ਲੁਧਿਆਣਾ (ਵਿੱਕੀ) : ਪਾਰਾ 41 ਡਿਗਰੀ, ਸਾੜ ਦੇਣ ਵਾਲੀ ਧੁੱਪ, ਪਸੀਨੇ ਨਾਲ ਭਿੱਜਿਆ ਚਿਹਰਾ ਅਤੇ ਮੋਢੇ ’ਤੇ ਬਸਤੇ ਦਾ ਭਾਰੀ ਬੋਝ ਚੁੱਕੀ ਸਕੂਲਾਂ ਤੋਂ ਘਰ ਪਰਤਦੇ ਬੱਚਿਆਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਪੈਣ ਵਾਲੀ ਭਿਆਨਕ ਗਰਮੀ ਦੀ ਚਿਤਾਵਨੀ ਨੂੰ ਦੇਖਦੇ ਹੋਏ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪੰਜਾਬ ’ਚ ਪੈ ਰਹੀ ਝੁਲਸਾ ਦੇਣ ਵਾਲੀ ਗਰਮੀ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੁਧਿਆਣਾ ਸਮੇਤ ਪੂਰੇ ਸੂਬੇ ’ਚ ਪਾਰਾ ਲਗਾਤਾਰ 41 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਹੈ। ਬਿਜਲੀ ਦੀ ਅਣਐਲਾਨੀ ਕਟੌਤੀ ਨੇ ਸਥਿਤੀ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ ਪਰ ਇਸ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ ’ਤੇ ਪਿਆ ਹੈ, ਜੋ ਰੋਜ਼ਾਨਾ ਸਕੂਲ ਜਾਣ ਲਈ ਮਜਬੂਰ ਹਨ। ਖਾਸ ਤੌਰ ’ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਜਿਨ੍ਹਾਂ ਦੇ ਸਕੂਲਾਂ ’ਚ ਸੰਸਾਧਨਾਂ ਦੀ ਕਮੀ ਹੈ, ਗਰਮੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਸਵੇਰ 8 ਵਜੇ ਤੋਂ ਸ਼ੁਰੂ ਹੋਣ ਵਾਲੀਆਂ ਕਲਾਸਾਂ ’ਚ ਵਿਦਿਆਰਥੀ ਆਉਂਦੇ ਹੀ ਪਸੀਨੇ ਨਾਲ ਭਿੱਜ ਜਾਂਦੇ ਹਨ ਅਤੇ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ, ਗਰਮੀ ਦੇ ਨਾਲ ਉਨ੍ਹਾਂ ਦਾ ਸੰਘਰਸ਼ ਵੀ ਵੱਧਦਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਵਿਚ ਸ਼ੁਰੂ ਹੋਣਗੀਆਂ ਇਹ ਦੋ ਯੋਜਨਾਵਾਂ
ਗਰਮੀ ’ਚ ਸਕੂਲ, ਰਾਹਤ ਦੇ ਕੋਈ ਉਪਾਅ ਨਹੀਂ
