ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਤੇ ਵਾਤਾਵਰਣ ਨੂੰ ਧਿਆਨ 'ਚ ਰੱਖਦਿਆਂ ਪਲਾਸਿਟਕ ਦੇ ਲਿਫਾਫੇ, ਡਿਸਪੋਜ਼ੇਬਲ ਬਰਤਨਾਂ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਨੂੰ ਪੰਜਾਬ ਸਰਕਾਰ ਨੇ ਵੀ ਪਲਾਸਟਿਕ ਮੁਕਤ ਸ਼ਹਿਰ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਇਕ ਨਿੱਕੀ ਜਿਹੀ ਕੋਸ਼ਿਸ਼ ਗੁਰੂ ਨਗਰੀ ਨੂੰ ਸਾਫ ਰੱਖਣ 'ਚ ਜਿਥੇ ਨਾ ਸਿਰਫ ਸਹਾਈ ਸਿੱਧ ਹੋਵੇਗੀ, ਬਲਕਿ ਸਮੁੱਚੀ ਸੰਗਤ ਨੂੰ ਇਕ ਚੰਗਾ ਸੰਦੇਸ਼ ਵੀ ਜਾਵੇਗਾ, ਜਿਸ ਨਾਲ ਪੰਜਾਬ 'ਚ ਇਕ ਵਾਰ ਵਰਤੋਂ ਕਰਨ ਵਾਲੀ ਪਲਾਸਟਿਕ ਦੀ ਵਰਤੋਂ ਵੀ ਘਟੇਗੀ।
ਉਨ੍ਹਾਂ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਲੰਗਰਾਂ ਲਈ ਸਟੀਲ ਆਦਿ ਦੇ ਬਰਤਨ ਵਰਤਣ ਜਾਂ ਫਿਰ ਪੱਤਿਆਂ ਤੋਂ ਬਣੀਆਂ ਡਿਸਪੋਜ਼ੇਬਲ ਪਲੇਟਾਂ ਦੀ ਵਰਤੋਂ ਕਰਨ ਕਿਉਂਕਿ ਪੱਤਿਆਂ ਤੋਂ ਬਣੇ ਬਰਤਨ ਮਿੱਟੀ ਵਿਚ ਮਿੱਟੀ ਹੋ ਜਾਂਦੇ ਹਨ ਪਰ ਪਲਾਸਟਿਕ ਦੇ ਬਣੇ ਡਿਸਪੋਜ਼ੇਬਲ ਗਿਲਾਸ ਜਾਂ ਪਲੇਟਾਂ ਆਦਿ ਸੈਂਕੜੇ ਸਾਲ ਤੱਕ ਨਹੀਂ ਗਲ਼ਦੇ, ਜਿਸ ਕਾਰਨ ਗੰਦਗੀ ਦਾ ਘਰ ਬਣ ਜਾਂਦੇ ਹਨ, ਜੇਕਰ ਇਨ੍ਹਾਂ ਨੂੰ ਤੁਸੀਂ ਅੱਗ ਨਾਲ ਸਾੜਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਇਹ ਹਵਾ 'ਚ ਕਈ ਤਰ੍ਹਾਂ ਦੀਆਂ ਗੈਸਾਂ ਛੱਡਣਗੇ, ਜੋ ਕਿ ਮਨੁੱਖੀ ਸਰੀਰ ਲਈ ਘਾਤਕ ਹਨ। ਗਿ. ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਇਕ ਵਾਰ ਵਰਤੋਂ 'ਚ ਆਉਣ ਵਾਲੀ ਪਲਾਸਟਿਕ ਅਤੇ ਇਸ ਤੋਂ ਬਣੇ ਬਰਤਨਾਂ ਦੀ ਵਰਤੋਂ ਨਾ ਕੀਤੀ ਜਾਵੇ।
ਬਰਨਾਲਾ 'ਚ ਪਰਾਲੀ ਦੇ ਧੂੰਏ ਨੇ ਹਾਲੋਂ-ਬੇਹਾਲ ਕੀਤੇ ਲੋਕ, ਮਰੀਜ਼ਾਂ ਦੀ ਵਧੀ ਗਿਣਤੀ
NEXT STORY