ਅਸੀਂ ਇਤਿਹਾਸ ਜਾਂ ਮਿਥਿਹਾਸ ਵਿਚ ਕਈ ਮਹਾਨ ਸ਼ਖ਼ਸੀਅਤਾਂ ਬਾਰੇ ਪੜ੍ਹਦੇ ਜਾਂ ਸੁਣਦੇ ਹਾਂ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਨਾਂ ਸ਼ਖ਼ਸੀਅਤਾਂ ਨੇ ਆਪਣਾ ਮੁਕਾਮ ਸੌਖਿਆਂ ਹੀ ਹਾਸਲ ਕਰ ਲਿਆ ਹੋਣਾ ਹੈ ਪਰ ਹਰ ਮਹਾਨ ਸ਼ਖ਼ਸੀਅਤ ਅਤੇ ਹਰ ਵੱਡੀ ਪ੍ਰਾਪਤੀ ਪਿੱਛੇ ਅਕਸਰ ਉਸ ਤੋਂ ਵੀ ਵੱਡਾ ਸੰਘਰਸ਼ ਲੁਕਿਆ ਹੋਇਆ ਹੁੰਦਾ ਹੈ । ਉਸ ਸੰਘਰਸ਼ ਬਾਰੇ ਅਸਲ ਤਾਂ ਉਹੀ ਵਿਅਕਤੀ ਜਾਣਦਾ ਹੁੰਦਾ ਹੈ ਜਿਸ ਨੇ ਉਸ ਸੰਘਰਸ਼ ਦਾ ਪੈਂਡਾ ਮਾਪਿਆ ਹੁੰਦਾ ਹੈ ਪਰੰਤੂ ਹਰ ਅਜਿਹੀ ਕਹਾਣੀ ਪਾਠਕਾਂ ਨੂੰ ਆਪੋ-ਆਪਣੀ ਮੰਜ਼ਿਲ ‘ਤੇ ਅੱਪੜਣ ਤੱਕ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਿਤ ਜ਼ਰੂਰ ਕਰਦੀ ਹੈ।
ਇੰਝ ਸ਼ੁਰੂ ਹੁੰਦੀ ਹੈ ਕਹਾਣੀ
ਸਮਾਂ 45-46 ਸਾਲ ਪਹਿਲਾਂ ਦਾ। ਗੜ੍ਹਸ਼ੰਕਰ ਲਾਗੇ ਸ਼ਿਵਾਲਿਕ ਦੀਆਂ ਪਹਾੜੀਆਂ। ਅਤਿ ਪੱਛੜਿਆ ਇਲਾਕਾ। ਨਾ ਕੋਈ ਬਸ ਆਉਂਦੀ ਸੀ ਨਾ ਅਖ਼ਬਾਰ। ਅਤਿ ਗ਼ਰੀਬ ਪਰਿਵਾਰ। ਸਰਦੀ ਦਾ ਮੌਸਮ। ਘਰ ‘ਚ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ। ਰਾਤ ਦਾ ਹਨੇਰਾ ਦੂਰ ਕਰਦਾ ਹੋਇਆ ਇਕ ਛੋਟਾ ਜਿਹਾ ਬਾਲਕ ਯੋਗ ਰਾਜ, ਜਿਸ ਦੀ ਉਮਰ ਅਨੁਸਾਰ ਉਸ ਨੂੰ ਕੇਵਲ ਅਗਲੇ ਸਾਲ ਹੀ ਸਕੂਲ ਦਾਖ਼ਲਾ ਮਿਲ ਸਕਦਾ ਸੀ, ਆਪਣੇ ਹੀ ਦੀਵੇ ਤੋਂ ਲੱਗੀ ਅੱਗ ਨਾਲ ਝੁਲਸ ਗਿਆ। ਸਿਰ ਮੱਚ ਗਿਆ। ਅੱਖਾਂ ਦੀ ਜੋਤੀ ‘ਤੇ ਵੀ ਅਸਰ ਪੈ ਗਿਆ।
