ਲੁਧਿਆਣਾ(ਖੁਰਾਣਾ)-ਅਪਾਹਜ ਸਮਾਜ ਨੂੰ 10 ਰੁਪਏ ਦੇ ਨਵੇਂ ਨੋਟ ਦੀ ਪਛਾਣ ਕਰਨ ਸਬੰਧੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਹਿੱਤ ਨੇਤਰਹੀਣ ਵਰਗ ਵੱਲੋਂ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੇ ਹਲਫਨਾਮੇ ਤੋਂ ਬਾਅਦ ਕੇਂਦਰ ਸਰਕਾਰ ਦੀ ਪਹਿਲ 'ਤੇ ਹੁਣ ਆਰ. ਬੀ. ਆਈ. (ਰਿਜ਼ਰਵ ਬੈਂਕ ਆਫ ਇੰਡੀਆ) ਜਲਦ ਹੀ 10 ਰੁਪਏ ਦਾ ਨੋਟ ਬੰਦ ਕਰ ਕੇ ਉਸ ਦੀ ਜਗ੍ਹਾ 'ਤੇ 10 ਰੁਪਏ ਦੇ ਸਿੱਕੇ ਜਾਰੀ ਕਰੇਗਾ। ਇਸ ਕੇਸ 'ਤੇ ਮਾਣਯੋਗ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਆਰ. ਬੀ. ਆਈ. ਤੋਂ ਜਵਾਬ ਤਲਬੀ ਕਰਦੇ ਹੋਏ ਨੇਤਰਹੀਣ ਸਮਾਜ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦੇ ਹੋਏ ਇਸ ਦੇ ਤੁਰੰਤ ਹੱਲ ਲਈ ਉਪਾਅ ਲੱਭਣ ਦੀ ਗੱਲ ਕਹੀ ਹੈ। ਅਦਾਲਤ ਨੇ ਕਿਹਾ ਕਿ ਉਹ ਨਵੇਂ ਨੋਟਾਂ ਦੀ ਜਾਂਚ ਸਬੰਧੀ ਨੇਤਰਹੀਣ ਦੇ ਇਕ ਵਫਦ ਨੂੰ ਅਦਾਲਤ 'ਚ ਬੁਲਾਵੇਗੀ ਅਤੇ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਲਈ 7 ਮਾਰਚ ਮੁਕਰਰ ਕਰ ਦਿੱਤੀ ਹੈ। ਇਹ ਜਾਣਕਾਰੀ ਇੰਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਈਂਡ ਸੰਸਥਾ ਦੇ ਮੀਡੀਆ ਜਨਰਲ ਸਕੱਤਰ ਅੰਕਿਤ ਕਪੂਰ, ਚੇਅਰਮੈਨ ਪ੍ਰਗਟ ਮਸੀਹ, ਸੰਗੀਤਾ ਕਪੂਰ ਜਨਰਲ ਸਕੱਤਰ ਅਤੇ ਰਾਜ ਕੁਮਾਰ ਜਥੇਬੰਦਕ ਸਕੱਤਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਕੇਸ ਸਬੰਧੀ ਕਾਰਜਕਾਰੀ ਮੁੱਖ ਜੱਜ ਦੇ ਸਾਹਮਣੇ ਕੇਂਦਰ ਸਰਕਾਰ ਵੱਲੋਂ ਏ. ਐੱਮ. ਜੀ. ਸੰਜੇ ਜੈਨ ਨੇ ਪੇਸ਼ ਹੁੰਦੇ ਹੋਏ ਕਿਹਾ ਹੈ ਕਿ 10 ਰੁਪਏ ਦੇ ਨਵੇਂ ਨੋਟ ਦੀ ਜਗ੍ਹਾ ਹੁਣ ਖਾਸ ਤਰ੍ਹਾਂ ਦੇ ਸਿੱਕੇ ਮਾਰਕੀਟ 'ਚ ਉਤਾਰੇ ਜਾਣਗੇ ਤਾਂਕਿ ਅਪਾਹਜ ਸਮਾਜ ਆਸਾਨੀ ਨਾਲ ਸਿੱਕੇ 'ਤੇ ਉੱਕਰੀਆਂ ਗਈਆਂ ਕੀਮਤਾਂ ਦਾ ਮੁੱਲ ਜਾਣ ਸਕੇ।
ਪਲਾਸਟਿਕ ਦੀ ਕਰੰਸੀ 'ਤੇ ਬ੍ਰੇਲ ਲਿੱਪੀ ਦੇ ਡਾਟ ਜਾਰੀ ਕਰੇ ਆਰ. ਬੀ. ਆਈ.