ਜ਼ਿਆਦਾਤਰ ਸਕੂਲਾਂ ’ਚ ਨਾ ਤਾਂ ਏਅਰ ਕੰਡੀਸ਼ਨ ਹੈ ਅਤੇ ਨਾ ਹੀ ਢੁੱਕਵਾਂ ਵੈਂਟੀਲੇਸ਼ਨ। ਕਈ ਸਰਕਾਰੀ ਸਕੂਲਾਂ ’ਚ ਪੱਖੇ ਤੱਕ ਚੱਲਣੇ ਬੰਦ ਹੋ ਜਾਂਦੇ ਹਨ। ਜਦੋਂ ਬਿਜਲੀ ਗੁੱਲ ਹੋ ਜਾਂਦੀ ਹੈ ਅਤੇ ਸਕੂਲਾਂ ’ਚ ਜਨਰੇਟਰ ਦੀ ਕੋਈ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ। ਸਰਕਾਰੀ ਸਕੂਲ ਦੀ ਇਕ ਅਧਿਆਪਕ ਦੱਸਦੀ ਹੈ ਕਿ ਬਿਜਲੀ ਨਾ ਹੋਣ ਕਾਰਨ ਪੱਖੇ ਬੰਦ ਹੋ ਜਾਂਦੇ ਹਨ। ਬੱਚੇ ਵਾਰ-ਵਾਰ ਸਿਰਦਰਦ ਅਤੇ ਥਕਾਨ ਦੀ ਸ਼ਿਕਾਇਤ ਕਰਦੇ ਹਨ। ਸਾਡੇ ਕੋਲ ਕੋਈ ਬਦਲ ਨਹੀਂ ਹੈ।
ਪਿਛਲੇ ਸਾਲ ਛੁੱਟੀਆਂ, ਇਸ ਵਾਰ ਚੁੱਪੀ
2024 ’ਚ ਜਦੋਂ ਇਸੇ ਤਰ੍ਹਾਂ ਦੀ ਗਰਮੀ ਪਈ ਸੀ ਤਾਂ ਪੰਜਾਬ ਸਰਕਾਰ ਨੇ 21 ਮਈ ਤੋਂ 30 ਜੂਨ ਤੱਕ ਸਾਰੇ ਸਕੂਲਾਂ ’ਚ ਗਰਮ ਰੁੱਤ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਸਾਲ ਸਰਕਾਰ ਨੇ ਅਜੇ ਤੱਕ ਨਾ ਤਾਂ ਛੁੱਟੀਆਂ ਦਾ ਐਲਾਨ ਕੀਤਾ ਹੈ ਅਤੇ ਨਾ ਹੀ ਸਕੂਲਾਂ ਦੇ ਸਮੇਂ ’ਚ ਕੋਈ ਬਦਲਾਅ ਕੀਤਾ ਹੈ। ਗੁਰਪ੍ਰੀਤ ਕੌਰ, ਜਿਨ੍ਹਾਂ ਦੀ ਬੇਟੀ ਇਕ ਸਰਕਾਰੀ ਮਿਡਲ ਸਕੂਲ ’ਚ ਪੜ੍ਹਦੀ ਹੈ, ਕਹਿੰਦੀ ਹੈ ਕਿ ਪਿਛਲੇ ਸਾਲ ਛੁੱਟੀਆਂ ਪਹਿਲਾਂ ਹੀ ਐਲਾਨ ਦਿੱਤੀਆਂ ਗਈਆਂ ਸਨ। ਹੁਣ ਸਰਕਾਰ ਖਾਮੋਸ਼ ਕਿਉਂ ਹੈ?
ਇਹ ਵੀ ਪੜ੍ਹੋ : ਪੰਜ ਪਿਆਰਿਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹੀਆ ਐਲਾਨਿਆ
ਪ੍ਰਾਈਵੇਟ ਸਕੂਲਾਂ ’ਚ ਵੀ ਸਥਿਤੀ ਤਸੱਲੀਬਖਸ਼ ਨਹੀਂ
ਕੁਝ ਨਿੱਜੀ ਸਕੂਲਾਂ ਨੇ ਵਾਤਾਵਰਣ ਮੁਤਾਬਕ ਕਲਾਸਾਂ ਪ੍ਰਦਾਨ ਕੀਤੀਆਂ ਹਨ ਪਰ ਜ਼ਿਆਦਾਤਰ ਸਕੂਲਾਂ ’ਚ ਸਿਰਫ ਪੱਖੇ ਹੀ ਸਹਾਰਾ ਹਨ। ਇਸ ਕਾਰਨ ਬੱਚੇ ਉਥੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ। ਰਾਜਵਿੰਦਰ ਸਿੰਘ ਜੋ ਇਕ ਸਥਾਨਕ ਐੱਨ. ਜੀ. ਓ. ਨਾਲ ਕੰਮ ਕਰਦੇ ਹਨ, ਦੱਸਦੇ ਹਨ ਕਿ ਗਰਮੀ ’ਚ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਸਕੂਲ ਭੇਜਣਾ ਉਨ੍ਹਾਂ ਦੀ ਸਿਹਤ ਨਾਲ ਖੇਡਣਾ ਹੈ। ਸਰਕਾਰ ਨੂੰ ਤੁਰੰਤ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਸਿਹਤ ਮਾਹਿਰਾਂ ਦੀ ਚਿਤਾਵਨੀ
