ਨਵੀਂ ਦਿੱਲੀ—ਲੋਕਤੰਤਰ ਦੇ ਮਹਾਉਤਸਵ ਦਾ ਆਖਰੀ ਪੜਾਅ ਚਲ ਰਿਹਾ ਹੈ। 7ਵੇਂ ਪੜਾਅ ਤਹਿਤ 8 ਰਾਜਾਂ ਦੇ 59 ਲੋਕ ਸਭਾ ਖੇਤਰਾਂ 'ਚ ਵੋਟਿੰਗ ਹੋਵੇਗੀ। ਹੁਣ ਤਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਕੱਛ ਤੋਂ ਕੋਹਿਮਾ ਤਕ ਹਰ ਕੋਨੇ 'ਚ ਚੋਣ ਪ੍ਰਚਾਰ ਕਰ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਭਾਵੀ ਯੋਜਨਾਵਾਂ ਸਬੰਧੀ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਦੇ ਨੈਸ਼ਨਲ ਬਿਊਰੋ ਦੇ ਨਾਲ ਖਾਸ ਗੱਲਬਾਤ ਕੀਤੀ।
ਚੋਣਾਂ ਲਗਭਗ ਖਤਮ ਹੋਣ ਵਾਲੀਆਂ ਹਨ, ਤੁਸੀਂ ਭਾਜਪਾ ਨੂੰ ਕਿਸ ਜਗ੍ਹਾ ਵੇਖ ਰਹੇ ਹੋ?
ਵਿਕਾਸ ਅਤੇ ਵਿਸ਼ਵਾਸ ਮੈਂ ਲੋਕਾਂ ਦੀਆਂ ਅੱਖਾਂ 'ਚ ਵੇਖ ਰਿਹਾ ਹਾਂ। ਚੋਣਾਂ ਦੇ 6 ਪੜਾਅ ਹੋ ਚੁੱਕੇ ਹਨ ਅਤੇ ਇਸ ਵਿਚਕਾਰ ਮੈਂ ਰੋਜ਼ਾਨਾ 3-4 ਰੈਲੀਆਂ ਕੀਤੀਆਂ ਹਨ, ਕਈ ਜਨਸਭਾਵਾਂ ਕੀਤੀਆਂ, ਹਰ ਸੂਬੇ 'ਚ ਗਿਆ। ਕੱਛ ਤੋਂ ਕੋਹਿਮਾ ਤਕ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਹਰ ਥਾਂ ਲੋਕਾਂ ਦੀਆਂ ਅੱਖਾਂ 'ਚ ਵਿਕਾਸ ਅਤੇ ਵਿਸ਼ਵਾਸ ਵੇਖਿਆ ਹੈ। ਲੋਕਾਂ ਨੂੰ ਸਮਝ ਆ ਚੁੱਕਾ ਹੈ ਕਿ ਇਹ ਉਨ੍ਹਾ ਦਾ ਸਮਾਂ ਹੈ, ਇਹ 21ਵੀਂ ਸਦੀ ਦੇ ਨਵੇਂ ਭਾਰਤ ਦਾ ਸਮਾਂ ਹੈ। ਭਾਜਪਾ ਦੀ ਵਿਕਾਸਵਾਦੀ ਰਾਜਨੀਤੀ, ਦੇਸ਼ਹਿਤ ਦੀ ਰਾਜਨੀਤੀ 'ਚ ਜਨਤਾ ਦਾ ਭਰੋਸਾ ਕਰਦੀ ਹੈ, ਵਿਕਾਸ 'ਚ ਭਰੋਸਾ ਕਰਦੀ ਹੈ। ਦੇਸ਼ ਬੋਲ ਰਿਹਾ ਹੈ ਕਿ ਭਾਜਪਾ-ਐੱਨ.ਡੀ.ਏ. ਸਰਕਾਰ ਹੀ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਈਮਾਨਦਾਰ ਨੀਅਤ ਰੱਖਦੀ ਹੈ, ਪੂਰੀਆਂ ਕੋਸ਼ਿਸ਼ਾਂ ਕਰਦੀ ਹੈ, ਇਸ ਲਈ ਅਸੀਂ ਭਾਜਪਾ ਨੂੰ ਲੋਕਾਂ ਦੇ ਦਿਲਾਂ 'ਚ ਵੇਖਦੇ ਹਾਂ।
2014 ਦੇ ਮੁਕਾਬਲੇ 2019 ਦੀ ਚੋਣ ਕਿੰਨੀ ਮੁਸ਼ਕਲ ਹੈ?
ਤੁਸੀਂ ਚੋਣਾਂ ਨੂੰ ਮੁਸ਼ਕਲ ਕਿਉਂ ਕਹਿ ਰਹੇ ਹੋ? ਚੋਣਾਂ ਤਾਂ ਲੋਕਤੰਤਰ ਮਹਾਉਤਸਵ ਹੁੰਦਾ ਹੈ ਅਤੇ ਕੋਈ ਵੀ ਉਤਸਵ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ। ਮੈਂ ਹਮੇਸ਼ਾ ਆਪਣੇ ਯੁਵਾ ਦੋਸਤਾਂ ਨੂੰ ਕਹਿੰਦਾ ਹਾਂ ਕਿ ਐਗਜ਼ਾਮ ਨੂੰ ਫੈਸਟੀਵਲ ਵਾਂਗ ਲੈਣਾ ਚਾਹੀਦਾ ਹੈ ਅਤੇ ਉਂਝ ਵੀ ਚੋਣਾਂ ਇਕ ਮਹਾਉਤਸਵ ਹੀ ਹੈ। ਜੇਕਰ ਵਿਦਿਆਰਥੀ ਨੇ ਸਾਲ ਭਰ ਪੜ੍ਹਾਈ ਕੀਤੀ ਹੈ ਤਾਂ ਜਿਸ ਤਰ੍ਹਾਂ ਉਹ ਕਾਨਫੀਡੈਂਟ ਹੁੰਦਾ ਹੈ, ਉਸੇ ਤਰ੍ਹਾਂ ਹੀ 5 ਸਾਲ ਅਸੀਂ ਵੀ ਕੰਮ ਕੀਤਾ ਹੈ, ਜਨਤਾ ਵਿਚਕਾਰ ਰਹਿ ਕੇ ਉਨ੍ਹਾਂ ਦੇ ਜੀਵਨ ਲਈ, ਦੇਸ਼ ਦੇ ਸਨਮਾਨ ਲਈ, ਸਾਰੇ ਜ਼ਰੂਰੀ ਕਦਮ ਚੁੱਕੇ ਹਨ।
ਹਰ ਚੋਣ ਸਮੇਂ ਹਾਲਾਤ-ਮਾਹੌਲ ਵੱਖਰੇ ਹੁੰਦੇ ਹਨ। ਫਿਰ ਵੀ ਅਸੀਂ ਥੋੜ੍ਹੀ ਬਹੁਤ ਤੁਲਨਾ ਤਾਂ ਕਰ ਹੀ ਸਕਦੇ ਹਾਂ। 2019 ਦੀਆਂ ਚੋਣਾਂ 'ਚ ਸਾਨੂੰ ਇਕ-ਦੋ ਲਾਭ ਜ਼ਰੂਰ ਮਿਲੇ ਹਨ 2014 ਦੀ ਤੁਲਨਾ 'ਚ। 2014 'ਚ ਮੈਂ ਇਕ ਸੂਬੇ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਿਹਾ ਸੀ। ਪਹਿਲਾਂ ਲੋਕ ਮੈਨੂੰ ਸਿਰਫ ਜਾਣਦੇ ਸਨ ਪਰ ਹੁਣ ਨੇੜਿਓਂ ਪਹਿਚਾਣਨ ਲੱਗੇ ਹਨ। ਮੋਦੀ ਦੀ ਨੀਤੀ, ਰਾਜਨੀਤੀ, ਫੈਸਲੇ, ਸਭ ਲੋਕਾਂ ਨੇ ਬਾਰੀਕੀ ਨਾਲ ਵੇਖੇ ਹਨ। 5 ਸਾਲਾਂ ਦੌਰਾਨ ਲੋਕਾਂ ਨੇ ਮੇਰੀ ਕਾਰਜਸ਼ੈਲੀ, ਤਰਜੀਹਾਂ, ਕਾਰਜ ਸਮਰੱਥਾ ਨੂੰ ਵੇਖਿਆ ਹੈ। ਇਸ ਲਈ ਮੈਂ ਕਹਾਗਾਂ ਕਿ 5 ਸਾਲਾਂ 'ਚ ਲੋਕ ਮੋਦੀ ਨੂੰ ਹੋਰ ਵੀ ਨੇੜਿਓਂ ਜਾਣ ਸਕੇ ਹਨ।
ਰਹੀ ਗੱਲ ਚੋਣਾਂ ਦੀ, ਅਸੀਂ ਪਰਫਾਰਮੈਂਸ ਦੇ ਆਧਾਰ 'ਤੇ ਚੋਣ ਲੜ ਰਹੇ ਹਾਂ ਅਤੇ ਵਿਕਾਸ ਦੇ ਆਧਾਰ 'ਤੇ ਚੋਣਾਂ ਨੇ ਦੇਸ਼ 'ਚ ਨਵਾਂ ਆਤਮਵਿਸ਼ਵਾਸ ਪੈਦਾ ਕੀਤਾ ਹੈ ਅਤੇ ਇਹ ਤਜਰਬਾ ਸੱਚਮੁੱਚ ਨਵਾਂ ਹੈ। 2014 ਅਤੇ 2019 ਚੋਣਾਂ ਦੇ ਵਿਚਕਾਰ ਇਕ ਅੰਤਰ ਹੈ। 2014 'ਚ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਜਗਾਇਆ ਸੀ, 2019 'ਚ ਉਨ੍ਹਾਂ ਉਮੀਦਾਂ-ਲੋੜਾਂ ਨੂੰ ਪੂਰਾ ਕਰ ਕੇ ਨਵੀਆਂ ਆਸਾਂ ਨੂੰ ਜਗਾ ਕੇ ਉਨ੍ਹਾਂ ਨੂੰ ਪੂਰਾ ਕਰਨ ਵਲ ਵੱਧ ਰਹੇ ਹਾਂ।
ਇਸ ਚੋਣ ਦਾ ਨੈਰੇਟਿਵ ਕੀ ਹੈ?
