ਪਟਿਆਲਾ, (ਜੋਸਨ)-ਪਟਿਆਲਾ ਰਿਆਸਤ ’ਚ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਾਂ ਦਾ ਸਦੀਆਂ ਤੋਂ ਰਾਜ ਰਹਿਣ ਦੇ ਬਾਵਜੂਦ ਸ਼ਾਹੀ ਪਰਿਵਾਰ ਦੇ ਦਬਦਬੇ ਕਾਰਨ ਪਟਿਆਲਾ ਦੇ ਬੇਖੌਫ ਵੋਟਰ ਲੋਕ ਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੋਵਾਂ ਨੂੰ ਜਿੱਤ ਦੇ ਨਾਲ-ਨਾਲ ਹਾਰ ਦਾ ਸਵਾਦ ਵੀ ਚਖਾ ਚੁੱਕੇ ਹਨ। ਹਾਲਾਂਕਿ ਪਟਿਆਲਾ ਸੀਟ ’ਤੇ 1952 ਤੋਂ 2014 ਤੱਕ 16 ਵਾਰ ਹੋਈਆਂ ਲੋਕ ਸਭਾ ਚੋਣਾਂ ’ਚੋਂ 10 ਵਾਰ ਕਾਂਗਰਸ, 4 ਵਾਰ ਅਕਾਲੀ ਦਲ, ਇਕ ਵਾਰ ਆਜ਼ਾਦ ਤੇ ਇਕ ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਕਾਂਗਰਸ ਇਸ ਸੀਟ ’ਤੇ 1952, 1957, 1962, 1967, 1971, 1980, 1991, 1999, 2004, 2009 ’ਚ ਜੇਤੂ ਰਹੀ, ਜਦੋਂਕਿ ਅਕਾਲੀ ਦਲ 1977, 1984, 1996 ਤੇ 1998 ’ਚ ਜੇਤੂ ਰਿਹਾ। 1989 ’ਚ ਆਜ਼ਾਦ ਉਮੀਦਵਾਰ ਜੇਤੂ ਰਿਹਾ ਤੇ 2014 ’ਚ ‘ਆਪ’ ਇਸ ’ਤੇ ਕਬਜ਼ਾ ਜਮਾਉਣ ’ਚ ਕਾਮਯਾਬ ਰਹੀ। ਇਸ ਵਾਰ 2019 ’ਚ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਮੈਦਾਨ ’ਚ ਉਤਰਨ ਲਈ ਤਿਆਰ ਹੈ, ਜਿਸ ਨੇ ਪਿਛਲੇ ਸਮੇਂ ਤੋਂ ਰਾਜਨੀਤਕ ਜੰਗ ਦੀ ਤਿਆਰੀ ਖਿੱਚੀ ਹੋਈ ਹੈ। ਦੂਜੇ ਪਾਸੇ ਅਕਾਲੀ ਦਲ ਨੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ, ਦਰਵੇਸ਼ ਤੇ ਈਮਾਨਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਸੁਰਜੀਤ ਸਿੰਘ ਰੱਖਡ਼ਾ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ, ਜਿਸ ਨਾਲ ਮੁਕਾਬਲਾ ਸਿੱਧਾ ਹੋਣ ਦੇ ਆਸਾਰ ਬਣ ਗਏ ਹਨ।
2009 ’ਚ ਇਸ ਤਰ੍ਹਾਂ ਰਹੀ ਸਥਿਤੀ
ਕਾਂਗਰਸ -50.66 ਫੀਸਦੀ
ਅਕਾਲੀ ਦਲ-40.26 ਫੀਸਦੀ
ਬਸਪਾ - 6.18 ਫੀਸਦੀ
2014 ਵਿਚ ਇਸ ਤਰ੍ਹਾਂ ਰਹੀ ਸਥਿਤੀ
ਆਪ - 32.62
ਕਾਂਗਰਸ - 30.75
ਅਕਾਲੀ ਦਲ-30.34
