ਮੋਗਾ (ਗੋਪੀ ਰਾਊਕੇ)-ਸਿਹਤ ਅਤੇ ਵੋਟ ਦੇ ਸੰਵਿਧਾਨਕ ਹੱਕ ਦੀ ਜਾਗਰੂਕਤਾ ਲਈ 31 ਮਾਰਚ, 2019 ਨੂੰ ਦਾਣਾ ਮੰਡੀ ਮੋਗਾ ਤੋਂ ਮੈਰਾਥਨ ਦੌਡ਼ ਆਰੰਭ ਹੋਵੇਗੀ। ਇਸ ਦੌਡ਼ ’ਚ ਭਾਗੀਦਾਰ ਬਣਨ ਲਈ ਦਫਤਰ ਜ਼ਿਲਾ ਖੇਡ ਅਫਸਰ ਮੋਗਾ ਵਿਖੇ ਕੋਈ ਵੀ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਮੌਕੇ ’ਤੇ ਵੀ ਇਹ ਰਜਿਸਟ੍ਰੇਸ਼ਨ ਆਨ-ਲਾਈਨ ਕਰਵਾਈ ਜਾ ਸਕਦੀ ਹੈ, ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਮੋਗਾ ਮੈਰਾਥਨ ਦੌਡ਼ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ’ਚ ਜ਼ਿਲੇ ਦੇ ਅੰਤਰਰਾਸ਼ਟਰੀ ਪ੍ਰਸਿੱਧ ਤੇਜਿੰਦਰਪਾਲ ਸਿੰਘ ਤੂਰ ਸ਼ਾਟਪੁਟ ਸੋਨ ਤਮਗਾ ਜੇਤੂ, ਰਣਦੀਪ ਕੌਰ ਕਬੱਡੀ ’ਚ ਸਿਲਵਰ ਤਮਗਾ ਜੇਤੂ ਅਤੇ ਭਗਵਾਨ ਸਿੰਘ ਰੋਇੰਗ ’ਚ ਕਾਂਸੇ ਦਾ ਤਮਗਾ ਜੇਤੂ ਖਿਡਾਰੀਆਂ ਸਮੇਤ ਲਗਭਗ 2,000 ਵਿਅਕਤੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲੇ ਦੀ ਧੀ ਅਰਜਨਾ ਐਵਾਰਡੀ ਅਤੇ ਉੱਘੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਵੱਲੋਂ ਵੀਡੀਓ ਰਾਹੀ ਇਸ ਮੈਰਾਥਨ ਦੌਡ਼ ’ਚ ਲੋਕਾਂ ਨੂੰ ਵੱਧ ਚਡ਼੍ਹ ਕੇ ਭਾਗ ਲੈਣ ਦੀ ਵੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੈਰਾਥਨ ਦੌਡ਼ ਲਗਭਗ ਸਵੇਰੇ 7 ਵਜੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ, ਜੋ ਕਿ ਔਰਤਾਂ ਤੇ ਮਰਦਾਂ ਲਈ ਦੋ ਕੈਟਾਗਰੀ ’ਚ 5 ਅਤੇ 10 ਕਿਲੋਮੀਟਰ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਦੌਡ਼ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਦੀ ਲਰਨਿੰਗ ਫੀਲਡ ਸਕੂਲ ਘੱਲ ਕਲਾਂ ਵਿਖੇ ਸਮਾਪਤ ਹੋਵੇਗੀ। ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਅਤੇ ਮੈਡਲ ਤੇ ਸਰਟੀਫਿਕੇਟਾਂ ਨਾਲ ਸਨਮਾਨਤ ਕੀਤਾ ਜਾਵੇਗਾ। ਅਨੀਤਾ ਦਰਸ਼ੀ ਨੇ ਦੱਸਿਆ ਕਿ ਇਹ ਦੌਡ਼ ਸਰੀਰਕ ਤੰਦਰੁਸਤੀ ਦੇ ਨਾਲ ਸਵੀਪ ਪ੍ਰੋਗਰਾਮ ਨੂੰ ਵੀ ਸਮਰਪਿਤ ਹੋਵੇਗੀ ਅਤੇ ਲੋਕਾਂ ਨੂੰ ਟੀ-ਸ਼ਰਟਾਂ ਤੇ ਨਾਅਰਿਆਂ ਰਾਹੀਂ ਵੋਟ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਤਾਂ ਜੋ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਹਰ ਯੋਗ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਆਪਣੇ ਮਨਪਸੰਦ ਉਮੀਦਵਾਰ ਦੀ ਚੋਣ ਕਰ ਸਕੇ। ਇਸ ਮੌਕੇ ਐੱਸ. ਡੀ. ਅੈੱਮ. ਮੋਗਾ ਗੁਰਵਿੰਦਰ ਸਿੰਘ ਜੌਹਲ, ਐੱਸ. ਡੀ. ਐੱਮ. ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਲਾਲ ਵਿਸਵਾਸ਼ ਬੈਂਸ, ਐੱਸ. ਪੀ. (ਹੈੱਡ) ਰਤਨ ਸਿੰਘ ਬਰਾਡ਼, ਜ਼ਿਲਾ ਖੇਡ ਅਫਸਰ ਬਲਵੰਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਦੀਸ਼ ਸਿੰਘ ਰਾਹੀ, ਡਿਪਟੀ ਡੀ. ਈ. ਓ. (ਐ) ਜਸਪਾਲ ਸਿੰਘ ਔਲਖ, ਡਾ. ਅਰਵਿੰਦਰਪਾਲ ਸਿੰਘ, ਸਹਾਇਕ ਸਿੱਖਿਆ ਅਫਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਸਰਕਾਰੀ ਦਫਤਰਾਂ ’ਚ ਬਾਬਾ ਸਾਹਿਬ ਦੀ ਤਸਵੀਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
NEXT STORY