ਕਾਂਗਰਸ ਅਤੇ ਮਹਾਮਿਲਾਵਟ ਦਾ ਨੈਰੇਟਿਵ ਹੈ 'ਹੋਇਆ ਤਾਂ ਹੋਇਆ', ਪਰ ਸਾਡਾ ਨੈਰੇਟਿਵ ਹੈ 'ਹੁਣ ਬਹੁਤ ਹੋਇਆ'। ਕਾਂਗਰਸ ਸਮੇਤ ਪੂਰੀ ਵਿਰੋਧੀ ਧਿਰ ਮਾਨਸਿਕਤਾ ਦਾ ਨੈਰੇਟਿਵ ਹੈ 'ਸਬ ਚਲਤਾ ਹੈ', ਪਰ ਸਾਡਾ ਨੈਰੇਟਿਵ ਹੈ 'ਨਾਮੁਮਕਿਨ ਹੁਣ ਮੁਮਕਿਨ ਹੈ'। ਇਸ ਲਈ, ਇਸ ਚੋਣ ਦਾ ਮੁੱਖ ਨੈਰੇਟਿਵ ਦੇਸ਼ ਦੇ ਮੌਜੂਦਾ ਤੇ ਭਵਿੱਖ, ਦੋਵਾਂ ਨੂੰ ਬਦਲ ਸਕਣ ਵਾਲਾ ਵਿਕਾਸ ਹੈ, ਤੇਜ਼ ਰਫਤਾਰ ਨਾਲ ਵਿਕਾਸ ਅਤੇ ਹਰ ਕਿਸੇ ਦੇ ਜੀਵਨ ਨੂੰ ਛੂਹ ਲੈਣ ਵਾਲਾ ਵਿਕਾਸ।
ਸਾਡੀਆਂ ਯੋਜਨਾਵਾਂ 'ਤੇ ਨਜ਼ਰ ਮਾਰੋਗੇ ਤਾਂ ਸਾਡਾ ਨੈਰੇਟਿਵ ਸਾਫ ਦਿਖਾਈ ਦਿੰਦਾ ਹੈ।
ਗਰੀਬਾਂ ਲਈ ਜਨ-ਧਨ ਯੋਜਨਾ ਨਾਲ ਕਰੋੜਾਂ ਬੈਂਕ ਅਕਾਊਂਟ, ਪੀ.ਐੱਮ. ਆਵਾਸ ਯੋਜਨਾ ਨਾਲ ਉਨ੍ਹਾਂ ਲਈ ਡੇਢ ਕਰੋੜ ਘਰ, ਹਰ ਘਰ 'ਚ ਬਿਜਲੀ ਪਹੁੰਚਾਉਣ ਦੀ ਸੌਭਾਗਿਆ ਯੋਜਨਾ, 50 ਕਰੋੜ ਗਰੀਬਾਂ ਨੂੰ 5 ਲੱਖ ਤਕ ਮੁਫ਼ਤ ਇਲਾਜ ਲਈ ਆਯੁਸ਼ਮਾਨ ਭਾਰਤ। ਮਹਿਲਾਵਾਂ ਲਈ 7 ਕਰੋੜ ਮੁਫ਼ਤ ਗੈਸ ਕੁਨੈਕਸ਼ਨ ਉਜਵਲਾ ਯੋਜਨਾ ਰਾਹੀਂ, ਸੰਪੂਰਨ ਟੀਕਾਕਰਨ ਲਈ ਇੰਦਰ ਧਨੁਸ਼ ਯੋਜਨਾ, ਮਾਤ੍ਰ ਵੰਦਨਾ ਯੋਜਨਾ ਅਤੇ ਪੋਸ਼ਣ ਮੁਹਿੰਮ ਨਾਲ ਮਾਤਾਵਾਂ ਤੇ ਬੱਚਿਆਂ ਲਈ ਪੋਸ਼ਣ,
ਇਸ ਦੇ ਇਲਾਵਾ ਵੀ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ 'ਚ ਕਈ ਯੋਜਨਾਵਾਂ।
ਫਿਰ ਬੀਜ ਤੋਂ ਬਾਜ਼ਾਰ ਤਕ ਸੁਧਾਰ, 19 ਕਰੋੜ ਸੋਇਲ ਹੈਲਥ ਕਾਰਡ, ਸਿੰਚਾਈ ਦੀ ਵਿਵਸਥਾ, ਡੇਢ ਗੁਣਾ ਐੱਮ.ਐੱਸ.ਪੀ., ਪੀ.ਐੱਮ. ਕਿਸਾਨ ਸਨਮਾਨ ਨਿਧੀ ਤੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ।
ਨੌਜਵਾਨਾਂ ਨੂੰ ਸਟਾਰਟਅਪ ਇੰਡੀਆ ਅਤੇ ਮੁਦਰਾ ਯੋਜਨਾ ਤੋਂ ਜਾਬ ਸੀਕਰ ਤੋਂ ਜਾਬ ਕ੍ਰਿਏਟਰ ਬਣਾਉਣਾ, ਸਕਿੱਲ ਇੰਡੀਆ ਦੇ ਜ਼ਰੀਏ ਹੁਨਰ ਨੂੰ ਵਧਾਉਣਾ, ਮਿਡਲ ਕਲਾਸ ਲਈ 5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਟੈਕਸ ਰਿਲੀਫ, ਰੇਰਾ, ਸਟੇਂਟ ਅਤੇ ਨੀ-ਇੰਪਲਾਂਟਸ ਦੀਆਂ ਕੀਮਤਾਂ 'ਚ ਕਮੀ।
ਅਜਿਹੇ ਹਰ ਵਰਗ ਲਈ ਜੋ ਵਿਲੱਖਣ ਕੰਮ ਹੋਏ ਹਨ, ਮੈਂ ਗਿਣਾਉਂਦਾ ਹੀ ਜਾ ਸਕਦਾ ਹਾਂ। ਤਾਂ ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਦੇਸ਼ 'ਚ ਖੁੱਡੇਲਾਈਨ ਕਰ ਦਿੱਤਾ ਗਿਆ ਸੀ, ਅਸੀਂ ਉਨ੍ਹਾਂ ਨੂੰ ਵਿਕਾਸ ਦੀ ਮੁੱਖ ਧਾਰਾ 'ਚ ਲਿਆ ਦਿੱਤਾ ਹੈ। ਇਨ੍ਹਾਂ ਹੀ ਕੰਮਾਂ ਨੇ ਤਾਂ ਨੈਰੇਟਿਵ ਸੈੱਟ ਕੀਤਾ ਹੈ ਸਾਡੇ ਲਈ। ਲੋਕਾਂ ਨੂੰ ਯਕੀਨ ਹੈ ਕਿ ਅਗਲੇ ਪੰਜ ਸਾਲ ਇਸੇ ਤਰ੍ਹਾਂ ਅਤੇ ਇਸ ਤੋਂ ਵੀ ਤੇਜ਼ ਰਫਤਾਰ ਨਾਲ ਸਾਡੇ ਭਵਿੱਖ ਨੂੰ ਸੰਵਾਰਿਆ ਜਾਏਗਾ।
ਬੀ.ਜੇ.ਪੀ. ਨੂੰ ਕੁਲ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ। ਐੱਨ.ਡੀ.ਏ. ਮਿਲਾ ਕੇ ਕਿਥੇ ਪਹੁੰਚ ਜਾਏਗਾ ਅੰਕੜਾ?