ਦੇਸ਼ ਵਿਚ ਹਰ ਸਾਲ ਕਾਗਜ਼ ਤੋਂ ਬਣੇ ਪੁਰਾਣੇ ਨੋਟ ਫਟ ਜਾਣ ਜਾਂ ਗਲ ਜਾਣ ਕਾਰਨ ਆਰ. ਬੀ. ਆਈ. ਅਜਿਹੇ ਕਰੋੜਾਂ ਨੋਟਾਂ ਨੂੰ ਨਸ਼ਟ ਕਰ ਕੇ ਨਵੇਂ ਨੋਟ ਜਾਰੀ ਕਰਦੀ ਹੈ, ਜਿਸ 'ਤੇ ਨਵੇਂ ਸਿਰੇ ਤੋਂ ਕਰੋੜਾਂ ਦਾ ਖਰਚ ਆਮ ਲੋਕਾਂ ਦੇ ਸਿਰ ਪੈਂਦਾ ਹੈ। ਅਜਿਹੇ ਵਿਚ ਜੇਕਰ ਆਰ. ਬੀ. ਆਈ. ਪਲਾਸਟਿਕ ਦੀ ਕਰੰਸੀ ਜਾਰੀ ਕਰਦੀ ਹੈ ਤਾਂ ਜਿੱਥੇ ਇਸ ਪਹਿਲ ਨਾਲ ਹਰ ਸਾਲ ਹੋਣ ਵਾਲੇ ਵੱਡੇ ਖਰਚ ਤੋਂ ਰਾਹਤ ਮਿਲੇਗੀ, ਉਥੇ ਪਲਾਸਟਿਕ ਕਰੰਸੀ 'ਤੇ ਬ੍ਰੇਲ ਲਿਪੀ ਨਾਲ ਉੱਭਰੇ ਡਾਟ ਦੀ ਮਦਦ ਨਾਲ ਨੇਤਰਹੀਣ ਵਰਗ ਨੋਟ ਦੀ ਸਹੀ ਕੀਮਤ ਵੀ ਜਾਣ ਸਕੇਗਾ। ਇਹ ਕਹਿਣਾ ਹੈ ਇੰਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਈਂਡ ਸੰਸਥਾ ਦੇ ਮੀਡੀਆ ਜਨਰਲ ਸਕੱਤਰ ਅੰਕਿਤ ਕਪੂਰ ਦਾ। ਉਨ੍ਹਾਂ ਕਿਹਾ ਕਿ ਮਾਰਕੀਟ 'ਚ ਪਹਿਲਾਂ ਚੱਲ ਰਹੇ 2, 5 ਅਤੇ 10 ਰੁਪਏ ਦੇ ਸਿੱਕੇ ਦੇ ਵੱਖ-ਵੱਖ ਆਕਾਰ ਹੋਣ ਕਰ ਕੇ ਵੀ ਨੇਤਰਹੀਣ ਵਰਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਰ. ਬੀ. ਆਈ. ਨੇ ਮੰਨਿਆ 20 ਅਤੇ 50 ਰੁਪਏ ਦੇ ਨੋਟ 'ਤੇ ਨਹੀਂ ਉੱਭਰਿਆ ਹੋਇਆ ਨਿਸ਼ਾਨ
ਅਦਾਲਤ ਦੇ ਸਾਹਮਣੇ ਪੇਸ਼ ਹੋਏ ਕੇਂਦਰ ਸਰਕਾਰ ਅਤੇ ਆਰ. ਬੀ. ਆਈ. ਦੇ ਵਕੀਲ ਨੇ ਕਿਹਾ ਹੈ ਕਿ ਨਵੇਂ ਨੋਟਾਂ ਨੂੰ ਮਾਹਿਰਾਂ ਦੀ ਸਲਾਹ ਅਤੇ ਨੇਤਰਹੀਣਾਂ ਲਈ ਕੰਮ ਕਰਨ ਵਾਲੀਆਂ ਕੁੱਝ ਸੰਸਥਾਵਾਂ ਦੇ ਸੁਝਾਵਾਂ 'ਤੇ ਵਿਚਾਰ ਕਰਨ ਉਪਰੰਤ ਹੀ ਮਾਰਕੀਟ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 