ਇਤਿਹਾਸ ਰਚਣ ਦੀ ਸ਼ੁਰੂਆਤ
ਮਨੁੱਖੀ ਵਰਤਾਰੇ ਦੇ ਪਹਿਰੇਦਾਰ ਇੱਕ ਅਧਿਆਪਕ ਦੀ ਹੱਲਾਸ਼ੇਰੀ ਆਸਰੇ ਇਹ ਬਾਲਕ ਔਖੇ-ਸੌਖੇ ਪੰਜਵੀਂ ਜਮਾਤ ਪਾਸ ਕਰ ਗਿਆ। ਅਗਲੇ ਸਕੂਲ ਜਾ ਕੇ ਵੀ ਮੁਸ਼ਕਲਾਂ ਨੇ ਇਸ ਮੁੰਡੇ ਦਾ ਪਿੱਛਾ ਨਾ ਛੱਡਿਆ। ਝੁਲਸਿਆ ਚਿਹਰਾ ਕਰੂਪ ਹੋਣ ਕਾਰਨ ਬੱਚੇ ਤਰ੍ਹਾਂ-ਤਰ੍ਹਾਂ ਦੇ ਨਾਮ ਲੈ ਕੇ ਚਿੜਾਉਂਦੇ ਪਰ ਸਾਡੀ ਇਸ ਕਹਾਣੀ ਦਾ ਪਾਤਰ ਕਿਸ ਤਰ੍ਹਾਂ ਚੁੱਪ-ਚੁਪੀਤੇ ਦਰਦ ਤੇ ਮਾਨਸਿਕ ਪੀੜਾ ਸਹਿ ਕੇ ਸਮਾਂ ਕੱਟਦਾ ਰਿਹਾ – ਇਹ ਉਹੀ ਜਾਣਦਾ ਜਾਂ ਉਸ ਦੀ ਆਤਮਾ ਪਰ ਉਹ ਬਾਲਕ ਔਖਾ-ਸੌਖਾ ਸਭ ਸਹਿੰਦਾ ਰਿਹਾ ਤਾਂ ਜੋ ਉਹ ਆਪਣੀ ਮੰਜ਼ਿਲ ਵੱਲ ਵਧਦਾ ਰਹੇ।
ਸੱਚ ਦਾ ਸਾਹਮਣਾ
ਕੱਦ ਮਧਰਾ ਹੋਣ ਕਾਰਨ ਸਵੇਰ ਦੀ ਸਭਾ ‘ਚ ਉਸ ਨੂੰ ਕਤਾਰਾਂ ਦੇ ਮੂਹਰਲੇ ਪਾਸੇ ਖੜ੍ਹੇ ਹੋਣਾ ਪੈਂਦਾ। ਇਸ ਕਾਰਨ ਵੀ ਵਿਦਿਆਰਥੀ ਉਸ ਨੂੰ ਤਰ੍ਹਾਂ-ਤਰ੍ਹਾਂ ਦਾ ਕੋਝਾ ਮਜ਼ਾਕ ਕਰਦੇ। ਬਚਪਨ ‘ਚ ਅੱਖਾਂ ਝੁਲਸ ਜਾਣ ਕਾਰਨ ਉਸ ਨੂੰ ਬਲੈਕ ਬੋਰਡ ‘ਤੇ ਲਿਖਿਆ ਸਾਫ ਨਹੀਂ ਸੀ ਦਿਸਦਾ। ਇਸ ਕਾਰਨ ਵੀ ਉਸ ਨੂੰ ਕਈ ਦਿੱਕਤਾਂ ਅਤੇ ਤਾਹਨਿਆਂ-ਮਿਹਣਿਆਂ ਦਾ ਸ਼ਿਕਾਰ ਹੋਣਾ ਪੈਂਦਾ। ਉਹ ਵਿਚਾਰਾ, ਨਾਲ ਦੇ ਮੁੰਡਿਆਂ ਕੋਲੋਂ ਕਾਪੀਆਂ ਲੈ ਕੇ ਕੰਮ ਪੂਰਾ ਕਰਦਾ ਰਹਿੰਦਾ। ਵੱਡੀਆਂ ਜਮਾਤਾਂ ਦੀ ਪੜ੍ਹਾਈ, ਛੋਟੀਆਂ ਜਮਾਤਾਂ ਦੇ ਮੁਕਾਬਲੇ ਔਖੀ ਵੀ ਹੁੰਦੀ ਹੈ ਅਤੇ ਮਹਿੰਗੀ ਵੀ; ਕਈ ਵਾਰੀ ਨੇੜੇ ਉਪਲਬਧ ਵੀ ਨਹੀਂ ਹੁੰਦੀ। ਦਸਵੀਂ ਕਰਨ ਲਈ ਤਿੰਨ ਕਿਲੋਮੀਟਰ ਦੂਰ ਸਕੂਲ ਪੈਦਲ ਹੀ ਜਾਣਾ ਪੈਂਦਾ; ਉਪਰੋਂ ਪੈਰ ਨੰਗੇ। ਦਸਵੀਂ ਤੋਂ ਬਾਅਦ ਦੀ ਪੜ੍ਹਾਈ ਦਾਨੀ ਸੱਜਣਾਂ ਦੇ ਸਿਰ ‘ਤੇ ਕਰਨੀ ਬਹੁਤ ਔਖੀ ਹੀ ਨਹੀਂ ਅਸੰਭਵ ਜਿਹੀ ਵੀ ਹੁੰਦੀ ਹੈ। ਅੰਤਾਂ ਦੀ ਗ਼ਰੀਬੀ ਕਾਰਨ ਇਸ ਨੌਜਵਾਨ ‘ਤੇ 3 ਭਰਾਵਾਂ ਤੇ 2 ਭੈਣਾਂ ਦੀ ਜ਼ਿੰਮੇਵਾਰੀ ਦਾ ਭਾਰ ਵੀ ਸੀ।
ਇਹ ਵੀ ਪੜ੍ਹੋ: ਹੱਡ ਬੀਤੀ ਜੱਗ ਬੀਤੀ : ਹੱਥੋਂ ਝਪਟੀ ਪੜ੍ਹਾਈ
ਸੱਪਾਂ ਦੀਆਂ ਸਿਰੀਆਂ ਨਾਲ ਟਾਕਰਾ
ਪੜ੍ਹਾਈ ਦੇ ਖਰਚੇ ਪੂਰੇ ਕਰਨ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਪਟਾਉਣ ਵਿੱਚ ਦਰਪੇਸ਼ ਮਜ਼ਬੂਰੀਆਂ ਕਾਰਨ ਇਸ ਨੌਜਵਾਨ ਨੂੰ ਦਾਣਾ ਮੰਡੀਆਂ ‘ਚ ਅਨਾਜ ਛੰਡਣ, ਬੋਰੀਆਂ ਚੁੱਕਣ (ਪੱਲੇਦਾਰੀ) ਦਾ ਕੰਮ ਅਤੇ ਹੋਰ ਕਈ ਤਰ੍ਹਾਂ ਦੀ ਮਜ਼ਦੂਰੀ ਕਰਨੀ ਪਈ। ਵਾਢੀ ਦਾ ਸੀਜ਼ਨ ਨਾ ਹੋਣ ‘ਤੇ ਕਈ ਵਾਰੀ ਖੱਡਾਂ ‘ਚੋਂ ਪੱਥਰ ਇਕੱਠੇ ਕਰਕੇ ਰੋੜੀ ਕੁੱਟ-ਕੁੱਟ ਕੇ ਟਰੱਕ ਭਰਦਾ। ਕਈ ਵਾਰੀ ਤਾਂ ਹੱਥ ਪੱਥਰਾਂ ਨੂੰ ਪਾਉਂਦਾ ਪਰ ਸੱਪਾਂ ਦੀਆਂ ਸਿਰੀਆਂ ਹੱਥ ‘ਚ ਆ ਜਾਂਦੀਆਂ। ਪਾਈਪ ਲਾਈਨ ਵਿਛਾਉਣ ਲਈ ਜਦੋਂ ਇਲਾਕੇ ਵਿੱਚ ਡੂੰਘੀਆਂ ਖਾਈਆਂ ਪੁੱਟਣ ਦਾ ਕੰਮ ਸ਼ੁਰੂ ਹੋਇਆ ਤਾਂ ਪੁਟਾਈ ਦਾ ਕੰਮ ਕਰਕੇ ਤਿੰਨ ਸਾਲ ਬਾਅਦ ਓਪਨ ਸਕੂਲ ਪ੍ਰਣਾਲੀ ਦੀ 11ਵੀਂ ਜਮਾਤ ਵਿੱਚ ਦਾਖਲਾ ਲਿਆ। ਗਰੈਜੂਏਸ਼ਨ ਪ੍ਰਾਈਵੇਟ ਤੌਰ ‘ਤੇ ਕੀਤੀ।
ਜਦੋਂ ਜ਼ਮੀਨ ਗਹਿਣੇ ਰੱਖਣੀ ਪਈ