ਸਾਡਾ ਟੀਚਾ ਹੈ ਸੰਕਲਪ ਨੂੰ ਪੂਰਾ ਕਰਨਾ, ਗਿਣਤੀ ਤਾਂ ਜਨਤਾ ਦਾ ਆਸ਼ੀਰਵਾਦ ਹੈ। ਸਾਡਾ ਸੰਕਲਪ ਵਿਕਾਸ ਦਾ ਸੰਕਲਪ ਹੈ, ਸਾਡਾ ਸੰਕਲਪ ਦੇਸ਼ ਦੀ ਸੁਰੱਖਿਆ ਦਾ ਸੰਕਲਪ ਹੈ, ਸਾਡਾ ਸੰਕਲਪ ਮਹਿਲਾ ਸਸ਼ਕਤੀਕਰਨ ਦਾ ਸੰਕਲਪ ਹੈ, ਸਾਡਾ ਸੰਕਲਪ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਦਾ ਸੰਕਲਪ ਹੈ, ਸਾਡਾ ਸੰਕਲਪ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਾਉਣ ਦਾ ਸੰਕਲਪ ਹੈ, ਸਾਡਾ ਸੰਕਲਪ ਸਵਾਵਲੰਬੀ, ਸਮ੍ਰਿੱਧ ਭਾਰਤ ਦਾ ਸੰਕਲਪ ਹੈ। ਹਾਂ, ਇੰਨਾ ਜ਼ਰੂਰ ਕਹਾਂਗਾ ਕਿ ਭਾਜਪਾ-ਐੱਨ.ਡੀ.ਏ. ਨੂੰ 2019 'ਚ, 2014 ਤੋਂ ਵੀ ਜ਼ਿਆਦਾ ਆਸ਼ੀਰਵਾਦ ਜਨਤਾ ਦੇ ਰਹੀ ਹੈ।
ਇਨ੍ਹਾਂ ਚੋਣਾਂ 'ਚ ਪੱਛਮੀ ਬੰਗਾਲ, ਓਡਿਸ਼ਾ ਅਤੇ ਕੇਰਲ 'ਚ ਭਾਜਪਾ ਦਾ ਜ਼ਿਆਦਾ ਜ਼ੋਰ ਦਿਸਿਆ, ਨਤੀਜਾ ਕੀ ਰਹੇਗਾ?
ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪਹਿਲਾਂ ਭਾਜਪਾ ਨੂੰ ਲੈ ਕੇ ਕਿੰਨੇ ਭ੍ਰਮ ਵਿਰੋਧੀਆਂ ਨੇ ਫੈਲਾਏ ਸਨ ਕਿ ਭਾਜਪਾ ਤਾਂ ਕਿਸੇ ਇਕ ਵਰਗ ਮਾਤਰ ਦੀ ਪਾਰਟੀ ਹੈ, ਕਿਸੇ ਇਕ ਖੇਤਰ ਦੀ ਪਾਰਟੀ ਹੈ ਆਦਿ, ਪਰ ਹੁਣ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ, ਕੱਛ ਤੋਂ ਕੋਹਿਮਾ ਤਕ, ਦੇਸ਼ ਦੇ ਹਰ ਹਿੱਸੇ 'ਚ ਭਾਜਪਾ ਜਨਤਾ ਦਾ ਆਸ਼ੀਰਵਾਰ ਪ੍ਰਾਪਤ ਕਰ ਚੁੱਕੀ ਹੈ ਅਤੇ ਅੱਗੇ ਵੀ ਕਰੇਗੀ। ਓਡਿਸ਼ਾ, ਬੰਗਾਲ, ਕੇਰਲ ਤਿੰਨੇ ਰਾਜਾਂ 'ਚ ਲੋਕ ਭਾਜਪਾ ਨੂੰ ਆਸ ਭਰੀ ਨਜ਼ਰ ਨਾਲ ਵੇਖ ਰਹੇ ਹਨ। ਕੇਰਲ ਦੀ ਗੱਲ ਕਰੀਏ ਤਾਂ ਕੇਰਲ ਯੂ.ਡੀ.ਐੱਫ-ਐੱਲ.ਡੀ.ਐੱਫ. ਵਿਚਕਾਰ ਫਸ ਕੇ ਵਿਕਾਸ ਪਿਸ ਰਿਹਾ ਹੈ। ਯੂ.ਡੀ.ਐੱਫ. ਭ੍ਰਿਸ਼ਟਾਚਾਰ 'ਚ ਸ਼ਾਮਲ ਹੈ ਤਾਂ ਐੱਲ.ਡੀ.ਐੱਫ. ਹਿੰਸਾ 'ਚ ਰੁੱਝਿਆ ਹੈ, ਦੋਵਾਂ ਨੂੰ ਪ੍ਰਦੇਸ਼ ਦੀ ਜਨਤਾ ਨਾਲ ਕੋਈ ਸਰੋਕਾਰ ਨਹੀਂ।
ਪੱਛਮੀ ਬੰਗਾਲ 'ਚ ਸਥਿਤੀ ਅਰਾਜਕ ਹੈ। ਜਿਹੜੇ ਲੋਕ ਨਾਅਰਾ ਲਾਉਂਦੇ ਹਨ ਕਿ ਲੋਕਤੰਤਰ ਖਤਰੇ 'ਚ ਹੈ, ਉਹ ਜ਼ਰਾ ਬੰਗਾਲ 'ਚ ਘੁੰਮ ਕੇ ਵੇਖ ਲੈਣ ਤਾਂ ਪਤਾ ਲੱਗ ਜਾਏਗਾ ਕਿ ਲੋਕਤੰਤਰ ਤੇ ਅਸਲੀ ਖਤਰਾ ਹੁੰਦਾ ਕੀ ਹੈ। ਇਕ ਨਾਅਰਾ ਲਾਉਣ 'ਤੇ ਤੁਹਾਨੂੰ ਜੇਲ ਭੇਜ ਦਿੱਤਾ ਜਾਂਦਾ ਹੈ, ਜੇਕਰ ਤੁਸੀਂ ਭਾਜਪਾ ਦੇ ਵਰਕਰ ਹੋ ਤਾਂ ਕਦੇ ਵੀ ਤੁਹਾਡੇ 'ਤੇ ਹਮਲਾ ਹੋ ਸਕਦਾ ਹੈ। ਹੁਣ ਤਾਂ ਮੀਡੀਆ 'ਤੇ ਵੀ ਹਮਲੇ ਹੋਣ ਲੱਗ ਗਏ। ਓਡਿਸ਼ਾ ਦਾ ਵੀ ਹਾਲ ਮਾੜਾ ਹੈ। ਭ੍ਰਿਸ਼ਟਾਚਾਰ ਆਪਣੇ ਸਿਖਰਾਂ 'ਤੇ ਹੈ, ਵਿਕਾਸ ਦੀ ਰਫਤਾਰ 'ਤੇ ਲੱਗਭਗ ਬ੍ਰੇਕ ਲੱਗ ਚੁੱਕੀ ਹੈ। ਇਨ੍ਹਾਂ ਸੂਬਿਆਂ 'ਚ ਜਨਤਾ ਇਨ੍ਹਾਂ ਦੇ ਕਾਰਨਾਮਿਆਂ ਤੋਂ ਥੱਕ ਚੁੱਕੀ ਹੈ।
ਇਨਫਾਰਮੇਸ਼ਨ ਟੈਕਨਾਲੋਜੀ ਦੇ ਇਸ ਯੁਗ 'ਚ ਕਿਸੇ ਤੋਂ ਕੁਝ ਲੁਕਦਾ ਨਹੀਂ ਹੈ, ਲੋਕਾਂ ਨੇ ਕੇਂਦਰ ਅਤੇ ਦੂਜੇ ਰਾਜਾਂ 'ਚ ਸਾਡੀਆਂ ਸਰਕਾਰਾਂ ਨੂੰ ਵੇਖਿਆ ਹੈ, ਭਾਜਪਾ ਦੇ ਗਵਰਨੈਂਸ ਮਾਡਲ ਨੂੰ ਪਸੰਦ ਕੀਤਾ ਹੈ, ਸ਼ਲਾਘਾ ਕੀਤੀ ਹੈ। ਅਜਿਹੇ 'ਚ ਕੇਰਲ, ਬੰਗਾਲ ਅਤੇ ਓਡਿਸ਼ਾ ਦੀ ਜਨਤਾ ਚਾਹੁੰਦੀ ਹੈ ਕਿ ਬੀ.ਜੇ.ਪੀ. ਉਥੇ ਆਏ।
ਰਾਫੇਲ 'ਤੇ ਰਾਹੁਲ ਗਾਂਧੀ ਦੇ ਸੁਪਰੀਮ ਕੋਰਟ 'ਚ ਮੁਆਫੀ ਮੰਗਣ ਦੇ ਬਾਅਦ ਵੀ ਕਾਂਗਰਸ ਆਪਣੇ ਪ੍ਰਚਾਰ 'ਚ ਵਾਰ-ਵਾਰ ਇਸ ਨੂੰ ਲਿਆ ਰਹੀ ਹੈ। ਚੋਣਾਂ 'ਚ ਤੁਹਾਨੂੰ ਇਸ ਦਾ ਕੋਈ ਪ੍ਰਭਾਵ ਦਿਖਦਾ ਹੈ?
