ਮੱਲਾਂਵਾਲਾ/ਫਿਰੋਜ਼ਪੁਰ(ਜਸਪਾਲ ਸਿੰਘ, ਕੁਮਾਰ)-ਮੱਲਾਂਵਾਲਾ ਤੋਂ ਥੋੜੀ ਦੂਰ ਪਿੰਡ ਕੋਹਾਲਾ ਵਿੱਚ ਕੁਝ ਗੈਂਗਸਟਰ ਲੁਕੇ ਹੋਣ ਦੇ ਸ਼ੱਕ ਵਜੋਂ ਅੱਜ ਤੜਕੇ 2 ਵਜੇ ਤੋਂ ਪੰਜਾਬ ਪੁਲਸ ਵੱਲੋਂ ਪੂਰੇ ਪਿੰਡ ਦੀ ਘੇਰਾ ਬੰਦੀ ਕਰਕੇ ਪਿੰਡ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ।
ਮੌਕੇ ਤੇ ਪਹੁੰਚੇ ਐਸ. ਪੀ. ਡੀ. ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਸਾਨੂੰ ਹੈਡ ਕੁਆਟਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਕੋਹਾਲਾ ਵਿੱਚ ਕੁਝ ਗੈਂਗਸਟਰ ਲੁਕੇ ਹੋਏ ਹਨ। ਜਿਸ ਤੇ ਵੱਡੀ ਗਿਣਤੀ ਵਿੱਚ ਪੁਲਸ ਨਾਲ ਪਿੰਡ ਦੀ ਘੇਰਾ ਬੰਦੀ ਕੀਤੀ ਗਈ। ਉਨਾਂ ਦੱਸਿਆ ਕਿ ਇਸ ਸਰਚ ਅਭਿਆਨ ਤਹਿਤ ਪੁਲਸ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਅਸਲ ਗੈਂਗਸਟਰ ਫਰਾਰ ਹੋ ਗਏ।
ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਤੜਕੇ 2-3 ਵਜੇ ਦੇ ਕਰੀਬ ਪਿੰਡ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਟਾਈਮ 3 ਫਾਇਰ ਚੱਲਣ ਦੀ ਅਵਾਜ਼ ਵੀ ਆਈ। ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਭਾਗ ਸਿੰਘ, ਨਿਊਟਾ ਪੁੱਤਰ ਚਰਨਜੀਤ ਸਿੰਘ ਅਤੇ ਲਾਲਾ ਪੁੱਤਰ ਨਿਰਮਲ ਸਿੰਘ ਵਾਸੀਆਨ ਕੋਹਾਲਾ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਨ ਪੁੱਤਰ ਪੱਪਾ ਸੇਠ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਣ ਵਿੱਚ ਸਫਲ ਹੋ ਗਿਆ। ਪੁਲਸ ਵੱਲੋਂ ਅਮਨ ਦੇ ਪਿਤਾ ਪੱਪਾ ਸੇਠ ਅਤੇ ਭਾਰ ਦੀਪੂ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਪਿੰਡ ਕੋਹਾਲਾ ਵਿੱਚ ਡੀ.ਐਸ.ਪੀ. ਜ਼ੀਰਾ ਜਸਪਾਲ ਸਿੰਘ ਸਮੇਤ ਭਾਰੀ ਪੁਲਿਸ ਕਰਮਚਾਰੀ ਤਾਇਨਾਤ ਸਨ।
'ਆਪ' ਵਿਚ ਉੱਠੇ ਬਗਾਵਤੀ ਸੁਰ, ਫੂਲਕਾ ਨੂੰ ਗ੍ਰਿਫਤਾਰ ਕਰਨ ਦੀ ਮੁੱਖ ਮੰਤਰੀ ਨੂੰ ਕੀਤੀ ਮੰਗ
NEXT STORY