ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ (ਜਗਦੇਵ, ਦੀਪਕ, ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖਾਲਸਾਈ ਖੇਡਾਂ 14 ਤੋਂ 16 ਅਕਤੂਬਰ ਤੱਕ ਉੱਤਰੀ ਭਾਰਤ ਦੇ ਪਹਿਲੇ ਖੁਦਮੁਖਤਿਆਰੀ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਕਾਲਜਾਂ ਦੇ ਖਿਡਾਰੀ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਇਸ ਤਿੰਨ ਰੋਜ਼ਾ ਖੇਡ ਉਤਸਵ 'ਚ ਹਿੱਸਾ ਲੈਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਖੇਡ ਉਤਸਵ ਜਿਥੇ ਨੌਜਵਾਨ ਵਰਗ 'ਚ ਆਪਸੀ ਸਹਿਯੋਗ, ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਭਰੇਗਾ, ਉਥੇ ਉਨ੍ਹਾਂ ਨੂੰ ਆਪਣਾ ਹੁਨਰ ਤੇ ਕਲਾ ਵਿਖਾਉਣ ਲਈ ਮੰਚ ਵੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਖੇਡ ਉਤਸਵ 'ਚ ਲੜਕੇ ਅਤੇ ਲੜਕੀਆਂ ਲਈ ਵੱਖੋ-ਵੱਖਰੇ ਹਾਕੀ, ਬਾਸਕਿਟਬਾਲ, ਫੁੱਟਬਾਲ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ, ਗਤਕਾ, ਟੇਬਲ ਟੈਨਿਸ, ਚੈੱਸ, ਖੋ-ਖੋ, ਹੈਂਡਬਾਲ, ਵੇਟ ਲਿਫਟਿੰਗ, ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਐਥਲੈਟਿਕਸ ਈਵੈਂਟਸ 'ਚ ਲੜਕੇ ਅਤੇ ਲੜਕੀਆਂ ਲਈ 100 ਮੀਟਰ, 200 ਮੀਟਰ, 400 ਮੀਟਰ, 1500 ਮੀਟਰ, 4 ਗੁਣਾ 100 ਮੀਟਰ ਰਿਲੇਅ, 4 ਗੁਣਾ 400 ਮੀਟਰ ਰਿਲੇਅ, ਲੰਬੀ ਛਾਲ, ਉੱਚੀ ਛਾਲ, ਡਿਸਕਸ ਥ੍ਰੋ, ਨੇਜਾ ਸੁੱਟਣਾ, ਗੋਲਾ ਸੁੱਟਣਾ, ਹੈਮਰ ਥ੍ਰੋ, 100 ਮੀਟਰ ਹਰਡਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਖਾਲਸਾਈ ਖੇਡਾਂ ਸਮੇਂ ਖਿਡਾਰੀਆਂ ਦੀ ਜੱਜਮੈਂਟ ਕਰਨ ਲਈ ਬਣਾਏ ਗਏ ਜੱਜਾਂ ਦੇ ਪੈਨਲ 'ਚ ਜੈਪਾਲ ਸਿੰਘ ਪੀ. ਪੀ. ਐੱਸ., ਗੁਰਦੀਪ ਕੌਰ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਤਿੰਦਰਪਾਲ ਸਿੰਘ ਸਿੱਧੂ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਪ੍ਰਿੰ. ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਜ਼ ਸ਼੍ਰੋਮਣੀ ਕਮੇਟੀ, ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਅਲਾ, ਤੇਜਿੰਦਰਪਾਲ ਕੌਰ ਧਾਲੀਵਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਅਤੇ ਕੇਵਲ ਸਿੰਘ ਵਧੀਕ ਸਕੱਤਰ (ਕੋਆਰਡੀਨੇਟਰ) ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ ਤੋਂ ਤਕਰੀਬਨ 5000 ਖਿਡਾਰੀ ਇਸ ਉਤਸਵ 'ਚ ਭਾਗ ਲੈਣ ਆ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਮੈਂਬਰ ਸਕੱਤਰ ਦਰਬਾਰਾ ਸਿੰਘ ਗੁਰੂ, ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਅਤੇ ਨਿੱਜੀ ਸਕੱਤਰ ਪ੍ਰਧਾਨ ਸ਼੍ਰੋਮਣੀ ਕਮੇਟੀ ਭਗਵੰਤ ਸਿੰਘ ਧੰਗੇੜਾ ਵੀ ਹਾਜ਼ਰ ਸਨ।
ਹੈਰੋਇਨ ਸਮੇਤ 5 ਗ੍ਰਿਫ਼ਤਾਰ
NEXT STORY