ਪਟਿਆਲਾ (ਰਾਜੇਸ਼) - ਸ਼ਾਹੀ ਸ਼ਹਿਰ ਪਟਿਆਲਾ ਦੇ ਨਗਰ ਨਿਗਮ ਦੀ 17 ਦਸੰਬਰ ਨੂੰ ਚੋਣ ਹੋਣ ਜਾ ਰਹੀ ਹੈ। ਬੇਸ਼ੱਕ ਪਟਿਆਲਾ ਨਗਰ ਨਿਗਮ 1997 ਵਿਚ ਹੋਂਦ ਵਿਚ ਆ ਗਿਆ ਸੀ ਪਰ ਇਸ ਦੀ ਪਹਿਲੀ ਚੋਣ 2002 ਵਿਚ ਹੋਈ। ਨਗਰ ਨਿਗਮ ਬਣਨ ਤੋਂ ਬਾਅਦ ਪੰਜਾਬ ਸਰਕਾਰ ਨੇ ਮਹਿੰਦਰਾ ਕਾਲਜ ਦੇ ਨੇੜੇ ਨਗਰ ਨਿਗਮ ਦੀ ਨਵੀਂ ਆਲੀਸ਼ਾਨ ਬਿਲਡਿੰਗ ਬਣਾਈ ਸੀ ਜਦੋਂ ਕਿ ਧਰਮਪੁਰਾ ਬਾਜ਼ਾਰ ਸਥਿਤ ਜਿਸ ਬਿਲਡਿੰਗ ਵਿਚ ਕਈ ਦਹਾਕੇ ਨਗਰ ਨਿਗਮ ਦਾ ਦਫ਼ਤਰ ਰਿਹਾ, ਉਸ ਬਿਲਡਿੰਗ ਨੂੰ ਹੁਣ ਗ੍ਰਹਿਣ ਲੱਗ ਗਿਆ ਹੈ। 2 ਅਗਸਤ, 2000 ਨੂੰ ਨਗਰ ਨਿਗਮ ਦੀ ਮੌਜੂਦਾ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ 30 ਅਪ੍ਰੈੈਲ, 2001 ਨੂੰ ਇਹ ਬਿਲਡਿੰਗ ਬਣ ਕੇ ਮੁਕੰਮਲ ਹੋ ਗਈ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦਾ ਦਫ਼ਤਰ ਨਵੀਂ ਬਿਲਡਿੰਗ ਵਿਚ ਸ਼ਿਫਟ ਹੋ ਗਿਆ ਸੀ। ਨਗਰ ਨਿਗਮ ਨੇ ਆਪਣੀ ਧਰਮਪੁਰਾ ਬਾਜ਼ਾਰ ਸਥਿਤ ਪੁਰਾਣੀ ਬਿਲਡਿੰਗ ਇੰਪਰੂਵਮੈਂਟ ਟਰੱਸਟ ਨੂੰ ਵੇਚ ਦਿੱਤੀ ਸੀ।
ਇੰਪਰੂਵਮੈਂਟ ਟਰੱਸਟ ਨੇ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਸਾਲ 2005 ਵਿਚ ਇਥੇ ਟਰੱਸਟ ਵਲੋਂ ਕਮਰਸ਼ੀਅਲ ਬਹੁ-ਮੰਜ਼ਿਲਾ ਬਿਲਡਿੰਗ ਮਿਡ ਟਾਊੂਨ ਪਲਾਜ਼ਾ ਦੀ ਸ਼ਾਨਦਾਰ ਬਿਲਡਿੰਗ ਬਣਾ ਦਿੱਤੀ ਸੀ। ਇਸ ਦੇ ਨਿਰਮਾਣ 'ਤੇ ਟਰੱਸਟ ਨੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਸਨ। ਬਿਲਡਿੰਗ ਬਣੇ ਨੂੰ 12 ਸਾਲ ਬੀਤ ਗਏ ਹਨ। ਸਾਲ 2005 ਵਿਚ ਜਦੋਂ ਬਿਲਡਿੰਗ ਮੁਕੰਮਲ ਹੋਈ ਸੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਦਾ ਉੁਦਘਾਟਨ ਕੀਤਾ ਸੀ। 