ਪੱਟੀ, (ਸੌਰਭ)- ਏਕਤਾ ਕਿਸਾਨ ਕਮੇਟੀ ਦਾ ਵਫਦ ਬਾਬਾ ਗੁਰਮੁੱਖ ਸਿੰਘ ਕੈਪਟਨ ਕੈਂਪਸ ਆਫਿਸ ਅੰਮ੍ਰਿਤਸਰ ਮਾਂਝਾ ਜ਼ੋਨ ਦੀ ਅਗਵਾਈ ਹੇਠ ਬੀ. ਪੀ. ਐੱਲ. ਦੇ ਮੀਟਰ ਖੱਪਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਐੱਸ. ਡੀ. ਓ. ਕੈਰੋਂ ਨੂੰ ਮਿਲਿਆ ਅਤੇ ਇਕ ਮੰਗ ਪੱਤਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਬਾਬਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਸਰਹਾਲ ਮੰਡਾ, ਬੇਗੇਪੁਰ, ਸੁੱਗਾ, ਸਬਾਜਪੁਰਾ ਅਤੇ ਡਿਆਲ ਵਿਚ ਅੱਜ ਤੋਂ 7-8 ਸਾਲ ਪਹਿਲਾਂ ਸਰਕਾਰ ਵੱਲੋਂ ਮੁਫਤ ਬਿਜਲੀ ਸਪਲਾਈ ਦੇ ਬੀ. ਪੀ. ਐੱਲ. ਮੀਟਰ ਦਿੱਤੇ ਗਏ ਸਨ ਅਤੇ ਇਸ ਦੌਰਾਨ ਬਿਜਲੀ ਮੀਟਰਾਂ ਦਾ ਕੋਈ ਵੀ ਬਿੱਲ ਨਹੀਂ ਆਉਂਦਾ ਸੀ ਪਰ ਹੁਣ 7-8 ਸਾਲ ਬੀਤ ਜਾਣ ਤੋਂ ਬਾਅਦ ਸਾਰੇ ਬੀ. ਪੀ. ਐੱਲ. ਮੀਟਰਾਂ ਦੇ ਪਰਿਵਾਰਾਂ ਨੂੰ 1 ਲੱਖ ਰੁਪਏ ਤੋਂ ਉਪਰ ਅਤੇ ਕੁਝ ਇਸ ਤੋਂ ਹੇਠਾਂ ਦੀ ਰਕਮ ਦੇ ਬਿੱਲ ਭੇਜ ਦਿੱਤੇ ਗਏ ਹਨ ਅਤੇ ਨਾਲ ਹੀ ਨੋਟਿਸ ਜਾਰੀ ਕੀਤਾ ਗਿਆ ਹੈ, ਜੇਕਰ 7 ਦਿਨਾਂ ਦੇ ਅੰਦਰ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਮਹਿਕਮੇ ਵੱਲੋਂ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਮੂਹ ਬੀ. ਪੀ. ਐੱਲ. ਖੱਪਤਕਾਰ ਪਰਿਵਾਰ ਨੂੰ ਜੇਕਰ ਹਰ ਮਹੀਨੇ ਬਿੱਲ ਭੇਜਿਆ ਜਾਂਦਾ ਹੈ ਤਾਂ ਪਰਿਵਾਰ ਆਸਾਨੀ ਨਾਲ ਬਿੱਲ ਦਾ ਭੁਗਤਾਨ ਕਰ ਸਕਦੇ ਸਨ ਕਿਉਂਕਿ ਸਾਰੇ ਪਰਿਵਾਰ ਗਰੀਬ ਹਨ ਅਤੇ ਇੰਨੀ ਰਕਮ ਦਾ ਇਕੱਠਾ ਭੁਗਤਾਨ ਕਿਵੇਂ ਕਰ ਸਕਦੇ ਹਨ। ਜਿਸ ਕਾਰਨ ਕਿ ਬੀ. ਪੀ. ਐੱਲ. ਖੱਪਤਕਾਰ 7-8 ਸਾਲਾਂ ਬਾਅਦ ਆਏ ਇਨ੍ਹਾਂ ਬਿੱਲਾਂ ਕਾਰਨ ਬਹੁਤ ਪ੍ਰੇਸ਼ਾਨ ਹਨ।
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਬੀ. ਪੀ. ਐੱਲ. ਖੱਪਤਕਾਰ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਦਿੱਤੀਆਂ ਜਾਣ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਐੱਸ. ਡੀ. ਓ. ਕੈਰੋਂ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ, ਜੋ ਵੀ ਨਿਯਮਾਂ ਮੁਤਾਬਕ ਹੋਵੇਗਾ ਉਹ ਕੀਤਾ ਜਾਵੇਗਾ ਅਤੇ ਬੀ. ਪੀ. ਐੱਲ. ਖੱਪਤਕਾਰਾਂ ਨੂੰ ਮਿਲਦੀ ਸਹੂਲਤ ਦਿੱਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਲਾਭ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਗੀਚਾ ਸਿੰਘ, ਸਤਨਾਮ ਸਿੰਘ, ਸਵਰਨ ਸਿੰਘ ਅਤੇ ਸਮੂਹ ਬੀ. ਪੀ. ਐੱਲ. ਖੱਪਤਕਾਰ ਹਾਜ਼ਰ ਸਨ।
ਨਾਭਾ ਜੇਲ ਬ੍ਰੇਕ ਕਾਂਡ : ਅਮਰੀਕਾ ਜਾਣ ਦੀ ਫਿਰਾਕ 'ਚ ਸੀ ਗੁਰਜੀਤ ਸਿੰਘ ਲਾਡਾ
NEXT STORY