ਜਲੰਧਰ, (ਵਰੁਣ)- ਸੁਰੱਖਿਆ ਦੇ ਦਾਅਵੇ ਕਰਨ ਵਾਲੀ ਜਲੰਧਰ ਪੁਲਸ ਡੂੰਘੀ ਨੀਂਦ ਵਿਚ ਹੁੰਦੀ ਹੈ। ਇਹ ਅਸੀਂ ਨਹੀਂ ਸਗੋਂ ਅੱਧੀ ਰਾਤ ਤੋਂ ਬਾਅਦ ਜਲੰਧਰ ਦੇ ਐਂਟਰੀ ਪੁਆਇੰਟ ਖੁਦ ਦੱਸ ਰਹੇ ਹਨ, ਜਿਥੇ ਪੁਲਸ ਦਾ ਇਕ ਮੁਲਾਜ਼ਮ ਤੱਕ ਨਹੀਂ ਹੁੰਦਾ। ਵਡਾਲਾ ਚੌਕ ਤੋਂ ਇਲਾਵਾ ਕਿਸੇ ਵੀ ਐਂਟਰੀ ਪੁਆਇੰਟ 'ਤੇ ਪੁਲਸ ਨਹੀਂ ਦਿਸਦੀ ਜਦ ਕਿ ਅਜਿਹਾ ਹੀ ਹਾਲ ਸ਼ਹਿਰ ਦੇ ਅੰਦਰੂਨੀ ਚੌਰਾਹਿਆਂ ਦਾ ਹੈ। ਇੰਨਾ ਹੀ ਨਹੀਂ, ਜਗ ਬਾਣੀ ਦੀ ਟੀਮ ਜਦੋਂ ਨਾਈਟ ਡੋਮੀਨੇਸ਼ਨ ਕਰ ਰਹੀ ਸੀ ਤਾਂ ਬਸਤੀ ਬਾਵਾ ਖੇਲ ਨਹਿਰ ਕੋਲ ਟੀਮ ਦੇ ਪਿੱਛੇ 4 ਲੁਟੇਰੇ ਪੈ ਗਏ। ਕਿਸੇ ਤਰ੍ਹਾਂ ਉਹ ਗਲੀਆਂ ਵਿਚੋਂ ਹੁੰਦੇ ਹੋਏ ਸੁਰੱਖਿਅਤ ਜਗ੍ਹਾ 'ਤੇ ਪਹੁੰਚੀ। ਇਸ ਬਾਰੇ ਕੰਟਰੋਲ ਰੂਮ ਵਿਚ ਵੀ ਫੋਨ ਕੀਤਾ ਪਰ ਸ਼ਿਕਾਇਤ ਦੇਣ ਦੇ ਬਾਵਜੂਦ ਟੀਮ ਕੋਲ ਕਿਸੇ ਪੁਲਸ ਟੀਮ ਦਾ ਫੋਨ ਤਕ ਨਹੀਂ ਆਇਆ।
ਦੇਰ ਰਾਤ 11.50 ਵਜੇ ਪੀ. ਏ. ਪੀ. ਚੌਕ 'ਤੇ ਪਹੁੰਚ ਕੇ ਦੇਖਿਆ ਤਾਂ ਉਥੇ ਕੋਈ ਨਾਕਾ ਨਹੀਂ ਸੀ। ਪੁਲਸ ਦੇ ਬੂਥ ਵੀ ਖਾਲੀ ਸਨ। ਇਸ ਤੋਂ ਬਾਅਦ ਟੀਮ 12.10 ਵਜੇ ਪਠਾਨਕੋਟ ਚੌਕ ਪਹੁੰਚੀ ਪਰ ਉਥੇ ਵੀ ਪੁਲਸ ਨਾਕਾ ਨਹੀਂ ਸੀ ਅਤੇ ਨਾ ਹੀ ਕੋਈ ਪੀ. ਸੀ. ਆਰ. ਟੀਮ ਦੇਖੀ ਗਈ। 12.19 ਵਜੇ ਰੇਰੂ ਚੌਕ 'ਤੇ ਵੀ ਨਾਕਾ ਨਹੀਂ ਦਿਸਿਆ ਤੇ ਉਥੇ ਵੀ ਬੂਥ ਖਾਲੀ ਪਏ ਸਨ। ਉਥੇ ਇਕ ਦੁਕਾਨ ਖੁੱਲ੍ਹੀ ਸੀ, ਜਿਥੇ ਬੈਠੇ ਕੁਝ ਲੋਕਾਂ ਨੇ ਦੱਸਿਆ ਕਿ ਜ਼ਿਆਦਾਤਰ ਇਸ ਸਮੇਂ ਇਥੇ ਪੁਲਸ ਨਹੀਂ ਹੁੰਦੀ, ਜਦਕਿ ਪਠਾਨਕੋਟ ਤੋਂ ਆਉਣ ਵਾਲੇ ਵਾਹਨ ਬਿਨਾਂ ਕਿਸੇ ਚੈਕਿੰਗ ਦੇ ਸ਼ਹਿਰ ਵਿਚ ਐਂਟਰੀ ਲੈ ਰਹੇ ਸਨ।
