ਜਲੰਧਰ (ਮਹੇਸ਼)—ਬਰਤਾਨੀਆ ’ਚ ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਬਣਾਏ ਗਏ ਨਵੇਂ ਕਾਨੂੰਨ ’ਚ ਵੱਡੀ ਕਿਰਪਾਨ ਨੂੰ ਪਾਬੰਦ ਹਥਿਆਰਾਂ ਦੇ ਦਾਇਰੇ ’ਚੋਂ ਬਾਹਰ ਰੱਖਣ ਦੇ ਫੈਸਲੇ ਨੂੰ ਇੰਗਲੈਂਡ ਦੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਬਹੁਤ ਹੀ ਪ੍ਰਸ਼ੰਸਾਯੋਗ ਦੱਸਦੇ ਹੋਏ ਇਸਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਕਿਰਪਾਨ ਸਿੱਖ ਧਰਮ ’ਚ ਬਹੁਤ ਹੀ ਸਤਿਕਾਰ ਰੱਖਦੀ ਹੈ। ਉਨ੍ਹਾਂ ਨੇ ਇਸ ਫੈਸਲੇ ਲਈ ਬਰਤਾਨੀਆ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਥਿਆਰ ਬਿੱਲ ਮੌਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਇਸ ਨੂੰ ਪਾਬੰਦ ਹਥਿਆਰਾਂ ਦੀ ਸੂਚੀ ’ਚੋਂ ਬਾਹਰ ਰੱਖਣ ਲਈ ਸਿੱਖ ਭਾਈਚਾਰੇ ’ਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਐੱਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਇਕ ਸਵਾਲ ਦੇ ਜਵਾਬ ’ਚ ਮੰਤਰੀ ਵਿਕਟੋਰੀਆ ਅਪਕਿਨਜ਼ ਨੇ ਕਿਹਾ ਕਿ ਧਾਰਾ 141 (1) ਅਤੇ 1ਏ ਦਾ ਕ੍ਰਿਮੀਨਲ ਜਸਟਿਸ ਐਕਟ 1988 ਅਤੇ ਸੈਕਸ਼ਨ 50 (2) ਅਤੇ 50 (3), ਕਸਟਮ ਐੈਂਡ ਐਕਸਾਈਜ਼ ਮੈਨੇਜਮੈਂਟ ਐਕਟ 1979 ਪੂਰੀ ਤਰ੍ਹਾਂ ਸੋਧ ਕਰ ਦਿੱਤਾ ਹੈ, ਜਿਸ ਅਨੁਸਾਰ ਸਿੱਖਾਂ ਨੂੰ ਕਿਰਪਾਨ ਰੱਖਣ ਅਤੇ ਕਿਸੇ ਨੂੰ ਤੋਹਫੇ ’ਚ ਦੇਣ ’ਤੇ ਵੀ ਮਨਾਹੀ ਨਹੀਂ ਹੋਵੇਗੀ। ਐੱਮ.ਪੀ. ਤਨਮਨਜੀਤ ਸਿੰਘ ਢੇਸੀ ਤੋਂ ਇਲਾਵਾ ਐੱਮ.ਪੀ. ਪ੍ਰੀਤੀ ਕੋਰ ਢੇਸੀ, ਸਿੱਖ ਫੈੱਡਰੇਸ਼ਨ ਯੂ.ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਕਿਹਾ ਹੈ ਕਿ ਸਰਕਾਰ ਦੇ ਇਸ ਨਵੇਂ ਬਿੱਲ ਦਾ ਸਿੱਖ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ’ਚ ਕਿਰਪਾਨ ਬਹੁਤ ਹੀ ਅਹਿਮ ਮੰਨੀ ਜਾਂਦੀ ਹੈ।
ਸਿੱਖ ਜਥੇਬੰਦੀਆਂ ਨੇ ਕੀਤੇ ਸ਼ਾਨ-ਏ-ਪੰਜਾਬ ਦੇ ਦਰਵਾਜੇ ਬੰਦ
NEXT STORY