ਅੰਮ੍ਰਿਤਸਰ, (ਬਿਊਰੋ)- ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਜ਼ਿਲੇ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਜ਼ਿਲਾ ਵਿਕਾਸ ਤਾਲਮੇਲ ਅਤੇ ਮੁਲਾਂਕਣ ਕਮੇਟੀ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਲਾਲਚ ਦੇ ਮਿਲਣਾ ਚਾਹੀਦਾ ਹੈ ਤੇ ਇਸ ਵਿਚ ਪਾਰਟੀਬਾਜ਼ੀ ਅੜਿੱਕਾ ਨਹੀਂ ਬਣਨੀ ਚਾਹੀਦੀ। ਉਨ੍ਹਾਂ ਮੀਟਿੰਗ 'ਚ ਹਾਜ਼ਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਇਕ ਟੀਮ ਬਣ ਕੇ ਕੰਮ ਕਰਨ ਤਾਂ ਜੋ ਸ਼ਹਿਰ ਦੇ ਵਿਕਾਸ ਲਈ ਕਰਵਾਏ ਜਾਣ ਵਾਲੇ ਸਾਰੇ ਕੰਮ ਯੋਜਨਾਬੱਧ ਢੰਗ ਨਾਲ ਨੇਪਰੇ ਚੜ੍ਹ ਸਕਣ। ਉਨ੍ਹਾਂ ਇਸ ਤੋਂ ਇਲਾਵਾ ਸਰਹੱਦੀ ਏਰੀਏ ਦੀਆਂ ਸੜਕਾਂ 'ਤੇ ਬਣੇ ਪੁਲ ਚੌੜੇ ਕਰਨ, ਉਨ੍ਹਾਂ ਦੇ ਕਿਨਾਰਿਆਂ 'ਤੇ ਰੇਲਿੰਗ ਲਾਉਣ, ਬਾਈਪਾਸ 'ਤੇ ਬਣ ਰਹੇ ਪੁਲਾਂ ਨੂੰ ਖੁੱਲ੍ਹੇ ਅਤੇ ਉੱਚੇ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।
ਸ. ਔਜਲਾ ਨੇ ਕਿਹਾ ਕਿ ਲੋਕਾਂ ਨੂੰ ਪੈਨਸ਼ਨ ਆਦਿ ਸਹੂਲਤਾਂ ਦੇਣ ਲਈ ਪ੍ਰਾਪਤ ਕੀਤੇ ਜਾਣ ਵਾਲੇ ਦਸਤਾਵੇਜ਼ ਹਲਕਾ ਪੱਧਰ 'ਤੇ ਕੈਂਪ ਲਾ ਕੇ ਬਣਾਏ ਜਾਣ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਬਿਨਾਂ ਖੱਜਲ-ਖੁਆਰ ਹੋਏ ਲੈ ਸਕਣ। ਉਨ੍ਹਾਂ ਇਸ ਤੋਂ ਇਲਾਵਾ ਜਾਇਕਾ ਪ੍ਰਾਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਵਿਚ ਸੀਵਰੇਜ ਸਬੰਧੀ ਕੰਮ 'ਤੇ ਨਾ ਖੁਸ਼ੀ ਪ੍ਰਗਟ ਕਰਦਿਆਂ ਇਸ ਦੀ ਜਾਂਚ ਕਰਵਾਉਣ ਦੀ ਸਿਫਾਰਸ਼ ਵੀ ਕੀਤੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੀਵਰੇਜ ਅਤੇ ਸੜਕਾਂ ਦੇ ਕੰਮ ਨੂੰ ਬਿਨਾਂ ਵਜ੍ਹਾ ਲਟਕਾਉਣ ਨਾ ਤੇ ਇਸ ਨੂੰ ਛੇਤੀ ਪੂਰਾ ਕਰਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਨੇੜ ਭਵਿੱਖ ਵਿਚ ਸਮਾਰਟ ਸਿਟੀ ਬਣਾਇਆ ਜਾਣਾ ਹੈ, ਇਸ ਲਈ ਸਬੰਧਤ ਵਿਭਾਗ ਲਗਾਤਾਰ ਤਾਲਮੇਲ ਰੱਖਦੇ ਹੋਏ ਸਰਕਾਰੀ ਕੰਮਾਂ ਨੂੰ ਨਿਰਵਿਘਨ ਚਲਾਉਣ।
ਇਸ ਮੌਕੇ ਹਾਜ਼ਰ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਨੇ ਆਪਣੇ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੇ ਨਾ ਪੀਣ ਯੋਗ ਹੋਣ ਦੀ ਗੱਲ ਕਰਦਿਆਂ ਪਿੰਡਾਂ ਵਿਚ ਡੂੰਘੇ ਪਾਣੀ ਦੀਆਂ ਟੈਂਕੀਆਂ ਬਣਾਉਣ ਤੇ ਪੁੱਟੀਆਂ ਹੋਈਆਂ ਸੜਕਾਂ ਨੂੰ ਛੇਤੀ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ। ਮੀਟਿੰਗ 'ਚ ਸ. ਔਜਲਾ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ, ਹਿਰਦੈ ਪ੍ਰਾਜੈਕਟ, ਬੀ. ਆਰ. ਟੀ. ਐੱਸ., ਪ੍ਰਧਾਨ ਮੰਤਰੀ ਉਜਵਲ ਯੋਜਨਾ, ਉਦੈ ਯੋਜਨਾ, ਆਸ਼ੀਰਵਾਦ ਸਕੀਮ ਅਤੇ ਅਨੁਸੂਚਿਤ ਜਾਤੀਆਂ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦੇ ਵੇਰਵੇ ਸਬੰਧਤ ਅਧਿਕਾਰੀਆਂ ਕੋਲੋਂ ਲਏ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਸਕੀਮਾਂ ਦੀ ਪੂਰਤੀ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਰਾਬਤਾ ਰੱਖਣ ਅਤੇ ਉਨ੍ਹਾਂ ਨੂੰ ਇਸ ਬਾਰੇ ਸਮੇਂ-ਸਮੇਂ 'ਤੇ ਜਾਣੂ ਕਰਵਾਉਂਦੇ ਰਹਿਣ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮੀਟਿੰਗ ਦੀ ਸਾਰੀ ਕਾਰਵਾਈ ਬੜੇ ਸੁਚੱਜੇ ਢੰਗ ਨਾਲ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਾਰਪੋਰੇਸ਼ਨ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਮਾਰਟ ਸਿਟੀ ਪ੍ਰਾਜੈਕਟ ਦੇ ਇੰਚਾਰਜ ਸ਼੍ਰੀਮਤੀ ਦੀਪਤੀ ਉੱਪਲ, ਡੀ. ਸੀ. ਪੀ. ਹੈੱਡਕੁਆਰਟਰ ਜਗਜੀਤ ਸਿੰਘ ਵਾਲੀਆ, ਜੁਆਇੰਟ ਕਮਿਸ਼ਨਰ ਸੌਰਵ ਅਰੋੜਾ ਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸੋਢਲ ਫਾਟਕ 'ਤੇ ਨੌਜਵਾਨ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਖੁਦਕੁਸ਼ੀ
NEXT STORY