ਜਲੰਧਰ/ਜੰਮੂ ਕਸ਼ਮੀਰ— ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸੈਂਕੜੇ ਪਿੰਡ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਸਥਿਤ ਹਨ। ਇਨ੍ਹਾਂ ਦੀ ਤ੍ਰਾਸਦੀ ਇਹ ਹੈ ਕਿ ਆਜ਼ਾਦੀ ਦੀ ਪ੍ਰਾਪਤੀ ਪਿੱਛੋਂ 7 ਦਹਾਕਿਆਂ ਤੋਂ ਵੱਧ ਦਾ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਇਥੇ ਵੱਸਦੇ ਲੋਕਾਂ ਤੱਕ ਉਹ ਸਹੂਲਤਾਂ ਨਹੀਂ ਪਹੁੰਚ ਸਕੀਆਂ, ਜਿਨ੍ਹਾਂ ਨੂੰ ਦੇਸ਼ ਦੇ ਹੋਰ ਹਿੱਸਿਆਂ 'ਚ ਰਹਿਣ ਵਾਲੇ ਲੋਕ ਮਾਣ ਰਹੇ ਹਨ। ਪਿਛਲੇ ਸਮੇਂ 'ਚ ਵਾਰ-ਵਾਰ ਇਨ੍ਹਾਂ ਸਰਹੱਦੀ ਪਿੰਡਾਂ 'ਚ ਜਾਣ ਦੌਰਾਨ ਦੇਖਣ ਦਾ ਮੌਕਾ ਮਿਲਿਆ ਕਿ ਕਿੰਨੀ ਤਰਸਯੋਗ ਸਥਿਤੀ 'ਚ ਜੀਵਨ ਗੁਜ਼ਾਰ ਰਹੇ ਹਨ, ਇਥੋਂ ਦੇ ਬਸ਼ਿੰਦੇ।
ਅੱਜ ਦੇ ਅਤਿ-ਆਧੁਨਿਕ ਯੁੱਗ 'ਚ ਇਨ੍ਹਾਂ ਖੇਤਰਾਂ ਤਕ ਪਹੁੰਚਣ ਲਈ ਚੰਗੀ ਹਾਲਤ ਵਾਲੀਆਂ ਸੜਕਾਂ ਹੀ ਨਹੀਂ ਹਨ। ਬਿਜਲੀ ਅਤੇ ਪਾਣੀ ਦੀ ਪੂਰਤੀ ਵੀ ਲੋੜ ਅਨੁਸਾਰ ਨਹੀਂ ਹੁੰਦੀ। ਸਿਹਤ-ਸਹੂਲਤਾਂ 1947 ਤੋਂ ਪਹਿਲਾਂ ਦੇ ਯੁੱਗ ਵਾਲੀਆਂ ਹਨ ਅਤੇ ਬਹੁਤੇ ਪਿੰਡ ਜਾਂ ਤਾਂ ਸਕੂਲਾਂ ਤੋਂ ਵਾਂਝੇ ਹਨ ਜਾਂ ਫਿਰ ਉਨ੍ਹਾਂ ਦੀ ਹਾਲਤ ਖਸਤਾ ਹੈ। ਸੁਰੱਖਿਆ ਦੇ ਪ੍ਰਬੰਧਾਂ ਦੀ ਘਾਟ ਹੈ, ਰੋਜ਼ਗਾਰ ਦੇ ਮੌਕੇ ਖੇਤਾਂ ਅਤੇ ਘਰਾਂ 'ਚ ਮਜ਼ਦੂਰੀ ਤਕ ਹੀ ਸੀਮਤ ਹਨ। ਮਹਿੰਗਾਈ ਵੀ ਹੋਰ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਹੈ।
ਸਹੂਲਤਾਂ ਦੀ ਵੱਡੀ ਘਾਟ ਦੇ ਨਾਲ-ਨਾਲ ਸਰਹੱਦੀ ਪਿੰਡਾਂ ਨੂੰ ਪਾਕਿਸਤਾਨੀ ਗੋਲੀਬਾਰੀ ਦੀ ਮਾਰ ਵੀ ਪੈਂਦੀ ਹੈ ਅਤੇ ਅੱਤਵਾਦ ਦਾ ਖਤਰਾ ਵੀ ਹਰ ਵੇਲੇ ਮੌਜੂਦ ਰਹਿੰਦਾ ਹੈ। ਜੰਗ ਦੇ ਦਿਨਾਂ 'ਚ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਘਰ-ਬਾਹਰ ਛੱਡ ਕੇ ਦੌੜਨਾ ਪੈਂਦਾ ਹੈ ਪਰ ਜੇ ਕਿਤੇ ਜੰਗ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਹਨ ਤਾਂ ਇਨ੍ਹਾਂ ਦੇ ਸਾਹ ਸੁੱਕ ਜਾਂਦੇ ਹਨ।
ਅਜਿਹੀ ਹੀ ਦਰਦਨਾਕ ਹਾਲਤ ਹੀਰਾ ਨਗਰ ਸੈਕਟਰ ਦੇ ਪਿੰਡਾਂ ਵਿਚ ਦੇਖਣ ਨੂੰ ਮਿਲੀ, ਜਿੱਥੇ 'ਪੰਜਾਬ ਕੇਸਰੀ' ਪੱਤਰ ਸਮੂਹ ਦੀ ਇਕ ਵਿਸ਼ੇਸ਼ ਮੁਹਿੰਮ ਅਧੀਨ 508ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਸੀ। ਸਰਹੱਦੀ ਪਿੰਡ ਮਹਿਰਾਜਪੁਰ 'ਚ ਜੁੜੇ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਕੰਬਲ, ਤੌਲੀਏ, ਜ਼ਨਾਨਾ-ਮਰਦਾਨਾ ਅਤੇ ਬੱਚਿਆਂ ਦੇ ਕੱਪੜੇ ਵੰਡੇ ਗਏ ਸਨ। ਇਹ ਸਮੱਗਰੀ ਪੰਜਾਬ ਦੇ ਵੱਖ-ਵੱਖ ਦਾਨੀ ਸੱਜਣਾਂ ਵੱਲੋਂ ਭਿਜਵਾਈ ਗਈ ਸੀ।