ਬਸਪਾ- 1.16
1977 ’ਚ ਜਥੇਦਾਰ ਟੋਹੜਾ ਨੇ ਤੋੜਿਆ ਸੀ ਕਾਂਗਰਸ ਦਾ ਕਿਲਾ-
ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਟਿਆਲਾ ਸੀਟ ’ਤੇ 1952 ਤੋਂ ਲਗਾਤਾਰ 5 ਵਾਰ ਜੇਤੂ ਚਲੀ ਆ ਰਹੀ ਕਾਂਗਰਸ ਦੇ ਕਿਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ 1977 ਵਿਚ ਤੋੜ ਦਿੱਤਾ। ਸਿੱਖ ਪੰਥ ਦੀ ਮਹਾਨ ਤੇ ਈਮਾਨਦਾਰ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਮੁਕਾਬਲੇ ਕਾਂਗਰਸ ਨੇ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰ ਮੈਦਾਨ ਵਿਚ ਉਤਾਰਿਆ ਸੀ ਪਰ ਜਥੇਦਾਰ ਟੌਹੜਾ ਨੇ ਇਸ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ 90317 ਵੋਟਾਂ ਨਾਲ ਹਰਾ ਕੇ ਕਾਂਗਰਸ ਦੇ ਚਲੇ ਆ ਰਹੇ ਕਬਜ਼ੇ ਨੂੰ ਵੀ ਤੋੜ ਦਿਤਾ। ਜਥੇਦਾਰ ਟੋਹੜਾ ਨੂੰ ਇਸ ਚੋਣ ਵਿਚ 2 ਲੱਖ 65 ਹਜ਼ਾਰ 111 ਵੋਟਾਂ ਮਿਲੀਆਂ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੂੰ 174794 ਵੋਟਾਂ ਮਿਲੀਆਂ ਸਨ।
ਆਜ਼ਾਦੀ ਤੋਂ ਬਾਅਦ ਹੁਣ ਤੱਕ ਇਹ ਰਹੇ ਪਟਿਆਲਾ ਦੇ ਸੰਸਦ ਮੈਂਬਰ-
1. 1952 - ਕਾਂਗਰਸ - ਰਾਮ ਪ੍ਰਤਾਪ ਗਰਗ
2. 1957 - ਕਾਂਗਰਸ - ਲਾਲਾ ਅਚਿੰਤ ਰਾਮ
3. 1962 - ਕਾਂਗਰਸ - ਸਰਦਾਰ ਹੁਕਮ ਸਿੰਘ
4. 1967 - ਕਾਂਗਰਸ - ਮਹਾਰਾਣੀ ਮਹਿੰਦਰ ਕੌਰ
5. 1971 - ਕਾਂਗਰਸ - ਸਤਪਾਲ ਕਪੂਰ
6. 1977 - ਅਕਾਲੀ ਦਲ - ਜਥੇਦਾਰ ਗੁਰਚਰਨ ਸਿੰਘ ਟੋਹੜਾ
7. 1980 - ਕਾਂਗਰਸ - ਕੈਪਟਨ ਅਮਰਿੰਦਰ ਸਿੰਘ
8. 1984 - ਅਕਾਲੀ ਦਲ - ਚਰਨਜੀਤ ਸਿੰਘ ਵਾਲੀਆ
9. 1989 - ਆਜ਼ਾਦ - ਅਤਿੰਦਰ ਪਾਲ ਸਿੰਘ
10. 1991 - ਕਾਂਗਰਸ - ਸੰਤ ਰਾਮ ਸਿੰਗਲਾ
11. 1996 - ਅਕਾਲੀ ਦਲ - ਪ੍ਰੇਮ ਸਿੰਘ ਚੰਦੂਮਾਜਰਾ
12.1998- ਅਕਾਲੀ ਦਲ - ਪ੍ਰੇਮ ਸਿੰਘ ਚੰਦੂਮਾਜਰਾ
13. 1999 -ਕਾਂਗਰਸ - ਮਹਾਰਾਣੀ ਪ੍ਰਨੀਤ ਕੌਰ