ਸਾਰਿਆਂ ਨੂੰ ਪਤਾ ਹੈ ਕਿ ਰੱਖਿਆ ਸੌਦੇ ਦੇ ਮਾਮਲੇ 'ਚ ਕਾਂਗਰਸ ਦੀ ਕੁੰਡਲੀ ਕਿਸ ਤਰ੍ਹਾਂ ਦੀ ਹੈ। ਕਾਂਗਰਸ ਦੀ ਸੰਸਕ੍ਰਿਤੀ 'ਜੇਕਰ ਸਾਨੂੰ ਦਲਾਲੀ ਨਹੀਂ ਤਾਂ ਡੀਲ ਨਹੀਂ' ਦੀ ਹੈ। ਉਨ੍ਹਾਂ ਲਈ ਰੱਖਿਆ ਸੌਦੇ ਏ.ਟੀ.ਐੱਮ. ਵਾਂਗ ਹਨ। ਇਹ ਮੈਂ ਨਹੀਂ ਕਹਿ ਰਿਹਾ ਹਾਂ, ਹਾਲ ਹੀ 'ਚ ਮੀਡੀਆ 'ਚ ਹੀ ਖਬਰ ਆਈ ਹੈ ਕਿ ਨਾਮਦਾਰ ਦੀ ਇਕ ਸਾਂਝੇਦਾਰ ਨੂੰ ਭਾਰਤ ਦੇ ਇਕ ਰੱਖਿਆ ਸੌਦੇ 'ਚ ਕੰਟ੍ਰੈਕਟ ਮਿਲਿਆ ਸੀ। ਸਪੱਸ਼ਟ ਹੈ ਕਿ ਉਹ ਸੋਚ ਹੀ ਨਹੀਂ ਸਕਦੇ ਕਿ ਕੋਈ ਡੀਲ ਬਿਨਾਂ ਕਮਿਸ਼ਨ ਦੇ ਵੀ ਹੋ ਸਕਦੀ ਹੈ।
ਜਿਥੇ ਤਕ ਚੋਣਾਂ 'ਚ ਪ੍ਰਭਾਵ ਦਾ ਸਵਾਲ ਹੈ ਤਾਂ ਹੁਣ ਸਾਫ ਹੈ ਕਿ ਕੀ ਹੋਣ ਵਾਲਾ ਹੈ-ਤਾਂ ਹੀ ਜਿਨ੍ਹਾਂ-ਜਿਨ੍ਹਾਂ ਨੂੰ ਕਾਂਗਰਸ ਨੇ ਜਨਤਾ ਦੇ ਡਰ ਤੋਂ ਲੁਕੋ ਕੇ ਰੱਖਿਆ ਸੀ, ਉਹ ਸਾਰੇ ਇਕ-ਇਕ ਕਰਕੇ ਬਾਹਰ ਆ ਰਹੇ ਹਨ ਅਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਚੋਣਾਂ 'ਚ ਆਪਣੀ 2014 ਤੋਂ ਵੀ ਮਾੜੀ ਹਾਲਤ ਵੇਖ ਉਹ ਆਪਣੀ ਬੌਖਲਾਹਟ ਲੁਕੋ ਨਹੀਂ ਪਾ ਰਹੇ ਹਨ।
ਕਾਂਗਰਸ ਦੋਸ਼ ਲਾ ਰਹੀ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਪੁਲਵਾਮਾ ਹਮਲੇ ਅਤੇ ਬਾਲਾਕੋਟ ਏਅਰਸਟ੍ਰਾਈਕ ਦਾ ਸਿਆਸੀ ਲਾਹਾ ਲੈ ਰਹੇ ਹਨ। ਉਹ ਚੋਣ ਕਮਿਸ਼ਨ ਵੀ ਮੁੱਦੇ ਨੂੰ ਲੈ ਕੇ ਜਾ ਚੁੱਕੇ ਹਨ। ਤੁਸੀਂ ਕਿਵੇਂ ਵੇਖਦੇ ਹੋ?
ਬਾਲਾਕੋਟ 'ਚ ਜੋ ਕੁਝ ਹੋਇਆ, ਉਹ 130 ਕਰੋੜ ਭਾਰਤੀਆਂ ਲਈ ਫਖਰ ਦਾ ਵਿਸ਼ਾ ਹੈ। ਬਾਲਾਕੋਟ 'ਚ ਜੋ ਕੁਝ ਹੋਇਆ, ਉਸ ਨੇ ਪੂਰੀ ਦੁਨੀਆ 'ਚ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਕੀ ਵਿਰੋਧੀ ਧਿਰ ਨੂੰ ਵੀ ਇਸ ਤਰ੍ਹਾਂ ਦੀ ਪ੍ਰਾਪਤੀ 'ਤੇ ਫਖਰ ਨਹੀਂ ਕਰਨਾ ਚਾਹੀਦਾ? ਮੈਨੂੰ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਅਤੇ ਗਰੁੱਪਾਂ ਨੂੰ ਭਾਰਤ ਦੀ ਪ੍ਰਾਪਤੀ 'ਤੇ ਫਖਰ ਹੋਣਾ ਚਾਹੀਦਾ। ਮੈਂ ਬਸ ਇਹੋ ਪੁੱਛਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਭਾਰਤ ਦੀ ਇਸ ਪ੍ਰਾਪਤੀ 'ਤੇ ਫਖਰ ਕਿਉਂ ਨਹੀਂ ਕਰਦੀ?
ਕੇਂਦਰ ਸਰਕਾਰ ਨੇ 5 ਸਾਲਾਂ 'ਚ ਜ਼ਮੀਨੀ ਪੱਧਰ 'ਤੇ ਕਈ ਕੰਮ ਕੀਤੇ। ਉੱਜਵਲਾ, ਪਖਾਨੇ, ਸਾਰਿਆਂ ਦੇ ਲਈ ਆਵਾਸ, ਕਿਸਾਨਾਂ ਲਈ 6000 ਰੁਪਏ ਦੀ ਮਦਦ ਵਰਗੀਆਂ ਸਹੂਲਤਾਂ ਦਿੱਤੀਆਂ ਪਰ ਇਹ ਚੋਣ ਮੁੱਦੇ ਨਹੀਂ ਬਣ ਸਕੇ। ਅਜਿਹਾ ਕਿਉਂ?
ਚੋਣ ਮੁੱਦੇ ਕੋਈ ਟੀ.ਵੀ. ਸਟੂਡੀਓ ਜਾਂ ਏ.ਸੀ. ਕਮਰਿਆਂ 'ਚ ਤੈਅ ਨਹੀਂ ਕੀਤੇ ਜਾਂਦੇ। ਮੁੱਦੇ ਜ਼ਮੀਨ 'ਤੇ ਅਤੇ ਲੋਕਾਂ ਵਿਚਕਾਰ ਤੈਅ ਹੁੰਦੇ ਹਨ। ਤੁਸੀਂ ਮੇਰੇ ਕੋਲੋਂ ਨਹੀਂ ਜਨਤਾ ਤੋਂ ਪੁੱਛੋ ਕਿ ਉਹ ਮੋਦੀ ਸਰਕਾਰ ਨੂੰ ਮੁੜ ਕਿਉਂ ਲਿਆਉਣਾ ਚਾਹੁੰਦੇ ਹਨ? ਤੁਹਾਨੂੰ ਲੋਕ ਜਵਾਬ ਦੇ ਦੇਣਗੇ। ਉਹ ਦੱਸਣਗੇ ਕਿ ਗਰੀਬਾਂ ਨੂੰ ਕਿੰਨੇ ਘਰ ਮਿਲੇ, ਕਿੰਨੇ ਪਖਾਨੇ ਬਣੇ, ਕਿਸ ਤਰ੍ਹਾਂ ਗਰੀਬਾਂ ਦੇ ਘਰਾਂ 'ਚ ਮੁਫਤ ਗੈਸ ਦਾ ਕਨੈਕਸ਼ਨ ਪਹੁੰਚਿਆ, ਲਗਭਗ ਸਾਰੇ ਘਰਾਂ 'ਚ ਬਿਜਲੀ ਪਹੁੰਚ ਗਈ। ਮੈਂ ਆਪਣੀ ਹਰ ਰੈਲੀ 'ਚ ਇਨ੍ਹਾਂ ਬੁਨਿਆਦੀ ਸਹੂਲਤਾਂ ਦੇ ਬਾਰੇ ਲੋਕਾਂ ਨੂੰ ਦੱਸਿਆ ਹੈ। ਮੇਰਾ ਕੋਈ ਵੀ ਭਾਸ਼ਣ ਤੁਸੀਂ ਚੁੱਕ ਕੇ ਵੇਖ ਲਵੋ। ਇਹ ਵਿਰੋਧੀ ਧਿਰ ਹੈ, ਜੋ ਇਨ੍ਹਾਂ ਮੁੱਦਿਆਂ 'ਤੇ ਗੱਲ ਨਹੀਂ ਕਰਦੀ। ਉਹ ਜਾਣਦੇ ਹਨ ਕਿ ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਕੋਲ ਕੁਝ ਵੀ ਬੋਲਣ ਲਈ ਨਹੀਂ ਹੈ। ਜਦੋਂ ਉਹ ਇਨ੍ਹਾਂ ਮੁੱਦਿਆਂ 'ਤੇ ਕੋਈ ਗੱਲ ਹੀ ਨਹੀਂ ਕਰਦੇ ਤਾਂ ਇਹ ਮੰਨ ਰਹੇ ਹਨ ਕਿ ਗਰੀਬਾਂ ਦੇ ਮੁੱਦੇ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੇ। ਜਦੋਂ ਤਕ ਇਨ੍ਹਾਂ 'ਤੇ ਵਿਵਾਦ ਪੈਦਾ ਨਹੀਂ ਹੁੰਦੇ ਤਾਂ ਇਹ ਹੈੱਡਲਾਈਨ ਵੀ ਨਹੀਂ ਬਣਦੇ। ਇਸ ਲਈ ਤੁਹਾਨੂੰ ਲੱਗਦਾ ਹੋਵੇਗਾ ਕਿ ਸਾਡੇ ਵਿਕਾਸ ਦੇ ਕੰਮ ਚੁਣਾਵੀ ਮੁੱਦੇ ਨਹੀਂ ਬਣੇ ਹਨ।
ਨਤੀਜਾ ਜੇਕਰ ਥੋੜ੍ਹਾ ਉਲਟ ਆਇਆ ਤਾਂ ਕੀ ਕਰੋਗੇ?
