲਿਆਂ 'ਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਸਬਜ਼ੀ ਵੇਚ ਸਕਦੇ ਹਨ।
ਕਰਿਆਨਾ, ਬੇਕਰੀ ਅਤੇ ਐੱਲ. ਪੀ. ਜੀ. ਗੈਸ ਦੀ ਸਪਲਾਈ ਸਬੰਧੀ ਆਮ ਜਨਤਾ ਵੱਲੋਂ ਜ਼ਰੂਰਤ ਪੈਣ 'ਤੇ ਸਬੰਧਤ ਸ਼ਾਪਕੀਪਰ/ਗੈਸ ਏਜੰਸੀ ਦੇ ਨਾਲ ਫੋਨ 'ਤੇ ਸੰਪਰਕ ਕੀਤਾ ਜਾਵੇ। ਜਿਨ੍ਹਾਂ ਵੱਲੋਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਇਨ੍ਹਾਂ ਸਹੂਲਤਾਂ ਦੀ ਹੋਮ ਡਲਿਵਰੀ ਕੀਤੀ ਜਾਵੇਗੀ।
ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਟਾਲ ਤੇ ਦੁਕਾਨਾਂ ਰੋਜ਼ਾਨਾ ਸਵੇਰੇ 5 ਤੋਂ 8 ਵਜੇ ਤੱਕ ਖੁੱਲ੍ਹਣਗੀਆਂ।
ਪੋਲਟਰੀ ਫੀਡ/ਕੈਟਲ ਫੀਡ ਦੀਆਂ ਦੁਕਾਨਾਂ ਹਫਤੇ 'ਚ ਦੋ ਵਾਰ ਬੁੱਧਵਾਰ ਅਤੇ ਸ਼ੁਕਰਵਾਰ ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਖੁੱਲ੍ਹਣਗੀਆਂ।
ਜ਼ਿਲਾ ਕਪੂਰਥਲਾ ਦੇ ਸਾਰੇ ਪ੍ਰਾਈਵੇਟ ਹਸਪਤਾਲ/ਕਲੀਨਕਸ ਸਿਰਫ ਐਮਰਜੈਂਸੀ ਸੇਵਾਵਾਂ ਦੇ ਲਈ ਖੁੱਲ੍ਹੇ ਰਹਿਣਗੇ।
ਪੰਜਾਬ ਪੁਲਸ ਦੀ ਕੋਰੋਨਾ ਖਿਲਾਫ ਜੰਗ, ਡਿਊਟੀ ਤੋਂ ਪਹਿਲਾਂ 'ਲਾਠੀਆਂ' ਕਰ ਰਹੀ ਸੈਨੇਟਾਈਜ਼
NEXT STORY