ਇਕ ਬਾਲ ਰੋਗ ਮਾਹਿਰ ਨੇ ਕਿਹਾ ਕਿ ਗਰਮੀ ’ਚ ਡੀ-ਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਬੱਚਿਆਂ ਦੇ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ। ਸਕੂਲਾਂ ਨੂੰ ਘੱਟ ਤੋਂ ਘੱਟ ਠੰਡਾ ਪਾਣੀ ਅਤੇ ਠੰਡੀ ਜਗ੍ਹਾ ਮੁਹੱਈਆ ਕਰਵਾਉਣੀ ਚਾਹੀਦੀ ਹੈ। ਜਦੋਂਕਿ ਵੱਖ-ਵੱਖ ਮਾਪਿਆਂ ਨੇ ਇਕਸੁਰ ’ਚ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਾਂ ਤਾਂ ਫੌਰਨ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰੇ ਜਾਂ ਫਿਰ ਸਕੂਲ ਦਾ ਸਮਾਂ ਸਵੇਰੇ 7 ਤੋਂ 11 ਵਜੇ ਤੱਕ ਸੀਮਤ ਕਰੇ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਵੱਡੀ ਐਡਵਾਈਜ਼ਰੀ
ਲੈਕਚਰਾਰ ਕੇਡਰ ਯੂਨੀਅਨ ਨੇ ਵੀ ਕੀਤੀ ਛੁੱਟੀਆਂ ਦੀ ਮੰਗ
ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਾਂਤਕ ਵਿੱਤ ਸੈਕਟਰੀ ਅਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ, ਲੇਡੀਜ਼ ਵਿੰਗ ਜ਼ਿਲਾ ਪ੍ਰਧਾਨ ਸ਼ਿਵਾਨੀ, ਪ੍ਰੈੱਸ ਸੈਕਟਰੀ ਮਨਦੀਪ ਸਿੰਘ ਸੇਖੋਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਵੱਧਦੀ ਗਰਮੀ ਨੂੰ ਧਿਆਨ ’ਚ ਰੱਖਦੇ ਹੋਏ ਸਕੂਲਾਂ ’ਚ ਛੁੱਟੀਆਂ ਐਲਾਨ ਦਿੱਤੀਆਂ ਜਾਣ, ਕਿਉਂਕਿ ਗਰਮੀ ਕਾਰਨ ਸਕੂਲਾਂ ’ਚ ਬੱਚਿਆਂ ਦੀ ਹਾਜ਼ਰੀ ਘੱਟ ਹੋ ਰਹੀ ਹੈ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਮਾਪੇ ਵੀ ਛੁੱਟੀਆਂ ਦੀ ਮੰਗ ਕਰ ਰਹੇ ਹਨ। ਇਸ ਮੌਕੇ ਯੂਨੀਅਨ ਨੇਤਾ ਰੇਖਾ ਬਹਿਲ, ਹੇਮਲਤਾ, ਗੀਤਿਕਾ, ਕੁਲਜੀਤ ਕੌਰ, ਦਵਿੰਦਰ ਸਿੰਘ ਗੁਰੂ, ਅਲਬੇਲ ਸਿੰਘ, ਮਨਦੀਪ ਸਿੰਘ ਸੇਖੋਂ, ਅਮਰਜੀਤ ਸਿੰਘ ਘੁਡਾਣੀ, ਗੁਰਜੇਪਾਲ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਰਾਜਵੀਰ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਖੜਾ ਡੈਮ ਨੂੰ ਲੈ ਕੇ ਆ ਗਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਦਿੱਤੀ ਇਹ ਮਨਜ਼ੂਰੀ
NEXT STORY