ਮੈਂ ਇਹ ਪੂਰੀ ਤਰ੍ਹਾਂ ਆਸਵੰਦ ਹੋ ਕੇ ਕਹਿ ਸਕਦਾ ਹਾਂ ਕਿ ਦੇਸ਼ ਨੇ ਇਕ ਮਜ਼ਬੂਤ ਸਰਕਾਰ ਦੇ ਲਈ ਫੈਸਲਾਕੁੰਨ ਵੋਟ ਦਿੱਤੀ ਹੈ ਅਤੇ ਅੱਗੇ ਵੀ ਦੇਵੇਗੀ। ਜਨਤਾ ਦਾ ਮੂਡ ਸਾਫ ਹੈ ਅਤੇ ਮੈਂਡੇਟ ਵੀ ਕਈ ਪਾਰਟੀਆਂ ਨੂੰ ਸਾਫ ਕਰ ਦੇਵੇਗਾ। ਭਾਰਤ ਦੀ ਜਨਤਾ ਦੇਸ਼ 'ਚ ਵੰਸ਼ਵਾਦ ਨਹੀਂ ਵਿਕਾਸਵਾਦ ਚਾਹੁੰਦੀ ਹੈ। ਵੰਡੋ ਤੇ ਰਾਜ ਕਰੋ ਦੀ ਨਹੀਂ, 'ਸਬਕਾ ਸਾਥ ਸਬਕਾ ਵਿਕਾਸ' ਦਾ ਵਿਜ਼ਨ ਚਾਹੁੰਦੀ ਹੈ। ਲੋਕ ਇੰਡੀਆ ਫਸਟ ਦੀ ਸਰਕਾਰ ਚਾਹੁੰਦੇ ਹਨ, ਫੈਮਿਲੀ ਫਸਟ ਦੀ ਨਹੀਂ। ਲੋਕ ਟੇਪ ਰਿਕਾਰਡ ਦੀ ਨਹੀਂ ਟ੍ਰੈਕ ਰਿਕਾਰਡ ਦੀ ਸਰਕਾਰ ਚਾਹੁੰਦੇ ਹਨ। ਲੋਕ ਰਾਜਨੀਤੀ ਨਹੀਂ ਰਾਸ਼ਟਰਨੀਤੀ ਚਾਹੁੰਦੇ ਹਨ।
ਵਾਰਾਣਸੀ 'ਚ ਤੁਸੀਂ ਇਤਿਹਾਸਕ ਰੋਡ ਸ਼ੋਅ ਤੇ ਸ਼ਕਤੀ ਪ੍ਰਦਰਸ਼ਨ ਕੀਤਾ, ਇਸ ਦਾ ਕਿੰਨੀਆਂ ਸੀਟਾਂ 'ਤੇ ਪ੍ਰਭਾਵ ਪਵੇਗਾ। ਕੀ ਪੁਰਵਾਂਚਲ ਦੀਆਂ 26 ਸੀਟਾਂ ਬੀ.ਜੇ.ਪੀ. ਦੀ ਝੋਲੀ 'ਚ ਆਉਣਗੀਆਂ?
ਵਾਰਾਣਸੀ 'ਚ ਰੋਡ ਸ਼ੋਅ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੇ ਵਿਲੱਖਣ ਸਮਰਥਨ ਲਈ ਧੰਨਵਾਦ ਦੇਣ ਦਾ ਇਕ ਜ਼ਰੀਆ ਸੀ। ਰੋਡ ਸ਼ੋਅ 'ਚ ਨਾ ਸਿਰਫ ਭਾਰੀ ਗਿਣਤੀ 'ਚ ਲੋਕਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ, ਸਗੋਂ ਇੰਝ ਲੱਗ ਰਿਹਾ ਸੀ ਕਿ ਪੂਰੀ ਕਾਸ਼ੀ ਆਪਣਾ ਪਿਆਰ ਅਤੇ ਮਮਤਾ ਦਿਖਾਉਣ ਲਈ ਸੜਕਾਂ 'ਤੇ ਸੀ।
ਜੇਕਰ ਸੀਟਾਂ ਦੇ ਲਿਹਾਜ ਨਾਲ ਗੱਲ ਕਰੀਏ ਤਾਂ ਯਕੀਨੀ ਤੌਰ 'ਤੇ ਪੁਰਵਾਂਚਲ 'ਚ ਭਾਜਪਾ ਕਲੀਨ ਸਵੀਪ ਕਰੇਗੀ। ਅਜਿਹਾ ਇਸ ਲਈ ਹੈ ਕਿਉਂਕਿ ਕਿਸੇ ਵੀ ਹੋਰ ਪਾਰਟੀ ਨੇ ਕਦੇ ਵੀ ਪੁਰਵਾਂਚਲ ਦੀਆਂ ਇੱਛਾਵਾਂ ਨੂੰ ਨਹੀਂ ਸਮਝਿਆ। ਇਹ ਭਾਜਪਾ ਹੀ ਹੈ ਜਿਸ ਨੇ ਨਾ ਸਿਰਫ ਤੇਜ਼ੀ ਨਾਲ ਪੁਰਵਾਂਚਲ ਦਾ ਵਿਕਾਸ ਯਕੀਨੀ ਕੀਤਾ ਹੈ, ਸਗੋਂ ਉਸਦੇ ਨਾਲ-ਨਾਲ ਬੁਨਿਆਦੀ ਢਾਂਚੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ 'ਚ ਵੀ ਸੁਧਾਰ ਕਰਨ ਦਾ ਕੰਮ ਕੀਤਾ ਹੈ। ਅਸੀਂ ਆਪਣੇ ਸੱਭਿਆਚਾਰਕ ਵਿਰਸੇ ਅਤੇ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ 'ਚ ਵੀ ਕਾਫੀ ਕੰਮ ਕੀਤੇ ਹਨ।
ਦੂਜੇ ਪਾਸੇ ਵਿਰੋਧੀ ਧਿਰ ਨੂੰ ਵਿਕਾਸ 'ਚ ਕੋਈ ਦਿਲਚਸਪੀ ਨਹੀਂ ਹੈ। ਜਦੋਂ ਉਨ੍ਹਾਂ ਦੇ ਵਰਕਰ ਹੀ ਇਕ-ਦੂਜੇ 'ਤੇ ਭਰੋਸਾ ਨਹੀਂ ਕਰਦੇ ਅਤੇ ਕਈ ਵਾਰ ਤਾਂ ਅਜਿਹਾ ਵੇਖਿਆ ਗਿਆ ਹੈ ਕਿ ਉਨ੍ਹਾਂ 'ਚ ਆਪਸ 'ਚ ਹੀ ਹੱਥੋਪਾਈ ਦੀ ਨੌਬਤ ਤਕ ਆ ਗਈ ਤਾਂ ਲੋਕ ਉਨ੍ਹਾਂ ’ਤੇ ਕਿਵੇਂ ਭਰੋਸਾ ਕਰ ਸਕਦੇ ਹਨ?
