ਅੰਮ੍ਰਿਤਸਰ/ਅਜਨਾਲਾ,(ਇੰਦਰਜੀਤ, ਨੀਰਜ, ਵਰਿੰਦਰ) : ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਇਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਤੋਂ ਆਈ 37 ਕਰੋੜ ਦੀ ਹੈਰੋਇਨ ਤੇ 28 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਵਲੋਂ ਸਮੱਗਲਰ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਭੈਣੀ ਥਾਣਾ ਘਰਿੰਡਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਥਾਣਾ ਅਜਨਾਲਾ ਦੀ ਪੁਲਸ ਨੇ ਪਿੰਡ ਪੂੰਗਾ ਨਜ਼ਦੀਕ ਉਕਤ ਸਮੱਗਲਰ ਨੂੰ ਗ੍ਰਿਫਤਾਰ ਕੀਤਾ, ਜੋ ਕਿਸੇ ਨੂੰ ਹੈਰੋਇਨ ਦੀ ਡਲਿਵਰੀ ਦੇਣ ਜਾ ਰਿਹਾ ਸੀ। ਹੈਰੋਇਨ ਤੇ ਡਰੱਗ ਮਨੀ ਨਾਲ ਪੁਲਸ ਨੇ 4 ਮੋਬਾਇਲ ਤੇ ਇਕ ਬਲੈਰੋ ਗੱਡੀ ਨੂੰ ਵੀ ਸਮੱਗਲਰ ਦੇ ਕਬਜ਼ੇ 'ਚੋਂ ਜ਼ਬਤ ਕੀਤਾ ਹੈ। ਜਾਣਕਾਰੀ ਦਿੰਦਿਆਂ ਆਈ. ਜੀ. ਬਾਰਡਰ ਰੇਂਜ ਐੱਸ. ਪੀ. ਐੱਸ. ਪਰਮਾਰ ਤੇ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਸ਼ੇਰਾ ਵਟਸਐਪ ਜ਼ਰੀਏ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ 'ਚ ਸੀ ਤੇ ਵਟਸਐਪ 'ਤੇ ਹੀ ਉਨ੍ਹਾਂ ਨਾਲ ਡੀਲ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਇਸ ਹੈਰੋਇਨ ਦੀ ਖੇਪ ਨੂੰ ਵੈਰੋਵਾਲ ਦੇ ਇਲਾਕੇ ਤੋਂ ਭਾਰਤ 'ਚ ਪਹੁੰਚਾਇਆ ਗਿਆ ਸੀ। ਇਸ ਖੇਪ ਨੂੰ ਸ਼ੇਰਾ ਨੇ ਕੁਝ ਸਥਾਨਕ ਸਮੱਗਲਰਾਂ ਨੂੰ ਸਪਲਾਈ ਕਰਨਾ ਸੀ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਆਈ. ਜੀ. ਪਰਮਾਰ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ 5 ਮਹੀਨਿਆਂ ਤੋਂ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਹੈਰੋਇਨ ਦੀ ਸਮੱਗਲਿੰਗ ਤੇ ਇਸ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਵੱਡਾ ਅਭਿਆਨ ਛੇੜ ਰੱਖਿਆ ਹੈ। ਡਰੱਗ ਸਪਲਾਈ ਦੀ ਚੇਨ ਨੂੰ ਤੋੜਿਆ ਜਾ ਰਿਹਾ ਹੈ। ਇਸ ਮਿਆਦ ਦੌਰਾਨ 18.426 ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ ਤੇ 79329 ਨਸ਼ੇ ਵਾਲੇ ਕੈਪਸੂਲ ਵੀ ਫੜੇ ਜਾ ਚੁੱਕੇ ਹਨ।
ਨੂੰਹ ਨੇ ਲਗਾਇਆ ਜਬਰ-ਜ਼ਨਾਹ ਦਾ ਝੂਠਾ ਦੋਸ਼, ਸਹੁਰੇ ਨੇ ਕੀਤੀ ਖੁਦਕੁਸ਼ੀ
NEXT STORY