20 ਅਤੇ 50 ਰੁਪਏ ਦੇ ਨੋਟਾਂ ਵਿਚ ਪਛਾਣ ਲਈ ਉੱਭਰਿਆ ਹੋਇਆ ਨਿਸ਼ਾਨ ਨਹੀਂ ਬਣਾਇਆ ਗਿਆ ਹੈ, ਕਿਉਂਕਿ ਇਹ ਕਾਫੀ ਮਹਿੰਗਾ ਹੈ ਅਤੇ ਸਮੇਂ ਦੇ ਨਾਲ ਮਿਟ ਜਾਂਦਾ ਹੈ। ਹਾਲਾਂਕਿ 100 ਰੁਪਏ ਅਤੇ ਉਸ ਤੋਂ ਉੱਪਰ ਦੇ ਵੱਡੇ ਨੋਟਾਂ ਵਿਚ 10 ਰੁਪਏ ਦੇ ਸਿੱਕਿਆਂ ਦੇ ਕੰਢਿਆਂ 'ਤੇ ਪਛਾਣ ਲਈ ਖਾਸ ਨਿਸ਼ਾਨ ਬਣਾਏ ਜਾਣਗੇ।
ਨੋਟ ਦੀ ਸਹੀ ਪਛਾਣ ਲਈ ਨੋਟ 'ਤੇ ਜਾਰੀ ਹੋਵੇ ਕੋਈ ਉੱਭਰੀ ਹੋਈ ਨਿਸ਼ਾਨੀ
ਇਸ ਮੁੱਦੇ ਸਬੰਧੀ ਗੱਲਬਾਤ ਕਰਦੇ ਹੋਏ ਨੇਤਰਹੀਣ ਸੰਸਥਾ ਦੇ ਚੇਅਰਮੈਨ ਪ੍ਰਗਟ ਮਸੀਹ ਨੇ ਕਿਹਾ ਕਿ 10, 20, 50 ਅਤੇ 100 ਰੁਪਏ ਦੇ ਪੁਰਾਣੇ ਨੋਟਾਂ ਦੀ ਪਛਾਣ ਕਰਨਾ ਹਰ ਨੇਤਰਹੀਣ ਦੇ ਲਈ ਸੌਖਾ ਸੀ ਪਰ ਬੀਤੇ ਦਿਨੀਂ ਆਰ. ਬੀ. ਆਈ. ਵੱਲੋਂ ਜਾਰੀ ਸਾਈਜ਼ ਵਿਚ ਕੋਈ ਖਾਸ ਫਰਕ ਨਾ ਹੋਣ ਕਾਰਨ ਉਨ੍ਹਾਂ ਦੀ ਸਹੀ ਪਛਾਣ ਕਰਨ ਲਈ ਨੇਤਰਹੀਣ ਵਰਗ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆ ਦੇ ਦੌਰ 'ਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਜਲਦ ਹੀ ਆਰ. ਬੀ. ਆਈ. ਨੂੰ ਨਿਰਦੇਸ਼ ਜਾਰੀ ਕਰ ਕੇ ਨੇਤਰਹੀਣ ਸਮਾਜ ਦੀਆਂ ਉਕਤ ਮੁਸ਼ਕਿਲਾਂ ਦਾ ਹੱਲ ਕਰ ਕੇ ਨਵੇਂ ਨੋਟਾਂ ਦੀ ਸਹੀ ਪਛਾਣ ਹਿੱਤ ਨੋਟਾਂ ਦੀ ਛਪਾਈ ਦੌਰਾਨ ਕੋਈ ਉੱਭਰਵਾਂ ਮਤਲਬ ਉੱਠਿਆ ਨਿਸ਼ਾਨ ਲਗਾਵੇ, ਜਿਸ ਨੂੰ ਛੂਹ ਕੇ ਨੋਟ ਦੀ ਸਹੀ ਕੀਮਤ ਦੀ ਨੇਤਰਹੀਣ ਪਛਾਣ ਕਰ ਸਕਣ।
ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ 'ਚ ਸਜ਼ਾ
NEXT STORY