ਇਸ ਚੋਣ 'ਚ ਡਿਵੈੱਲਪਮੈਂਟ ਵਰਗੇ ਅਹਿਮ ਮੁੱਦੇ ਮੁੱਖ ਲੀਡ ਤੋਂ ਗਾਇਬ ਹਨ, ਜੋ ਬੀ.ਜੇ.ਪੀ. ਦੇ ਮੁੱਖ ਏਜੰਡੇ 'ਚ ਸ਼ਾਮਲ ਹੁੰਦੇ ਰਹੇ ਹਨ। ਕੀ ਹੁਣ ਉਸ 'ਤੇ ਭਰੋਸਾ ਨਹੀਂ ਰਿਹਾ?
ਸਿਰਫ ਭਾਜਪਾ ਹੀ ਇਕਮਾਤਰ ਅਜਿਹੀ ਪਾਰਟੀ ਹੈ, ਜੋ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੀ ਹੈ। ਕੋਈ ਹੋਰ ਪਾਰਟੀ ਵਿਕਾਸ ਦੀ ਗੱਲ ਹੀ ਨਹੀਂ ਕਰ ਰਹੀ। ਕੀ ਕਿਸੇ ਵਿਰੋਧੀ ਧਿਰ ਨੇ ਕਿਸਾਨਾਂ ਲਈ ਆਪਣਾ ਵਿਜ਼ਨ ਸਾਂਝਾ ਕੀਤਾ ਹੈ, ਕੀ ਕਿਸੇ ਵਿਰੋਧੀ ਧਿਰ ਨੇ ਇੰਡਸਟਰੀ ਲਈ ਆਪਣਾ ਵਿਜ਼ਨ ਸਾਂਝਾ ਕੀਤਾ ਹੈ, ਕੀ ਕਿਸੇ ਵਿਰੋਧੀ ਧਿਰ ਨੇ ਕੌਮੀ ਸੁਰੱਖਿਆ ਲਈ ਆਪਣਾ ਵਿਜ਼ਨ ਸਾਂਝਾ ਕੀਤਾ ਹੈ?
ਉਥੇ ਹੀ ਦੂਜੇ ਪਾਸੇ, ਸਾਡੇ ਨਾਲ ਵਿਕਾਸ ਦਾ ਪਿਛਲਾ ਟ੍ਰੈਕ-ਰਿਕਾਰਡ ਤਾਂ ਹੈ ਹੀ, ਸਗੋਂ ਨਾਲ ਹੀ ਨਾਲ ਅਸੀਂ ਭਵਿੱਖ ਦੇ ਲਈ ਆਪਣੇ ਵਿਜ਼ਨ ਦੇ ਨਾਲ ਲੋਕਾਂ 'ਚ ਜਾ ਰਹੇ ਹਾਂ।
ਅੱਜ ਮੈਂ ਤੁਹਾਨੂੰ ਅਜਿਹੇ ਅੰਕੜੇ ਦੇ ਰਿਹਾ ਹਾਂ, ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਮੇਰੀ ਸਰਕਾਰ ਦੇ ਕੰਮ ਕਰਨ ਦੀ ਰਫਤਾਰ ਬਾਰੇ ਪਤਾ ਲੱਗੇਗਾ। ਹਰ ਰੋਜ਼ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਲਗਭਗ 70 ਹਜ਼ਾਰ ਮਾਤਾਵਾਂ-ਭੈਣਾਂ ਨੂੰ ਮੁਫਤ ਗੈਸ ਕੁਨੈਕਸ਼ਨ ਮਿਲ ਰਹੇ ਹਨ। ਹਰ ਰੋਜ਼ ਸੌਭਾਗਿਆ ਯੋਜਨਾ ਤਹਿਤ ਲਗਭਗ 50 ਹਜ਼ਾਰ ਘਰਾਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾ ਰਹੇ ਹਨ। ਹਰ ਰੋਜ਼ ਜਨ-ਧਨ ਯੋਜਨਾ ਤਹਿਤ ਕਰੀਬ 2 ਲੱਖ 10 ਹਜ਼ਾਰ ਗਰੀਬਾਂ ਦੇ ਬੈਂਕ ਅਕਾਊਂਟ ਖੁੱਲ੍ਹੇ ਹਨ। ਹਰ ਰੋਜ਼ ਮੁਦਰਾ ਯੋਜਨਾ ਤਹਿਤ ਲਗਭਗ 1 ਲੱਖ 15 ਹਜ਼ਾਰ ਸਨਅਤਕਾਰਾਂ ਨੂੰ ਲੋਨ ਦਿੱਤੇ ਗਏ ਹਨ।
ਹਰ ਰੋਜ਼ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 11 ਹਜ਼ਾਰ ਤੋਂ ਜ਼ਿਆਦਾ ਘਰ ਬਣ ਰਹੇ ਹਨ ਅਤੇ ਉਨ੍ਹਾਂ ਦੀਆਂ ਚਾਬੀਆਂ ਸੌਂਪੀਆਂ ਜਾ ਰਹੀਆਂ ਹਨ। ਹਰ ਰੋਜ਼ ਸਵੱਛ ਭਾਰਤ ਮਿਸ਼ਨ ਤਹਿਤ 60 ਹਜ਼ਾਰ ਤੋਂ ਜ਼ਿਆਦਾ ਪਖਾਨਿਆਂ ਦੀ ਉਸਾਰੀ ਹੋ ਰਹੀ ਹੈ। ਹਰ ਰੋਜ਼ ਲਗਭਗ 1 ਲੱਖ 30 ਹਜ਼ਾਰ ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਦਿੱਤੇ ਜਾ ਰਹੇ ਹਨ। ਹਰ ਰੋਜ਼ ਆਯੁਸ਼ਮਾਨ ਭਾਰਤ ਯੋਜਨਾ ਤਹਿਤ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਮੁਫਤ ਇਲਾਜ ਹੋ ਰਿਹਾ ਹੈ।
ਹਰ ਰੋਜ਼ ਡੀ.ਬੀ.ਟੀ. ਤਹਿਤ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਸਿੱਧੇ ਗਰੀਬਾਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਹੋ ਰਹੀ ਹੈ। ਹਰ ਰੋਜ਼ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤੋਂ ਕਰੀਬ-ਕਰੀਬ ਇਕ ਲੱਖ 5 ਹਜ਼ਾਰ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
ਯੂ. ਪੀ. 'ਚ ਸਪਾ-ਬਸਪਾ ਗਠਜੋੜ ਦਾ ਕਿੰਨਾ ਅਸਰ ਪਵੇਗਾ?
ਹਾਂ, ਲੋਕਾਂ 'ਤੇ ਇਸ ਗਠਜੋੜ ਦਾ ਅਸਰ ਪੈ ਰਿਹਾ ਹੈ। ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਅਜਿਹੀ ਪਾਰਟੀਆਂ, ਜੋ ਹੁਣ ਤਕ ਜਾਤੀਵਾਦ ਦੇ ਨਾਂ 'ਤੇ ਸਿਆਸਤ ਕਰਦੀਆਂ ਆਈਆਂ ਹਨ, ਨੂੰ ਸਬਕ ਸਿਖਾਉਣਾ ਹੈ। ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਜਿਹੜੇ ਲੋਕਾਂ ਨੇ ਗਰੀਬਾਂ ਦੇ ਨਾਂ 'ਤੇ ਸਿਆਸਤ ਕਰਕੇ ਆਪਣੇ ਮਹੱਲ ਬਣਾਏ ਹਨ, ਨੂੰ ਸਬਕ ਸਿਖਾਉਣਾ ਹੈ। ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਜੋ ਲੋਕ ਇਕ-ਦੂਜੇ ਦੇ ਵਿਰੁੱਧ ਲੜਦੇ ਸਨ, ਹੁਣ ਆਪਣੀ ਹਾਰ ਵੇਖ ਕੇ ਉਨ੍ਹਾਂ ਨੇ ਗਠਜੋੜ ਕਰ ਲਿਆ, ਅਜਿਹੇ ਮੌਕਾਪ੍ਰਸਤ ਲੋਕਾਂ ਨੂੰ ਸਬਕ ਸਿਖਾਉਣਾ ਹੈ। ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਜਿਹੜੇ ਲੋਕਾਂ ਨੇ ਕਦੇ ਵਿਕਾਸ ਨਹੀਂ ਕੀਤਾ, ਉਨ੍ਹਾਂ ਨੂੰ ਸਬਕ ਸਿਖਾਉਣਾ ਹੈ।
ਪੰਜਾਬ ਤੇ ਹਰਿਆਣਾ ਦੀਆਂ ਆਪਣੀਆਂ ਸਮੱਸਿਆਵਾਂ ਹਨ। ਪੰਜਾਬ 'ਚ ਇਕ ਪਾਸੇ ਖਾਲਿਸਤਾਨੀ ਕਦੇ-ਕਦੇ ਮੂੰਹ ਉਠਾਉਂਦੇ ਦਿਸਦੇ ਹਨ। ਖਾਸ ਤੌਰ 'ਤੇ ਵਿਦੇਸ਼ਾਂ ਦੀ ਧਰਤੀ 'ਤੇ ਸ਼ਹਿ ਮਿਲਣ 'ਤੇ। ਅਜਿਹੇ 'ਚ ਕੇਂਦਰ ਸਰਕਾਰ ਦੀ ਕੀ ਯੋਜਨਾ ਹੈ?