ਜਗ ਬਾਣੀ ਦੀ ਟੀਮ ਰਾਤ 12.41 ਵਜੇ ਬਸਤੀ ਬਾਵਾ ਖੇਲ ਨਹਿਰ 'ਤੇ ਪਹੁੰਚੀ, ਜਿਥੇ ਅਕਸਰ ਪੁਲਸ ਦਾ ਨਾਕਾ ਲੱਗਾ ਹੁੰਦਾ ਸੀ ਪਰ ਸੋਮਵਾਰ ਨੂੰ ਦੇਰ ਰਾਤ ਇਥੇ ਵੀ ਪੁਲਸ ਦਾ ਨਾਕਾ ਨਹੀਂ ਸੀ। ਬਸਤੀ ਬਾਵਾ ਖੇਲ ਪੁਲੀ 'ਤੇ ਜਦੋਂ ਟੀਮ ਕਵਰੇਜ ਕਰ ਰਹੀ ਸੀ ਤਾਂ ਇਸ ਦੌਰਾਨ ਦੋ ਮੋਟਰਸਾਈਕਲਾਂ 'ਤੇ ਸਵਾਰ 4 ਨੌਜਵਾਨ ਟੀਮ ਵੱਲ ਆਏ। ਜਿਵੇਂ ਹੀ ਟੀਮ ਨੇ ਆਪਣਾ ਮੋਟਰਸਾਈਕਲ ਸਟਾਰਟ ਕਰ ਕੇ ਯੂ-ਟਰਨ ਲਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਆਵਾਜ਼ਾਂ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਥੋਂ ਮੋਟਰਸਾਈਕਲ ਭਜਾਇਆ ਤਾਂ ਲੁਟੇਰਿਆਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਗ ਬਾਣੀ ਦੀ ਟੀਮ ਨੇ ਗਲੀਆਂ ਵਿਚ ਵੜ ਕੇ ਖੁਦ ਦਾ ਬਚਾਅ ਕੀਤਾ ਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਦੇਣ ਦੇ ਬਾਵਜੂਦ ਨਾ ਤਾਂ ਕਿਸੇ ਪੀ. ਸੀ. ਆਰ. ਟੀਮ ਦਾ ਫੋਨ ਆਇਆ ਅਤੇ ਨਾ ਹੀ ਕੋਈ ਜਾਣਕਾਰੀ ਮੰਗੀ ਗਈ। ਇਸ ਤੋਂ ਬਾਅਦ ਇਕ ਵਜੇ ਵਡਾਲਾ ਚੌਕ ਪਹੁੰਚ ਕੇ ਦੇਖਿਆ ਤਾਂ ਪਹਿਲਾਂ ਪੁਲਸ ਨਾਕਾ ਦੇਖਿਆ ਗਿਆ, ਜਿਥੇ ਪੁਲਸ ਵਾਲੇ ਚੌਕਸ ਸਨ।
2 ਘੰਟੇ ਦੀ ਨਾਈਟ ਡੋਮੀਨੇਸ਼ਨ 'ਚ ਨਹੀਂ ਮਿਲੀ ਪੈਟਰੋਲਿੰਗ ਕਰਦੀ ਪੁਲਸ
2 ਘੰਟਿਆਂ ਤਕ ਕੀਤੀ ਗਈ ਨਾਈਟ ਡੋਮੀਨੇਸ਼ਨ ਵਿਚ ਨਾ ਤਾਂ ਕੋਈ ਪੈਟਰੋਲਿੰਗ ਕਰਦੀ ਪੁਲਸ ਦੀ ਗੱਡੀ ਮਿਲੀ ਅਤੇ ਨਾ ਹੀ ਕੋਈ ਮੋਟਰਸਾਈਕਲ। ਮਾਡਲ ਟਾਊਨ, ਦੋਆਬਾ ਚੌਕ ਤੇ ਨਕੋਦਰ ਚੌਕ ਵਿਚ ਪੁਲਸ ਤਾਇਨਾਤ ਮਿਲੀ ਪਰ ਇਸ ਤੋਂ ਇਲਾਵਾ ਕਿਤੇ ਵੀ ਪੁਲਸ ਨਹੀਂ ਦਿਸੀ।
ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੰਵਲ ਲਈ ਪਦਮ ਵਿਭੂਸ਼ਣ ਖਿਤਾਬ ਮੰਗਿਆ
NEXT STORY