ਬਠਿੰਡਾ (ਬਲਵਿੰਦਰ) : ਬੀਤੇ ਕੱਲ ਫੜੇ ਗਏ ਕਥਿਤ ਗੈਂਗਸਟਰ ਅਰਜੁਨ ਸਿੰਘ ਵਾਸੀ ਲੁਧਿਆਣਾ ਨੂੰ ਸ਼ੁਕਰਵਾਰ ਅਦਾਲਤ 'ਚ ਪੇਸ਼ ਕਰ ਕੇ ਦੋ ਦਿਨਾ ਰਿਮਾਂਡ ਲਿਆ ਗਿਆ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਕੱਲ ਸੀ. ਆਈ. ਏ. ਸਟਾਫ-2 ਦੇ ਮੁਖੀ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਰਜੁਨ ਸਿੰਘ ਉਰਫ ਰਾਜਵੀਰ ਸਿੰਘ ਵਾਸੀ ਲੁਧਿਆਣਾ ਪਿੰਡ ਬੁਲਾਡੇਵਾਲਾ ਵਿਖੇ ਦੇਖਿਆ ਗਿਆ ਹੈ, ਜਿਸ ਕੋਲ ਸੁਨਹਿਰੀ ਰੰਗ ਦੀ ਹਾਂਡਾ ਸਿਟੀ ਕਾਰ (ਐੱਚ.ਆਰ.51ਕੇ 5904) ਹੈ, ਜਿਸ 'ਤੇ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਉਕਤ ਖੇਤਰ 'ਚ ਖੋਜ ਅਭਿਆਨ ਚਲਾਇਆ। ਉਸ ਨੇ ਪੁਲਸ 'ਤੇ ਫਾਇਰਿੰਗ ਕਰ ਕੇ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਕਤ ਨੂੰ ਕਾਬੂ ਕਰ ਲਿਆ। ਇਸ ਪਾਸੋਂ ਕਾਰ ਤੋਂ ਇਲਾਵਾ 32 ਬੋਰ ਪਿਸਤੌਲ, 13 ਕਾਰਤੂਸ ਤੇ 2 ਖਾਲੀ ਕਾਰਟਰੇਜ ਮਿਲੀਆਂ ਹਨ। ਪੁਲਸ ਨੇ ਉਕਤ ਵਿਰੁੱਧ ਮੁਕੱਦਮਾ ਨੰ. 70 ਥਾਣਾ ਸਦਰ ਬਠਿੰਡਾ ਵਿਖੇ ਦਰਜ ਕਰ ਲਿਆ ਹੈ।
ਮੁਲਜ਼ਮ ਵਿਰੁੱਧ ਪਹਿਲਾਂ ਵੀ ਅਨੇਕਾਂ ਮੁਕੱਦਮੇ ਦਰਜ ਹਨ, ਜੋ ਗੈਂਗਸਟਰ ਗੋਰੂ ਬੱਚਾ ਤੇ ਜੱਗਾ ਭਗਵਾਨਪੁਰੀਆ ਦੇ ਗਰੁੱਪ ਨਾਲ ਸੰਬੰਧ ਰੱਖਦਾ ਸੀ। ਪੁਲਸ ਨੂੰ ਇਸ ਦੀ ਕਈ ਮਾਮਲਿਆਂ 'ਚ ਜ਼ਰੂਰਤ ਸੀ, ਇਸ ਲਈ ਇਸ ਦੀ ਭਾਲ ਜਾਰੀ ਸੀ। ਚਾਰ ਦਿਨ ਪਹਿਲਾਂ ਬਠਿੰਡਾ ਪੁਲਸ ਦੇ ਕਰੀਬ 100 ਮੁਲਾਜ਼ਮਾਂ ਨੇ ਦੀਪ ਸਿੰਘ ਨਗਰ ਦੀ ਘੇਰਾਬੰਦੀ ਕੀਤੀ ਕਿਉਂਕਿ ਅਰਜੁਨ ਸਿੰਘ ਦੇ ਇਥੇ ਹੋਣ ਦੀ ਖ਼ਬਰ ਮਿਲੀ ਸੀ ਪਰ ਉਹ ਪੁਲਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਕੁਝ ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਪਰ ਬਾਅਦ ਵਿਚ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਸ ਨੂੰ ਸ਼ੱਕ ਹੈ ਕਿ ਅਰਜੁਨ ਸਿੰਘ ਇਲਾਕੇ 'ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ, ਜਿਸ ਦੀਆਂ ਸਕੀਮਾਂ ਅਜੇ ਘੜੀਆਂ ਜਾ ਰਹੀਆਂ ਸਨ। ਉਸ ਦੇ ਇਲਾਕੇ 'ਚ ਹੋਰ ਵੀ ਕਈ ਵਿਅਕਤੀਆਂ ਨਾਲ ਸੰਬੰਧ ਹੋਣ ਦੀ ਸੰਭਾਵਨਾ ਹੈ। ਪੁਲਸ ਉਕਤ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਸੰਬੰਧ 'ਚ ਸੀ. ਆਈ. ਏ.-2 ਦੇ ਮੁਖੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨਾ ਰਿਮਾਂਡ ਲਿਆ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ।
ਪੰਜਾਬ ਭਰ 'ਚ ਝੋਨੇ ਦੀ ਬਿਜਾਈ ਹੋਈ ਸ਼ੁਰੂ, ਪਾਣੀ ਤੇ ਬਿਜਲੀ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ (ਵੀਡੀਓ)
NEXT STORY