ਭਾਰਤ ਵਿਰੋਧੀ ਸਰਗਰਮੀਆਂ ਲਈ ਅੱਤਵਾਦ ਅਤੇ ਵੱਖਵਾਦੀ ਅਨਸਰਾਂ ਦੀ ਵਰਤੋਂ ਪਾਕਿਸਤਾਨ ਦੀ ਪੁਰਾਣੀ ਨੀਤੀ ਰਹੀ ਹੈ। ਅੱਜ ਵੀ ਸਾਡਾ ਗੁਆਂਢੀ ਆਪਣੀ ਧਰਤੀ 'ਤੇ ਹੀ ਨਹੀਂ, ਸਗੋਂ ਬਹੁਤ ਸਾਰੇ ਦੇਸ਼ਾਂ 'ਚ ਖਾਸ ਕਰਕੇ ਪੱਛਮੀ ਦੇਸ਼ਾਂ 'ਚ, ਭਾਰਤ ਵਿਰੋਧੀ ਅਨਸਰਾਂ ਨੂੰ ਬੜ੍ਹਾਵਾ ਦੇ ਰਿਹਾ ਹੈ। ਇਹ ਹੋਰ ਵੀ ਮੰਦਭਾਗਾ ਵਿਸ਼ਾ ਹੈ ਕਿ ਭਾਰਤ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਕੁਝ ਦੇਸ਼ਾਂ ਦੇ ਸਿਆਸਤਦਾਨਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਉਹ ਇਨ੍ਹਾਂ ਸਰਗਰਮੀਆਂ ਤੋਂ ਬਾਜ਼ ਆਏ। ਦੂਜੇ ਦੇਸ਼ਾਂ 'ਚ, ਜਿਥੇ ਇਹ ਅਨਸਰ ਹਰਕਤ 'ਚ ਆਉਂਦੇ ਹਨ, ਅਸੀਂ ਉਨ੍ਹਾਂ ਸਰਕਾਰਾਂ ਨੂੰ ਇਸ ਬਾਰੇ ਚੌਕਸ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦਾ ਸਹਿਯੋਗ ਮਿਲਦਾ ਹੈ।
ਸਿੱਖ ਭਾਈਚਾਰੇ ਦੀ ਬਹਾਦੁਰੀ ਅਤੇ ਦੇਸ਼ ਭਗਤੀ ਦੀ ਪ੍ਰੰਪਰਾ ਸਾਡੇ ਵਿਰਸੇ ਦਾ ਇਕ ਅਤੁੱਟ ਹਿੱਸਾ ਹੈ। ਇਤਿਹਾਸ 'ਚ ਇਸ ਸਾਲ ਦੀ ਵਿਸ਼ੇਸ਼ ਅਹਿਮੀਅਤ ਹੈ, ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਇਕ ਬਹੁਤ ਪੁਰਾਣੀ ਮੰਗ, ਭਾਵ ਕਰਤਾਰਪੁਰ ਲਾਂਘੇ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ ਅਤੇ ਇਸ ਬਾਰੇ 'ਚ ਪਾਕਿਸਤਾਨ ਨਾਲ ਮਾਹਿਰਾਂ ਦੇ ਪੱਧਰ 'ਤੇ ਗੱਲਬਾਤ ਕੀਤੀ ਜਾ ਰਹੀ ਹੈ। ਆਸ ਜਤਾਈ ਜਾ ਰਹੀ ਹੈ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਪਾਕਿਸਤਾਨ ਕਰਤਾਰਪੁਰ ਦੇ ਵਿਸ਼ੇ 'ਚ ਸਹੀ ਮਾਇਨਿਆਂ 'ਚ ਹਾਂ-ਪੱਖੀ ਕਦਮ ਚੁੱਕੇਗਾ।
2022 ਦਾ ਭਾਰਤ, ਨਵਾਂ ਭਾਰਤ ਤੁਹਾਡਾ ਵਿਜ਼ਨ ਹੈ? ਪਹਿਲੇ ਪੰਜ ਸਾਲਾਂ 'ਚ ਇਸ ਦਿਸ਼ਾ 'ਚ ਕਿੰਨਾ ਕੰਮ ਹੋਇਆ ਹੈ? 2022 ਤੋਂ ਅੱਗੇ ਦੇ ਭਾਰਤ ਦੇ ਵਿਜ਼ਨ 'ਤੇ ਵੀ ਕਿਹੜੇ ਕੰਮ ਸ਼ੁਰੂ ਹਨ? ਕੁਝ ਉਸ ਦੇ ਬਾਰੇ 'ਚ ਦੱਸੋ?
2022 ਦਾ ਭਾਰਤ, ਨਵਾਂ ਭਾਰਤ. . . ਇਹ ਮੇਰਾ ਨਹੀਂ ਸਗੋਂ 130 ਕਰੋੜ ਭਾਰਤ ਵਾਸੀਆਂ ਦਾ ਵਿਜ਼ਨ ਹੈ
ਮੇਰਾ ਮੰਨਣਾ ਹੈ ਕਿ 2022 ਦਾ ਨਵਾਂ ਭਾਰਤ. . ਸਾਡੇ ਦੇਸ਼ ਦੇ ਕਰੋੜਾਂ ਨੌਜਵਾਨਾਂ ਦੀਆਂ ਉਮੀਦਾਂ, ਆਸਾਂ, ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੈ।
2022 ਦਾ ਨਵਾਂ ਭਾਰਤ. . . ਮਹਿਲਾਵਾਂ ਦੀ ਅਗਵਾਈ 'ਚ ਹੋ ਰਹੇ ਵਿਕਾਸ ਦਾ ਭਾਰਤ ਹੈ।
2022 ਦਾ ਨਵਾਂ ਭਾਰਤ. . .ਸਮ੍ਰਿੱਧ ਅਤੇ ਮਜ਼ਬੂਤ ਕਿਸਾਨ ਦਾ ਭਾਰਤ ਹੈ।
2022 ਦਾ ਨਵਾਂ ਭਾਰਤ. . ਹਰ ਗਰੀਬ ਦੇ ਘਰ ਛੱਤ, ਹਰ ਗਰੀਬ ਦਾ ਆਪਣਾ ਬੈਂਕ ਖਾਤਾ, ਹਰ ਗਰੀਬ ਦਾ ਇੰਸ਼ੋਰੈਂਸ, ਇਸ ਦਾ ਭਾਰਤ ਹੈ।
ਅਤੇ 2022 ਦੇ ਇਸ ਨਵੇਂ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਪਿਛਲੇ 5 ਸਾਲਾਂ 'ਚ ਨਿਤ ਦਿਨ ਕੰਮ ਕੀਤਾ ਹੈ।
ਅਸੀਂ ਆਪਣੇ ਸੰਕਲਪ ਪੱਤਰ 'ਚ 2022 ਤੋਂ ਅੱਗੇ ਲਈ ਵੀ ਆਪਣਾ ਵਿਜ਼ਨ ਅਤੇ ਉਸ 'ਤੇ ਚਲ ਰਹੇ ਕੰਮਾਂ ਬਾਰੇ ਦੱਸਿਆ ਹੈ।
ਨੌਜਵਾਨਾਂ 'ਚ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਭਾਜਪਾ ਦੀ ਨਵੀਂ ਸਰਕਾਰ ਸਟਾਰਟਅਪ ਖੇਤਰ 'ਚ 20,000 ਕਰੋੜ ਰੁਪਏ ਨਿਵੇਸ਼ ਕਰੇਗੀ. .