ਜ਼ਮੀਨ ਗਹਿਣੇ ਰੱਖ ਕੇ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਤੋਂ ਬੀ.ਐੱਡ. ਕੀਤੀ। ਬੀ.ਐੱਡ. ਕਰਕੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਨਾਲੋ ਨਾਲ ਮਜ਼ਦੂਰੀ ਵੀ ਕਰਦਾ ਰਿਹਾ ਕਿਉਂਕਿ ਮਜ਼ਦੂਰੀ ਰਾਹੀਂ ਉਹ ਪ੍ਰਾਈਵੇਟ ਟੀਚਰ ਨਾਲੋਂ ਤਿੰਨ ਗੁਣਾ ਜਾਂ ਹੋਰ ਵੀ ਵੱਧ ਪੈਸੇ ਕਮਾ ਲੈਂਦਾ ਸੀ। ਉਸ ਦੀ ਮਿਹਨਤ ਅਤੇ ਲਗਨ ਸਦਕਾ ਸਾਲ 2001 ਚੜ੍ਹਦਿਆਂ ਸਾਰ ਹੀ ਉਸ ਨੂੰ ਇੱਕ ਸਕੂਲ ਵਿੱਚ ਸਮਾਜਿਕ ਸਿੱਖਿਆ ਦੇ ਅਧਿਆਪਕ ਵਜੋਂ ਸਰਕਾਰੀ ਨੌਕਰੀ ਮਿਲ ਗਈ। ਦਸ ਸਾਲ ਦੇ ਅੰਦਰ-ਅੰਦਰ ਐੱਮ.ਏ. ਅਤੇ ਨਾਲੋ-ਨਾਲ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕਰ ਲਈ।
ਇਹ ਵੀ ਪੜ੍ਹੋ: ਭਖਦੇ ਮਸਲੇ: ਹੋਰ ਕਿੰਨਾ ਉੱਪਰ ਜਾਵਾਂਗੇ
ਕਿਤਾਬਾਂ ਪੜ੍ਹ ਕੇ ਸਣਾਉਣ ਵਾਲੀ ਪਤਨੀ
ਸਾਡਾ ਇਹ ਨਾਇਕ ਚਟਾਨ ਵਰਗੇ ਇਰਾਦੇ ਦਾ ਮਾਲਕ ਅਤੇ ਡਿੱਗ -ਡਿੱਗ ਕੇ ਉੱਠਣ ਵਾਲਾ ਘੋੜ-ਸਵਾਰ ਸੀ। ਸਾਲ 2009 ਵਿੱਚ ਪੀ.ਸੀ.ਐੱਸ. ਬਣਨ ਲਈ ਪ੍ਰੀਖਿਆ ਦਿੱਤੀ ਪਰ ਬਹੁਤ ਥੋੜ੍ਹੇ ਅੰਕਾਂ ਨਾਲ ਰਹਿ ਗਿਆ। 2013 ਵਿੱਚ ਮੁੜ ਉਹੀ ਪ੍ਰੀਖਿਆ ਦਿੱਤੀ। ਹਾਲਾਂਕਿ ਇੱਕ ਨੰਬਰ ਦੇ ਚੌਥੇ ਹਿੱਸੇ ਨਾਲੋਂ ਵੀ ਘੱਟ ਫਰਕ ਨਾਲ ਰਹਿ ਗਿਆ ਪਰ ਉਸ ਨੇ ਹੌਂਸਲਾ ਨਾ ਛੱਡਿਆ। 25 ਫੀਸਦੀ ਨਿਗਾਹ ਬਚੀ ਹੋਣ ਕਾਰਨ ਪੜ੍ਹਾਈ ਦੌਰਾਨ ਜਦੋਂ ਉਸ ਦੀ ਅੱਖ ਥੱਕ ਜਾਂਦੀ ਤਾਂ ਉਸ ਦੀ ਪਤਨੀ ਉਸ ਨੂੰ ਕਿਤਾਬਾਂ ਪੜ੍ਹ ਕੇ ਸੁਣਾਉਂਦੀ ਤਾਂ ਜੋ ਉਸ ਦੀ ਪੜ੍ਹਾਈ ਜਾਰੀ ਰਹੇ।
