ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਬਰਨਾਲਾ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪਿਛਲੇ 2 ਮਹੀਨਿਆਂ 'ਚ 135 ਮਰੀਜ਼ ਡੇਂਗੂ ਦੇ ਪਾਜ਼ੇਟਿਵ ਪਾਏ ਗਏ। ਜਦੋਂ ਕਿ 404 ਮਰੀਜ਼ ਸ਼ੱਕੀ ਪਾਏ ਗਏ। ਡੇਂਗੂ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਹਸਪਤਾਲ ਵਿਚ ਬੈੱਡਾਂ ਦੀ ਵੀ ਘਾਟ ਹੋ ਗਈ ਹੈ। ਮਰੀਜ਼ਾਂ ਨੂੰ ਵਾਰਡਾਂ ਵਿਚ ਜਗ੍ਹਾ ਨਹੀਂ ਮਿਲ ਰਹੀ। ਹਸਪਤਾਲ ਦੇ ਵਰਾਂਡੇ ਅਤੇ ਹੋਰ ਥਾਵਾਂ 'ਤੇ ਮਰੀਜ਼ ਮੰਜਿਆਂ 'ਤੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਜਦੋਂਕਿ ਕੁਝ ਦਿਨ ਪਹਿਲਾਂ ਇਕ ਔਰਤ ਦੀ ਡੇਂਗੂ ਨਾਲ ਮੌਤ ਵੀ ਹੋ ਚੁੱਕੀ ਹੈ। ਸਿਵਲ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਗਗਨਦੀਪ ਸਿੰਘ ਵਾਸੀ ਖੰਨਾ ਨੇ ਕਿਹਾ ਕਿ ਉਹ ਬਰਨਾਲਾ ਵਿਖੇ ਪੰਜੀਰੀ ਦੇਣ ਆਇਆ ਸੀ ਪਰ ਇਥੇ ਆ ਕੇ ਉਸ ਨੂੰ ਡੇਂਗੂ ਹੋ ਗਿਆ। ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਆਇਆ ਤਾਂ ਕਿਸੇ ਵੀ ਵਾਰਡ ਵਿਚ ਕੋਈ ਜਗ੍ਹਾ ਨਹੀਂ ਮਿਲੀ। ਕਿਰਾਏ 'ਤੇ ਮੰਜਾ ਲਿਆਉਣਾ ਪਿਆ। ਇਸੇ ਤਰ੍ਹਾਂ ਬੇਅੰਤ ਸਿੰਘ ਵਾਸੀ ਸਹਿਜੜਾ ਨੇ ਕਿਹਾ ਕਿ ਉਹ ਵੀ ਹਸਪਤਾਲ ਦੇ ਵਰਾਂਡੇ ਵਿਚ ਪੈਣ ਲਈ ਮਜਬੂਰ ਹੈ ਕਿਉਂਕਿ ਹਸਪਤਾਲ ਵਿਚ ਡੇਂਗੂ ਦੇ ਮਰੀਜ਼ਾਂ ਦੀ ਭਾਰੀ ਭੀੜ ਹੋਣ ਕਾਰਨ ਨਾ ਤਾਂ ਉਸ ਨੂੰ ਬੈੱਡ ਮਿਲਿਆ ਅਤੇ ਨਾ ਹੀ ਵਾਰਡ ਵਿਚ ਜਗ੍ਹਾ। ਕਿਰਾਏ ਦਾ ਮੰਜਾ ਲਿਆ ਕੇ ਹਸਪਤਾਲ ਦੇ ਵਰਾਂਡੇ 'ਚ ਇਲਾਜ ਕਰਵਾਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਨਾਲ ਕੰਚਨ ਸ਼ਰਮਾ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਤਾਂ ਬਹੁਤ ਵਧੀਆ ਇਲਾਜ ਕਰ ਰਹੇ ਹਨ ਪਰ ਹਸਪਤਾਲ ਵਿਚ ਪ੍ਰਬੰਧਾਂ ਦੀ ਬਹੁਤ ਜ਼ਿਆਦਾ ਘਾਟ ਹੈ। ਸਫਾਈ ਦੀ ਘਾਟ ਦੇ ਰਹੀ ਹੈ ਡੇਂਗੂ ਨੂੰ ਸੱਦਾ : ਸ਼ਹਿਰ ਵਿਚ ਸਫਾਈ ਦੀ ਘਾਟ ਕਾਰਨ ਹੀ ਡੇਂਗੂ ਦੀ ਬੀਮਾਰੀ ਫੈਲ ਰਹੀ ਹੈ। ਕਈ ਮੁਹੱਲਿਆਂ ਵਿਚ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਸੜਕਾਂ 'ਤੇ ਜਮ੍ਹਾ ਹੋਇਆ ਪਿਆ ਹੈ। ਡੇਂਗੂ ਦੀ ਬੀਮਾਰੀ ਸ਼ਹਿਰ ਵਿਚ ਫੈਲਣ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਇਸ ਪਾਣੀ ਨੂੰ ਜਮ੍ਹਾ ਹੋਣ ਤੋਂ ਰੋਕਣ ਲਈ ਕੋਈ ਢੁਕਵੇਂ ਕਦਮ ਚੁੱਕੇ ਨਹੀਂ ਜਾ ਰਹੇ। ਚਿੰਟੂ ਪਾਰਕ ਨੇੜੇ ਸੇਖਾ ਰੋਡ, ਪੱਤੀ ਰੋਡ, ਅਕਾਲਗੜ੍ਹ ਬਸਤੀ, ਫੌਜੀ ਬਸਤੀ, ਜੰਡਾ ਵਾਲਾ ਮੰਦਰ ਨੇੜੇ, ਪੱਕਾ ਕਾਲਜ ਰੋਡ, ਕੱਚਾ ਕਾਲਜ ਰੋਡ ਆਦਿ ਵਿਖੇ ਗੰਦਾ ਪਾਣੀ ਖੜ੍ਹਾ ਸੀ, ਜਿਸ 'ਤੇ ਮੱਛਰ ਭਿਣਕ ਰਿਹਾ ਸੀ।
ਨਿੱਜੀ ਕੰਪਨੀ ਬਣਾ 90 ਲੱਖ ਦੀ ਠੱਗੀ
NEXT STORY