ਮਹਿਰਾਜਪੁਰ 'ਚ ਇਕੱਠੇ ਹੋਏ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਜਲੰਧਰ ਦੇ ਸਾਬਕਾ ਮੇਅਰ ਜੈ ਕਿਸ਼ਨ ਸੈਣੀ ਨੇ ਕਿਹਾ ਕਿ ਸਰਹੱਦੀ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਰ ਵੇਲੇ ਪਾਕਿਸਤਾਨ ਦਾ ਮੁਕਾਬਲਾ ਕਰਦੇ ਰਹਿੰਦੇ ਹਨ। ਇਹ ਲੋਕ ਸਹੀ ਅਰਥਾਂ 'ਚ ਦੇਸ਼ ਦੇ ਰਖਵਾਲੇ ਹਨ, ਜਿਹੜੇ ਬਿਨਾਂ ਹਥਿਆਰਾਂ ਤੋਂ ਸਰਹੱਦੀ ਖੇਤਰਾਂ 'ਚ ਤਾਇਨਾਤ ਹਨ। ਇਨ੍ਹਾਂ ਬਹਾਦਰ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ।
ਸੈਣੀ ਨੇ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਸਹਿਣ ਕਰ ਰਹੇ ਪਰਿਵਾਰਾਂ ਦੀ ਮਦਦ ਦਾ ਬੀੜਾ ਚੁੱਕ ਕੇ ਪੰਜਾਬ ਕੇਸਰੀ ਦੇ ਵਿਜੇ ਕੁਮਾਰ ਚੋਪੜਾ ਜੀ ਨੇ ਇਕ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਨੇ ਆਪਣਾ ਜੀਵਨ ਹੀ ਸਮਾਜ ਸੇਵਾ ਦੇ ਲੇਖੇ ਲਗਾਇਆ ਹੋਇਆ ਹੈ। ਸੈਣੀ ਨੇ ਦੱਸਿਆ ਕਿ ਵਿਜੇ ਜੀ ਦੀ ਪ੍ਰੇਰਨਾ ਸਦਕਾ ਵੱਖ-ਵੱਖ ਥਾਵਾਂ 'ਤੇ ਦਰਜਨਾਂ ਅਜਿਹੇ ਗਰੁੱਪ ਹੋਂਦ ਵਿਚ ਆਏ, ਜਿਹੜੇ ਹਰ ਮਹੀਨੇ ਹਜ਼ਾਰਾਂ ਵਿਧਵਾਵਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਸਰਹੱਦੀ ਲੋਕਾਂ ਵੱਲ ਧਿਆਨ ਦੇਣ ਸਰਕਾਰਾਂ: ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਤਰਜੀਹ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹਰ ਵੇਲੇ ਖ਼ਤਰੇ ਦਾ ਸਾਹਮਣਾ ਕਰਦੇ ਹਨ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਅਤੇ ਨੌਕਰੀਆਂ ਵਿਚ ਪਹਿਲ ਮਿਲਣੀ ਚਾਹੀਦੀ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਪਿਛਲੇ 20 ਸਾਲਾਂ ਤੋਂ ਸਰਹੱਦੀ ਲੋਕਾਂ ਅਤੇ ਅੱਤਵਾਦ ਪੀੜਤਾਂ ਲਈ ਰਾਹਤ ਮੁਹਿੰਮ ਚਲਾ ਰਿਹਾ ਹੈ। ਇਸ ਮਾਮਲੇ 'ਚ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਵੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਲੁਧਿਆਣਾ ਦੇ ਸਮਾਜ ਸੇਵੀ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਹਰ ਵੇਲੇ ਸੰਕਟ ਦਾ ਸਾਹਮਣਾ ਕਰਨ ਵਾਲੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।
ਸਰਹੱਦੀ ਪਰਿਵਾਰਾਂ ਨੂੰ ਰਾਹਤ ਮੁਹਿੰਮ ਦਾ ਵੱਡਾ ਸਹਾਰਾ: ਸਰਬਜੀਤ ਸਿੰਘ