ਦੇਸ਼ 'ਚ 2024 ਤਕ 50,000 ਸਟਾਰਟਅਪ ਸ਼ੁਰੂ ਹੋਣਗੇ।
ਅਸੀਂ ਭਾਰਤ ਦੀ ਅਰਥਵਿਵਸਥਾ ਨੂੰ 2025 ਤਕ 5 ਟ੍ਰਿਲੀਅਨ ਡਾਲਰ ਬਣਾਉਣ ਦਾ ਟੀਚਾ ਮਿੱਥਿਆ ਹੈ।
2024 ਤਕ ਅਸੀਂ ਇਨਫਰਾਸਟ੍ਰਕਚਰ ਦੇ ਖੇਤਰ 'ਚ 100 ਲੱਖ ਕਰੋੜ ਦਾ ਪੂੰਜੀਗਤ ਨਿਵੇਸ਼ ਕਰਾਂਗੇ।
2024 ਤਕ ਅਸੀਂ ਹਰ ਘਰ ਨੂੰ ਟੂਟੀ ਰਾਹੀਂ ਪਾਣੀ ਮੁਹੱਈਆ ਕਰਵਾਉਣ ਦਾ ਸੰਕਲਪ ਕੀਤਾ ਹੈ।
ਸਾਡੇ ਪਾਠਕਾਂ ਲਈ ਜਾਣਨਾ ਜ਼ਰੂਰੀ ਹੈ ਕਿ ਜੇਕਰ ਪੰਜਾਬ ਤੁਹਾਨੂੰ ਸਮਰਥਨ ਦਿੰਦਾ ਹੈ ਤਾਂ ਪੰਜਾਬ ਲਈ ਤੁਹਾਡਾ ਕੀ ਵਿਜ਼ਨ ਹੈ?
ਪੰਜਾਬ 'ਚ ਪੰਜ ਪਵਿੱਤਰ ਨਦੀਆਂ ਵਹਿੰਦੀਆਂ ਹਨ। ਇਸੇ ਪੰਜਾਬ 'ਚ ਅਸੀਂ ਵਿਕਾਸ ਦੀ ਪੰਚਧਾਰਾ ਵੀ ਵਹਾਉਣਾ ਚਾਹੁੰਦੇ ਹਾਂ। ਇਹ ਵਿਕਾਸ ਦੀ ਪੰਚਧਾਰਾ ਕੀ ਹੈ? ਤੁਸੀਂ ਸੁਣਿਆ ਹੋਵੇਗਾ-ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਨੂੰ ਸੁਣਵਾਈ।
ਪੰਜਾਬ ਜਾਣਿਆ ਜਾਂਦਾ ਹੈ ਆਪਣੇ ਮਿਹਨਤਕਸ਼ ਕਿਸਾਨ, ਵੀਰ ਜਵਾਨ ਅਤੇ ਤੇਜਸਵੀ ਯੁਵਾਵਾਂ ਲਈ। ਇਨ੍ਹਾਂ ਤਿੰਨਾਂ ਲਈ ਸਾਡੇ ਕੋਲ ਵਿਸ਼ੇਸ਼ ਵਿਜ਼ਨ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਦੇ ਪਹਿਲੇ ਗ੍ਰੀਨ ਰੈਵੋਲਿਊਸ਼ਨ ਦਾ ਕੇਂਦਰ ਪੰਜਾਬ ਸੀ। ਉਸ ਗ੍ਰੀਨ ਰੈਵੋਲਿਊਸ਼ਨ ਕਾਰਨ ਹੀ ਦੇਸ਼ ਖੁਰਾਕ ਮਾਮਲੇ 'ਚ ਆਤਮਨਿਰਭਰਤਾ ਵਲ ਵਧਿਆ। ਹੁਣ ਅਸੀਂ ਦੂਜੇ ਗ੍ਰੀਨ ਰੈਵੋਲਿਊਸ਼ਨ ਦੀ ਤਿਆਰੀ ਕਰ ਰਹੇ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਇਹ ਰੈਵੋਲਿਊਸ਼ਨ ਵੀ ਪੰਜਾਬ ਤੋਂ ਹੀ ਸ਼ੁਰੂ ਹੋਵੇਗਾ। ਅਸੀਂ ਇਸੇ ਵਿਜ਼ਨ ਤਹਿਤ ਪੰਜਾਬ 'ਚ ਕੋਲਡ ਚੇਨ ਦੀ ਸਥਾਪਨਾ ਕਰ ਰਹੇ ਹਾਂ। ਮੈਗਾਫੂਡ ਪਾਰਕ ਲਾ ਰਹੇ ਹਾਂ, ਛੋਟੇ-ਵੱਡੇ ਸਨਅਤ ਸਥਾਪਿਤ ਕਰ ਰਹੇ ਹਾਂ। ਪੰਜਾਬ 'ਚ ਤੇਜ਼ੀ ਨਾਲ ਇਨਫਰਾਸਟ੍ਰਕਚਰ ਦਾ ਵਿਕਾਸ ਕਰ ਰਹੇ ਹਾਂ। ਅਸੀਂ ਐਗ੍ਰੀ-ਰੂਰਲ ਇਨਫਰਾਸਟ੍ਰਕਚਰ ਨੂੰ ਵਿਕਸਿਤ ਕਰਨ ਲਈ 25 ਲੱਖ ਕਰੋੜ ਦਾ ਨਿਵੇਸ਼ ਦਾ ਪਲਾਨ ਬਣਾਇਆ ਹੈ, ਇਸ ਨਾਲ ਖੇਤੀ ਪ੍ਰਧਾਨ ਪੰਜਾਬ ਨੂੰ ਬਹੁਤ ਲਾਭ ਮਿਲਣ ਵਾਲਾ ਹੈ। ਪੰਜਾਬ ਦਾ ਕਿਸਾਨ ਤਾਂ ਪੂਰੇ ਦੇਸ਼ ਦਾ ਅੰਨਦਾਤਾ ਹੈ ਪਰ ਕਾਂਗਰਸ ਨੇ ਉਸ ਨੂੰ ਧੋਖਾ ਦਿੱਤਾ ਹੈ। ਕਾਂਗਰਸ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਲਈ ਕਈ ਵਾਅਦੇ ਕੀਤੇ ਜਿਨ੍ਹਾਂ 'ਚ ਖੇਤੀ ਕਰਜ਼ਾ ਮੁਆਫ ਕਰਨਾ ਵੀ ਸੀ। ਕਾਂਗਰਸ ਨੇ ਕਰਜ਼ਾ ਮੁਆਫੀ ਦੇ ਨਾਂ 'ਤੇ ਜੋ ਢੌਂਗ ਕੀਤਾ ਹੈ, ਇਸ ਨਾਲ ਪੰਜਾਬ ਦਾ ਕਿਸਾਨ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਪਰ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਦਾ ਕੰਮ ਕਰਾਂਗੇ।
ਸਾਡੇ ਜਵਾਨਾਂ ਨੂੰ ਅਸੀਂ ਨਾ ਸਿਰਫ ਬੁਲੇਟ ਪਰੂਫ ਜੈਕੇਟਾਂ ਅਤੇ ਆਧੁਨਿਕ ਹਥਿਆਰ ਦੇ ਰਹੇ ਹਾਂ ਸਗੋਂ ਉਨ੍ਹਾਂ ਦਾ ਮੋਰਲ ਵੀ ਉੱਚਾ ਚੁੱਕ ਰਹੇ ਹਾਂ। ਦਹਾਕਿਆਂ ਤੋਂ ਲੰਬਿਤ ਓ.ਆਰ.ਓ.ਪੀ. ਦੀ ਮੰਗ ਨੂੰ ਵੀ ਅਸੀਂ ਪੂਰਾ ਕੀਤਾ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਮਿਹਨਤੀ ਹਨ। ਰਿਸਕ ਲੈਣਾ ਅਤੇ ਬਿਜ਼ਨੈੱਸ ਖੜ੍ਹਾ ਕਰਨਾ ਤਾਂ ਪੰਜਾਬੀਆਂ ਦੇ ਸੁਭਾਅ 'ਚ ਹੈ। ਉਨ੍ਹਾਂ ਨੇ ਪੂਰੀ ਦੁਨੀਆ 'ਚ ਖੁਦ ਨੂੰ ਸਾਬਤ ਕੀਤਾ ਹੈ। ਇਥੇ ਅਸੀਂ ਉਨ੍ਹਾਂ ਲਈ ਕਈ ਯੋਜਨਾਵਾਂ ਲਿਆਏ ਹਾਂ। ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ ਵਰਗੇ ਪ੍ਰੋਗਰਾਮਾਂ ਜ਼ਰੀਏ ਉਨ੍ਹਾਂ ਦੇ ਹੁਨਰ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਸਟਾਰਟਅਪ ਯੋਜਨਾ ਤਹਿਤ 50 ਲੱਖ ਰੁਪਏ ਤਕ ਦਾ ਕਰਜ਼ਾ ਬਿਨਾਂ ਕਿਸੇ ਗਵਾਹੀ ਦੇ ਦੇਣਾ ਸਾਡੇ ਵਿਜ਼ਨ ਦਾ ਹੀ ਹਿੱਸਾ ਹੈ।
ਅੰਮ੍ਰਿਤਸਰ ਦੇ ਨਾਮੀ ਹੋਟਲ 'ਚ ਤੈਰਾਕੀ ਕਰਦੇ ਸਮੇਂ ਔਰਤ ਦੀ ਮੌਤ (ਵੀਡੀਓ)
NEXT STORY