ਪਟਿਆਲਾ (ਜੋਸਨ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਆਖਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ ਨੂੰ ਲੀਹ 'ਤੇ ਪਾਉਣ ਲਈ ਐੱਸ. ਜੀ. ਪੀ. ਸੀ. ਪਹਿਲ ਕਰੇਗੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਜਥਾ ਭੇਜਣ ਲਈ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਹੋਵੇਗਾ। ਪ੍ਰੋ. ਬਡੂੰਗਰ ਅੱਜ ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਇਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਖਟਾਸ ਆਉਣ ਕਾਰਨ ਵਿਸਾਖੀ ਮੌਕੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ 'ਤੇ ਰੋਕ ਲਗਾ ਦਿੱਤੀ ਸੀ ਪਰ ਐੱਸ. ਜੀ. ਪੀ. ਸੀ. ਇਸ ਖਟਾਸ ਨੂੰ ਖਤਮ ਕਰਨ ਲਈ ਮੁੜ ਪਹਿਲ ਕਰਨ ਜਾ ਰਹੀ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਹੁਣ ਇਕ ਵਾਰ ਫਿਰ ਐੱਸ. ਜੀ. ਪੀ. ਸੀ. ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਗੁਰਪੁਰਬ 'ਤੇ ਪਾਕਿਸਤਾਨ ਜਥਾ ਭੇਜਣ ਲਈ ਤਿਆਰ ਹੈ। ਇਸ ਸਬੰਧੀ ਅੱਜ ਬਾਕਾਇਦਾ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਅਸੀਂ ਬਰਤਾਨੀਆ ਵਿਖੇ ਚੁਣੇ ਗਏ 2 ਸਿੱਖ ਮੈਂਬਰ ਪਾਰਲੀਮੈਂਟਾਂ ਦਾ ਸਾਡੇ ਦੇਸ਼ ਦੀ ਧਰਤੀ 'ਤੇ ਪੁੱਜਣ 'ਤੇ ਭਰਵਾਂ ਸਵਾਗਤ ਕਰਾਂਗੇ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਮੂਲ ਦੇ 12 ਵਿਅਕਤੀ ਬਰਤਾਨੀਆ ਵਿਖੇ ਮੈਂਬਰ ਪਾਰਲੀਮੈਂਟ ਬਣੇ ਹਨ। ਉਨ੍ਹਾਂ ਨੇ ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲਿਆ ਅਤੇ ਆਖਿਆ ਕਿ ਸ਼੍ਰੀ ਸਿੱਧੂ ਸਿੱਖਾਂ ਦੀਆਂ ਬਣਾਈਆਂ ਹੋਈਆਂ ਵਿਰਾਸਤਾਂ ਬਾਰੇ ਬੇਤੁਕੀ ਬਿਆਨ ਕਰ ਰਹੇ ਹਨ, ਚੰਗਾ ਹੈ ਕਿ ਉਹ ਪਹਿਲਾਂ ਸਿੱਖੀ ਦੇ ਇਤਿਹਾਸ ਤੋਂ ਜਾਣੂ ਹੋਣ। ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਨਰਦੇਵ ਸਿੰਘ ਆਕੜੀ ਚੇਅਰਮੈਨ, ਸਕੱਤਰ ਪਰਮਜੀਤ ਸਿੰਘ ਸਰੋਆ, ਮੇਅਰ ਅਮਰਿੰਦਰ ਸਿੰਘ ਬਜਾਜ, ਲਾਭ ਸਿੰਘ ਦੇਵੀ ਨਗਰ, ਜਥੇਦਾਰ ਬੂਟਾ ਸਿੰਘ ਸੈਫਦੀਪੁਰ, ਮੈਨੇਜਰ ਗਿੱਲ, ਭਗਵੰਤ ਸਿੰਘ ਮੈਨੇਜਰ, ਚੈਨ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।
ਕਾਂਗਰਸ ਸਰਕਾਰ ਖਿਲਾਫ਼ ਐੱਸ. ਜੀ. ਪੀ. ਸੀ. ਵੀ ਲਾਏਗੀ ਧਰਨੇ
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ 12 ਜੂਨ ਨੂੰ ਐੱਸ. ਜੀ. ਪੀ. ਸੀ. ਵੀ ਕਾਂਗਰਸ ਸਰਕਾਰ ਖਿਲਾਫ ਇਕਜੁਟ ਹੋ ਕੇ ਧਰਨੇ ਲਾਏਗੀ।
ਯੂ. ਕੇ. 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਐੱਸ. ਜੀ. ਪੀ. ਸੀ. ਪੁੱਜੀ ਵਿਦੇਸ਼ ਮੰਤਰੀ ਦੇ ਦਰਬਾਰ
ਯੂ. ਕੇ. 'ਚ ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ 'ਤੇ ਹੋ ਰਹੀ ਕਿੰਤੂ-ਪ੍ਰੰਤੂ ਅਤੇ ਸਤਿਕਾਰ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਰਬਾਰ ਪਹੁੰਚ ਗਈ ਹੈ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਯੂ. ਕੇ. ਸਰਕਾਰ ਨਾਲ ਤੁਰੰਤ ਰਾਬਤਾ ਬਣਾ ਕੇ ਉਥੋਂ ਦੇ ਸਿੱਖਾਂ ਨੂੰ ਰਾਹਤ ਦਿਵਾਈ ਜਾਵੇ।
ਕਿਸਾਨਾਂ ਤੇ ਮਜ਼ਦੂਰਾਂ ਨੇ ਕੀਤਾ ਹਾਈਵੇ ਜਾਮ
NEXT STORY