ਰਾਹਤ ਵੰਡ ਆਯੋਜਨ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਇਲਾਕੇ ਦੇ ਸਮਾਜ ਸੇਵੀ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ 'ਚ ਜੀਵਨ ਗੁਜ਼ਾਰ ਰਹੇ ਸਰਹੱਦੀ ਪਰਿਵਾਰਾਂ ਨੂੰ ਰਾਹਤ ਮੁਹਿੰਮ ਦਾ ਵੀ ਵੱਡਾ ਸਹਾਰਾ ਹੈ। ਇਹ ਰਾਹਤ ਪ੍ਰਭਾਵਿਤ ਪਰਿਵਾਰਾਂ 'ਚ ਹੌਸਲੇ ਦਾ ਸੰਚਾਰ ਕਰਦੀ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸੰਕਟ ਦੇ ਸਮੇਂ 'ਚ ਦੇਸ਼ ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਪਿੰਡ ਦੇ ਸਰਪੰਚ ਬਿਕਰਮ ਚੌਧਰੀ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਨੀਲ ਕਪੂਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੁਸ਼ਕਿਲਾਂ ਭਰਿਆ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ 'ਤੇ ਰਾਹਤ ਵੰਡ ਟੀਮ ਨਾਲ ਗਏ ਜੁਗਿੰਦਰ ਕ੍ਰਿਸ਼ਨ ਸ਼ਰਮਾ, ਨਰਿੰਦਰ ਸ਼ਰਮਾ, ਰੋਮੇਸ਼ ਸ਼ਰਮਾ, ਜੈ ਦੇਵ ਮਲਹੋਤਰਾ, ਆਦਿਤਯ ਸ਼ਰਮਾ, ਡੌਲੀ ਹਾਂਡਾ, ਸਾਰਿਕਾ ਭਾਰਦਵਾਜ ਅਤੇ ਕਠੂਆ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਮਹਿਰਾਜਪੁਰ ਤੋਂ ਇਲਾਵਾ ਸੁਲਤਾਨਪੁਰ, ਹਰੀਪੁਰ ਸੈਣੀਆਂ, ਪਹਾੜਪੁਰ ਅਤੇ ਛੰਨ ਲਾਲ ਦੀਨ ਆਦਿ ਪਿੰਡਾਂ ਨਾਲ ਸਬੰੰਧਤ ਸਨ।

ਮੋਰਟਾਰ ਨੇ ਲੈ ਲਈ ਮਧੂਬਾਲਾ ਦੀ ਜਾਨ
ਪਿੰਡ ਛੰਨ ਲਾਲ ਦੀਨ ਦੀ ਰਹਿਣ ਵਾਲੀ 45 ਸਾਲਾ ਮਧੂਬਾਲਾ ਦੀ ਜਾਨ ਪਿਛਲੇ ਸਾਲ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ ਨੇ ਲੈ ਲਈ ਸੀ ਜਦੋਂ ਕਿ ਤਿੰਨ ਬੱਚੇ ਅਤੇ ਇਕ ਹੋਰ ਔਰਤ ਜ਼ਖ਼ਮੀ ਹੋ ਗਏ। ਜ਼ਖਮੀ ਔਰਤ ਰੰਜਨਾ ਦੇਵੀ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਰੋਜ਼ਗਾਰ ਲਈ ਗਏ ਆਪਣੇ ਪਤੀ ਨਾਲ ਰਹਿੰਦੀ ਮਧੂਬਾਲਾ ਆਪਣੇ ਪੇਕੇ ਘਰ ਮਿਲਣ ਆਈ ਸੀ ਕਿ ਪਾਕਿਸਤਾਨ ਵੱਲੋਂ ਦਾਗੇ ਗੋਲੇ ਨਾਲ ਜਾਨ ਗੁਆ ਬੈਠੀ। ਰੰਜਨਾ ਨੇ ਦੱਸਿਆ ਕਿ ਉਸਦੀ ਲੱਤ ਵਿਚ ਛੱਰੇ ਲੱਗੇ ਸਨ, ਜਿਸ ਕਾਰਨ ਉਹ ਹੁਣ ਵੀ ਠੀਕ ਤਰ੍ਹਾਂ ਨਹੀਂ ਤੁਰ ਸਕਦੀ। ਉਸਨੇ ਦੱਸਿਆ ਕਿ ਸਰਕਾਰ ਵੱਲੋਂ ਉਸਨੂੰ ਜਾਂ ਮ੍ਰਿਤਕਾ ਦੇ ਪਰਿਵਾਰ ਨੂੰ ਕੋਈ ਮਾਲੀ ਮਦਦ ਨਹੀਂ ਦਿੱਤੀ ਗਈ। ਉਨ੍ਹਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੈ।
ਚੰਡੀਗੜ੍ਹ 'ਚ ਰਾਹੁਲ ਗਾਂਧੀ ਨੂੰ ਦਿਖਾਏ ਕਾਲੇ ਝੰਡੇ
NEXT STORY