ਬਰਨਾਲਾ (ਪੁਨੀਤ ਮਾਨ) : ਬਰਨਾਲਾ 'ਚ ਪਰਾਲੀ ਦੇ ਧੂੰਏ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਅਸਮਾਨ 'ਚ ਧੂੰਏ ਦੀ ਚਾਦਰ ਛਾ ਜਾਣ ਕਾਰਨ ਦਿਨ ਦੇ ਸਮੇਂ ਹੀ ਸ਼ਾਮ ਦਾ ਭੁਲੇਖਾ ਪੈ ਰਿਹਾ ਹੈ। ਪ੍ਰਦੂਸ਼ਣ ਕਾਰਨ ਹਵਾ ਦੀ ਕੁਆਇਲੀਟੀ ਵੀ ਘੱਟੀ ਹੈ ਜਿਸ ਕਾਰਨ ਲੋਕਾਂ ਨੂੰ ਬੇਹੱਦ ਮਸ਼ੁਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ ਤੇ ਸਾਹ ਲੈਣ 'ਚ ਮੁਸ਼ਕਲ ਪੇਸ਼ ਆ ਰਹੀ ਹੈ। ਨਾਲ ਹੀ ਧੂੰਏ ਕਾਰਨ ਦਿਨ ਦੇ ਸਮੇਂ ਵਿਜ਼ੀਬਿਲਟੀ ਘੱਟਣ ਕਾਰਨ ਸੜਕ ਹਾਦਸਿਆਂ ਦਾ ਖਤਰਾ ਕਾਫੀ ਵੱਧ ਗਿਆ ਹੈ।

ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿਧੂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਦੇ ਮੁਕਾਬਲੇ 50 ਤੋਂ 60 ਫੀਸਦੀ ਵਧ ਗਈ ਹੈ। ਉਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਤੇ ਸਾਹ ਦੇ ਮਰੀਜ਼ਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦਾ ਠੀਕਰਾ ਸਰਕਾਰ ਦੇ ਸਿਰ ਭੰਨ੍ਹਿਆ। ਉਥੇ ਹੀ ਬਰਨਾਲਾ ਦੀ ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁਗਾ ਨੇ ਕਿਹਾ ਕਿ ਉਨ੍ਹਾਂ ਵਲੋਂ ਟੀਮਾਂ ਬਣਾ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਤੇ ਠੱਲ੍ਹ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ।

ਦੱਸ ਦੇਈਏ ਕਿ ਪੂਰੇ ਮਾਲਵੇ 'ਚ ਅਜੇ ਤੱਕ ਸਿਰਫ 35 ਤੋਂ 40 ਫੀਸਦੀ ਝੋਨੇ ਦੀ ਕਟਾਈ ਹੋਈ ਹੈ ਜਦਕਿ 60 ਫੀਸਦੀ ਝੋਨਾ ਖੇਤਾਂ 'ਚ ਖੜ੍ਹਾ ਹੈ ਤੇ ਉਸ ਦੀ ਕਟਾਈ ਬਾਕੀ ਹੈ ਜੋ ਕਿ ਆਉਣ ਵਾਲੇ 8 ਤੋਂ 10 ਦਿਨਾਂ 'ਚ ਕੱਟਿਆ ਜਾਵੇਗਾ, ਜਿਸ ਤੋਂ ਬਾਅਦ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਸਕਦਾ ਹੈ।
ਜਾਨਵੀ ਬਹਿਲ ਨੇ ਪੰਛੀਆਂ ਦੀ ਆਜ਼ਾਦੀ ਲਈ ਛੇੜੀ ਜੰਗ! (ਵੀਡੀਓ)
NEXT STORY