12 ਸਾਲ ਲੰਘਣ ਦੇ ਬਾਵਜੂਦ ਵੀ ਇਹ ਬਿਲਡਿੰਗ ਚਿੱਟਾ ਹਾਥੀ ਬਣੀ ਹੋਈ ਹੈ। ਇੰਪਰੂਵਮੈਂਟ ਟਰੱਸਟ ਵਲੋਂ ਦਰਜਨਾਂ ਵਾਰ ਇਸ ਦੀ ਖੁੱਲ੍ਹੀ ਨੀਲਾਮੀ ਰੱਖੀ ਗਈ ਪਰ ਇਹ ਬਿਲਡਿੰਗ ਨਹੀਂ ਵਿਕੀ, ਜਿਸ ਕਰ ਕੇ ਇਸ ਬਾਜ਼ਾਰ ਦੇ ਲੋਕ ਕਹਿਣ ਲੱਗ ਪਏ ਹਨ ਕਿ ਨਗਰ ਨਿਗਮ ਦਾ ਦਫ਼ਤਰ ਸ਼ਿਫਟ ਹੋਣ ਤੋਂ ਬਾਅਦ ਇਸ ਬਿਲਡਿੰਗ ਨੂੰ ਗ੍ਰਹਿਣ ਲੱਗ ਗਿਆ ਹੈ। ਅਤਿ ਆਧੁਨਿਕ ਆਲੀਸ਼ਾਨ ਬਿਲਡਿੰਗ ਬਣਨ ਦੇ ਬਾਵਜੂਦ ਵੀ ਇਹ ਬਿਲਡਿੰਗ ਚਿੱਟਾ ਹਾਥੀ ਬਣੀ ਹੋਈ ਹੈ ਜਦੋਂ ਕਿ ਕਈ ਦਹਾਕਿਆਂ ਤੱਕ ਇਸ ਵਿਚ ਪਟਿਆਲਾ ਨਗਰ ਪਾਲਿਕਾ ਅਤੇ ਫਿਰ ਪਟਿਆਲਾ ਨਗਰ ਨਿਗਮ ਦਾ ਦਫ਼ਤਰ ਰਿਹਾ।
ਜਦੋਂ ਤੱਕ ਇਥੇ ਨਗਰ ਨਿਗਮ ਦਾ ਦਫ਼ਤਰ ਰਿਹਾ, ਇਸ ਬਿਲਡਿੰਗ ਵਿਚ ਰੌਣਕਾਂ ਲੱਗੀਆਂ ਰਹੀਆਂ ਕਿਉਂਕਿ ਸਮੁੱਚਾ ਸ਼ਹਿਰ ਇਸ ਬਿਲਡਿੰਗ ਤੋਂ ਹੀ ਚੱਲਦਾ ਸੀ। ਉਸ ਸਮੇਂ ਬਿਲਡਿੰਗ ਦੀ ਹਾਲਤ ਬਿਲਕੁਲ ਖਸਤਾ ਸੀ ਪਰ ਇਸ ਦੇ ਬਾਵਜੂਦ ਵੀ ਬਿਲਡਿੰਗ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ।
ਨਗਰ ਨਿਗਮ ਦੀ ਇਸ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਨਵੀਂ ਅਤਿ ਆਧੁਨਿਕ ਬਿਲਡਿੰਗ ਬਣਾ ਦਿੱਤੀ ਗਈ ਹੈ ਫਿਰ ਵੀ ਇਸ ਬਿਲਡਿੰਗ ਵਿਚੋਂ ਰੌਣਕਾਂ ਗਾਇਬ ਹਨ ਅਤੇ ਬਿਲਡਿੰਗ ਦੇ ਨਿਰਮਾਣ ਤੋਂ ਹੀ ਇਸ ਨੂੰ ਤਾਲੇ ਲੱਗੇ ਹੋਏ ਹਨ। ਅੱਜ ਤੱਕ ਇਕ ਵੀ ਸ਼ੋਅ ਰੂਮ ਇਥੇ ਸ਼ੁਰੂ ਨਹੀਂ ਹੋਇਆ।
ਆਰ. ਐੱਸ. ਐੱਸ. ਫਾਈਰਿੰਗ ਕੇਸ 'ਚ ਜੌਹਲ ਨਾਮਜ਼ਦ
NEXT STORY