ਪਟਿਆਲਾ (ਬਲਜਿੰਦਰ, ਰਾਣਾ) - ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਿਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਪਹਿਲਾਂ ਪਰਾਲੀ ਸਾੜਨ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਇਕਦਮ ਬਾਅਦ ਸੂਬੇ ਵਿਚ ਕਿਸਾਨਾਂ ਨੇ ਵੱਡੇ ਪੱਧਰ 'ਤੇ ਪਰਾਲੀ ਨੂੰ ਅੱਗ ਲਾਈ। ਇਸ ਕਾਰਨ ਪਿਛਲੇ 10 ਦਿਨਾਂ ਵਿਚ ਪੰਜਾਬ ਦਾ ਪ੍ਰਦੂਸ਼ਣ ਫਿਰ ਹੱਦਾਂ ਟੱਪ ਗਿਆ ਹੈ। ਖੁਦ ਲਾਚਾਰ ਨਜ਼ਰ ਆ ਰਿਹਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਜਿਹੜੇ ਅੰਕੜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਪਿਛਲੇ 10 ਦਿਨਾਂ ਵਿਚ ਪਰਾਲੀ ਨੂੰ ਅੱਗ ਲਾਉਣ ਨਾਲ ਪੰਜਾਬ ਦਾ ਹਵਾ ਪ੍ਰਦੂਸ਼ਣ ਜਿੱਥੇ ਏਅਰ ਕੁਆਲਟੀ ਇੰਡੈਕਸ 100 ਹੋਣਾ ਚਾਹੀਦਾ ਸੀ, ਉਹ 329 ਤੱਕ ਪਹੁੰਚ ਗਿਆ ਹੈ। ਬੋਰਡ ਵੱਲੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਹ ਸਾਰੇ ਦੇ ਸਾਰੇ ਧਰੇ ਧਰਾਏ ਰਹਿ ਗਏ ਹਨ। ਇੰਨਾ ਹੀ ਨਹੀਂ, ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ ਪਰ ਸਾਰੀਆਂ ਫੇਲ ਸਾਬਤ ਹੋਈਆਂ।
ਏਅਰ ਕੁਆਲਟੀ ਇੰਡੈਕਸ ਪਹੁੰਚਿਆ 329 ਤੱਕ
ਬੋਰਡ ਦੇ ਬੁਲਾਰੇ ਵੱਲੋਂ ਅੱਜ ਇਸ 'ਤੇ ਚਿੰਤਾ ਜਤਾਉਂਦੇ ਕਿਹਾ ਗਿਆ ਕਿ ਪਰਾਲੀ ਸਾੜਨ ਕਾਰਨ ਪੰਜਾਬ ਅੰਦਰਲਾ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾ ਵਧਣ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਸਿੱਧਾ ਪ੍ਰਭਾਵ ਸਮੁੱਚੀ ਪੇਂਡੂ ਵਸੋਂ ਅਤੇ ਕਿਸਾਨਾਂ 'ਤੇ ਪੈ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਮਾਪੇ ਜਾ ਰਹੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੇ ਪਿਛਲੇ 10 ਦਿਨਾਂ ਦੇ ਅੰਕੜੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਦਰਸਾ ਰਹੇ ਹਨ, ਜੋ ਲਗਾਤਾਰ 300 ਤੋਂ ਉੱਪਰ ਚੱਲ ਰਿਹਾ ਹੈ।
ਇਸ ਦਾ ਵੱਡਾ ਕਾਰਨ ਕਿਸਾਨਾਂ ਦੁਆਰਾ ਪਰਾਲੀ ਨੂੰ ਲਾਈ ਜਾਂਦੀ ਅੱਗ ਹੈ, ਜਿਸ ਕਾਰਨ ਹਵਾ ਵਿਚਲੇ ਮਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਇਕਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਅਤੇ ਅਤਿ ਮਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਇਕਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸਥਿਤੀ ਵਿਚ ਹੋਰ ਨਿਘਾਰ ਆਵੇਗਾ।
ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਹੱਦਾਂ ਟੱਪਿਆ
ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉੱਪਰ ਸੰਘਣੇ ਧੂੰਏਂ ਦੇ ਬੱਦਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਮੌਸਮ 'ਚ ਲਗਾਤਾਰ ਪੈਦਾ ਹੋ ਰਹੀ ਠੰਡਕ ਕਾਰਨ ਇਹ ਧੂੰਆਂ ਧੁੰਦ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਇਸ ਨਾਲ ਸਥਿਤੀ ਹੋਰ ਬਦਤਰ ਹੋਵੇਗੀ। ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਹੱਦਾਂ ਟੱਪ ਚੁੱਕਾ ਹੈ। ਇੱਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਈਆਕਸਾਈਡ ਅਤੇ 2 ਕਿਲੋ ਸਲਫ਼ਰ ਡਾਈਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਵਾਢੀ ਅਤੇ ਬਿਜਾਈ ਦੇ ਵਕਫ਼ੇ ਦਰਮਿਆਨ 130 ਲੱਖ ਟਨ ਪਰਾਲੀ ਨੂੰ ਸਾੜੇ ਜਾਣ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ, ਜਿਸ ਕਾਰਨ ਪੰਜਾਬ ਇੱਕ ਗੈਸ ਚੈਂਬਰ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ।
ਧੂੰਏਂ ਦਾ ਸਿੱਧਾ ਅਸਰ ਪੇਂਡੂ ਤੇ ਸ਼ਹਿਰੀ ਆਵਾਮ 'ਤੇ ਪੈ ਰਿਹੈ
ਇਸ ਧੂੰਏਂ ਅਤੇ ਜ਼ਹਿਰੀਲੀਆਂ ਗੈਸਾਂ ਦਾ ਸਿੱਧਾ ਅਸਰ ਪੇਂਡੂ ਅਤੇ ਸ਼ਹਿਰੀ ਆਵਾਮ 'ਤੇ ਪੈ ਰਿਹਾ ਹੈ। ਇਸ ਕਾਰਨ ਚਮੜੀ ਦੀ ਜਲਣ, ਖਾਂਸੀ, ਅੱਖਾਂ 'ਚ ਖੁਜਲੀ, ਸਾਹ ਦੀ ਘੁਟਣ, ਛਾਤੀ ਦੀ ਘੁਟਣ ਅਤੇ ਰਾਤ ਨੂੰ ਇਕਦਮ ਨੀਂਦ ਖੁੱਲ੍ਹਣ ਦੇ ਕੇਸ ਡਾਕਟਰਾਂ ਕੋਲ ਲਗਾਤਾਰ ਵਧ ਰਹੇ ਹਨ। ਪੇਂਡੂ ਵਸੋਂ ਇਸ ਦੀ ਸਿੱਧੀ ਮਾਰ ਹੇਠ ਹੋਣ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਬੱਚਿਆਂ, ਬਜ਼ੁਰਗਾਂ, ਬੀਮਾਰਾਂ ਅਤੇ ਗਰਭਵਤੀ ਔਰਤਾਂ 'ਤੇ ਬਹੁਤ ਜ਼ਿਆਦਾ ਪੈਂਦਾ ਹੈ।
ਕਿਸਾਨ ਵੀਰ ਧਰਤੀ ਨੂੰ ਬੰਜਰ ਬਣਾ ਰਹੇ ਹਨ : ਚੇਅਰਮੈਨ ਪੰਨੂੰ
ਇਨਾਂ ਅੰਕੜਿਆਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾ ਕੇ ਕਿਸਾਨ ਵੀਰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਸਮਝੌਤਾ ਕਰ ਕੇ ਧਰਤੀ ਨੂੰ ਬੰਜਰ ਬਣਾ ਰਹੇ ਹਨ। ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ਅਤੇ ਆਰਥਿਕਤਾ ਉੱਪਰ ਪੈ ਰਿਹਾ ਹੈ। ਉਨ੍ਹਾਂ ਪੰਜਾਬ ਦੀ ਕਿਸਾਨੀ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਨਾ ਸਾੜਨ ਦੀਆਂ ਤਕਨੀਕਾਂ 'ਤੇ ਹੋਣ ਵਾਲੇ ਤੁੱਛ ਜਿਹੇ ਖਰਚੇ ਨੂੰ ਬਚਾਉਣ ਲਈ ਉਹ ਆਪਣੀ, ਆਪਣੇ ਪਰਿਵਾਰ ਦੀ ਅਤੇ ਸਮੂਹ ਪੰਜਾਬੀਆਂ ਦੀ ਸਿਹਤ ਨਾਲ ਨਾ ਖੇਡਣ। ਪਰਾਲੀ ਦੇ ਨਿਪਟਾਰੇ 'ਤੇ ਹੋਏ ਇਸ ਖਰਚੇ ਨੂੰ ਆਪਣੀ ਬੱਚਤ ਮੰਨਣ। ਇਸ ਨਾਲ ਅਗਲੀ ਫਸਲ ਲਈ ਖਾਦਾਂ ਦਾ ਖਰਚਾ ਘਟਣਾ ਅਤੇ ਝਾੜ ਵਧਣਾ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਾ ਹੈ।
ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਮੌਤ
NEXT STORY