ਲੇਖਕ ਦੀ ਤਸਵੀਰ
ਮੁੱਖ ਅਧਿਆਪਕ ਦੀ ਸਰਕਾਰੀ ਨੌਕਰੀ
ਅਜਿਹੇ ਨਿਰੰਤਰ ਸੰਘਰਸ਼ ਦੇ ਚੱਲਦਿਆਂ ਸਾਲ 2014 ਦੌਰਾਨ ਸਰਕਾਰੀ ਹਾਈ ਸਕੂਲ, ਬੀਰਮਪੁਰ (ਹੁਸ਼ਿਆਰਪੁਰ) ਵਿਖੇ ਮੁੱਖ ਅਧਿਆਪਕ ਵਜੋਂ ਨਿਯੁਕਤੀ ਹੋ ਗਈ। ਪੜ੍ਹਾਈ, ਲਗਨ ਅਤੇ ਮਿਹਨਤ ਦਾ ਪੱਲਾ ਨਾ ਛੱਡਿਆ। ਸੀਸੈਟ ਰਾਹੀਂ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਮਿਲ ਗਿਆ। ਸੈਂਤੀ ਸਾਲ ਦੀ ਉਮਰ ਵਿੱਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਦਾ ਪ੍ਰੀ-ਲਿਮਨਰੀ ਵੀ ਕਲੀਅਰ ਨਾ ਹੋਇਆ ਪਰ ਆਖਰਕਾਰ ਸੰਨ 2015 ਵਿੱਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਇਹ ਸਿਰੜੀ ਇਨਸਾਨ ਨਾ ਕੇਵਲ ਇੱਕ ਆਈ.ਏ.ਐੱਸ. ਅਫਸਰ ਬਣਿਆ ਸਗੋਂ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਬਣ ਕੇ ਉੱਭਰਿਆ। ਸਾਡੇ ਇਸ ਨਾਇਕ ਦਾ ਨਾਮ ਹੈ ਯੋਗ ਰਾਜ।
ਅਜਿਹੇ ਵਿਅਕਤੀ ਸਾਡੇ ਸਭ ਲਈ ਸੁਨੇਹਾ ਹਨ ਕਿ ਜੇਕਰ ਆਪਣੀ ਮੰਜ਼ਿਲ ਪਾਉਣ ਦੀ ਧੁਨ ਸਵਾਰ ਰਹੇ, ਮਿਹਨਤ ਅਤੇ ਲਗਨ ਦਾ ਪੱਲਾ ਫੜੀ ਰੱਖਿਆ ਜਾਵੇ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਡਾ. ਸੁਰਿੰਦਰ ਕੁਮਾਰ ਜਿੰਦਲ,
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com