14. 2004 -ਕਾਂਗਰਸ - ਮਹਾਰਾਣੀ ਪ੍ਰਨੀਤ ਕੌਰ
15. 2009 -ਕਾਂਗਰਸ - ਮਹਾਰਾਣੀ ਪ੍ਰਨੀਤ ਕੌਰ
16. 2014 -ਆਪ - ਡਾਕਟਰ ਧਰਮਵੀਰ ਗਾਂਧੀ
2009 ਤੇ 2014 ’ਚ ਕਿੰਨੇ ਫੀਸਦੀ ਰਿਹਾ ਕਿਸ ਦਾ ਦਬਦਬਾ
2009 ਵਿਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਕਾਂਗਰਸ ਦਾ ਸਾਲ 2014 ਵਿਚ ਹੋਈ ਚੋਣ ’ਚ ‘ਆਪ’ ਨੇ ਗਣਿਤ ਖਰਾਬ ਕਰ ਦਿੱਤਾ ਸੀ, ਇਸ ਚੋਣ ਵਿਚ ਕਾਂਗਰਸ ਨੂੰ 2009 ਦੀ ਚੋਣ ਨਾਲੋਂ 19.91 ਫੀਸਦੀ ਵੋਟ ਘੱਟ ਮਿਲੇ ਸਨ। ਅਕਾਲੀ ਦਲ ਨੂੰ 9.92 ਫੀਸਦੀ ਦਾ ਨੁਕਸਾਨ ਹੋਇਆ ਸੀ ਤੇ ‘ਆਪ’ ਜੇਤੂ ਰਹੀ ਸੀ ਪਰ ਇਸ ਵਾਰ ‘ਆਪ’ ਪਟਿਆਲਾ ਤੋਂ ਕਿਸੇ ਮੁਕਾਬਲੇ ਵਿਚ ਹੀ ਨਹੀਂ ਦਿਖ ਰਹੀ।
ਕਦੋਂ-ਕਦੋਂ ਜਿੱਤੇ ਸ਼ਾਹੀ ਪਰਿਵਾਰ ਦੇ ਵਾਰਿਸ-
ਪਟਿਆਲਾ ਲੋਕ ਸਭਾ ਸੀਟ ਤੋਂ ਸ਼ਾਹੀ ਪਰਿਵਾਰ ਦੇ ਵਾਰਿਸ ਮਹਾਰਾਣੀ ਮਹਿੰਦਰ ਕੌਰ 1967 ਵਿਚ 1,89,825 ਵੋਟਾਂ ਲੈ ਕੇ 110210 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਸ ਤੋਂ ਬਾਅਦ ਫਿਰ 1980 ਵਿਚ ਕੈਪਟਨ ਅਮਰਿੰਦਰ ਸਿੰਘ 256233 ਵੋਟਾਂ ਲੈ ਕੇ 78979 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਸ ਤੋਂ ਬਾਅਦ 1999 ਵਿਚ ਮਹਾਰਾਣੀ ਪ੍ਰਨੀਤ ਕੌਰ 360125 ਵੋਟਾਂ ਲੈ ਕੇ 78908 ਵੋਟਾਂ ਦੇ ਫਰਕ ਨਾਲ ਜਿੱਤੇ ਸਨ। 2004 ਵਿਚ ਵੀ ਮਹਾਰਾਣੀ ਪ੍ਰਨੀਤ ਕੌਰ 409917 ਵੋਟਾਂ ਲੈ ਕੇ ਸਿਰਫ 23667 ਵੋਟਾਂ ਦੇ ਫਰਕ ਨਾਲ ਜਿੱਤੇ ਸਨ ਤੇ 2009 ਵਿਚ ਪ੍ਰਨੀਤ ਕੌਰ 474188 ਵੋਟਾਂ ਲੈ ਕੇ 97389 ਵੋਟਾਂ ਦੇ ਫਰਕ ਨਾਲ ਜਿੱਤੇ ਸਨ। 1977 ਵਿਚ ਕੈਪਟਨ ਅਮਰਿੰਦਰ ਸਿੰਘ ਤੇ 2014 ਵਿਚ ਮਹਾਰਾਣੀ ਪ੍ਰਨੀਤ ਕੌਰ ਨੂੰ ਇਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੀਜੇਪੀ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ (ਪੜ੍ਹੋ 17 ਮਾਰਚ ਦੀਆਂ ਖਾਸ ਖਬਰਾਂ)
NEXT STORY